
ਬਿਲ ਬਾਰੇ ਅਸੀਂ ਭਾਜਪਾ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ : ਰਜਿੰਦਰ ਚੌਧਰੀ
ਲਖਨਊ: ਮਹਿਲਾ ਰਿਜ਼ਰਵੇਸ਼ਨ ਬਿਲ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਦੀਆਂ ਚਰਚਾਵਾਂ ਵਿਚਕਾਰ ਸਮਾਜਵਾਦੀ ਪਾਰਟੀ (ਸਪਾ) ਨੇ ਮੰਗਲਵਾਰ ਨੂੰ ਜਾਣਨਾ ਚਾਹਿਆ ਕਿ ਇਸ ਵਿਚ ਪਛੜੀਆਂ ਜਾਤੀਆਂ, ਆਦਿਵਾਸੀਆਂ ਅਤੇ ਦਲਿਤਾਂ ਨੂੰ ਕਿੰਨਾ ਰਾਖਵਾਂਕਰਨ ਦਿਤਾ ਜਾਵੇਗਾ।
ਸੰਪਰਕ ਕਰਨ ’ਤੇ ਸਮਾਜਵਾਦੀ ਪਾਰਟੀ ਦੇ ਮੁੱਖ ਬੁਲਾਰੇ ਰਾਜਿੰਦਰ ਚੌਧਰੀ ਨੇ ਕਿਹਾ, ‘‘ਜਿੱਥੋਂ ਤਕ ਇਸ (ਮਹਿਲਾ ਰਿਜ਼ਰਵੇਸ਼ਨ) ਬਿਲ ਦਾ ਸਵਾਲ ਹੈ, ਸਾਡਾ ਸਟੈਂਡ ਇਹ ਹੈ ਕਿ ਇਸ ਬਿਲ ਦੇ ਤਹਿਤ ਪਛੜੀਆਂ ਸ਼੍ਰੇਣੀਆਂ ਨੂੰ ਕਿੰਨਾ ਰਿਜ਼ਰਵੇਸ਼ਨ ਮਿਲੇਗਾ। ਜਦੋਂ ਇਹ ਬਿਲ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਨੇ ਪੇਸ਼ ਕੀਤਾ ਸੀ ਤਾਂ ਅਸੀਂ ਇਸ ਦਾ ਵਿਰੋਧ ਕੀਤਾ ਸੀ ਅਤੇ ਅੱਜ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਨੂੰ ਲਿਆ ਰਹੀ ਹੈ ਤਾਂ ਅਸੀਂ (ਉਨ੍ਹਾਂ ਨਾਲ) ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ।’’
ਚੌਧਰੀ ਨੇ ਕਿਹਾ, ‘‘ਅਸੀਂ ਔਰਤਾਂ ਲਈ ਨਿਆਂ ਚਾਹੁੰਦੇ ਹਾਂ ਅਤੇ ਉਨ੍ਹਾਂ ਲਈ ਰਾਖਵਾਂਕਰਨ ਵੀ ਚਾਹੁੰਦੇ ਹਾਂ। ਪਰ ਪਿਛੜੇ ਵਰਗਾਂ, ਆਦਿਵਾਸੀਆਂ ਅਤੇ ਦਲਿਤਾਂ ਲਈ ਕਿੰਨਾ ਰਾਖਵਾਂਕਰਨ ਹੋਵੇਗਾ?’’
ਉਨ੍ਹਾਂ ਇਹ ਵੀ ਕਿਹਾ ਕਿ ਬਿਲ ’ਚ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹੋਰ ਪੱਛੜੀਆਂ ਜਾਤੀਆਂ (ਓ.ਬੀ.ਸੀ.), ਦਲਿਤਾਂ, ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ (ਐੱਸ.ਸੀ.-ਐੱਸ.ਟੀ.) ਭਾਈਚਾਰਿਆਂ ਦੀਆਂ ਔਰਤਾਂ ਲਈ ਰਾਖਵਾਂਕਰਨ ਦਾ ਕੋਟਾ ਕੀ ਹੋਵੇਗਾ।
ਚੌਧਰੀ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਫੈਸਲਾ ਦਿੱਲੀ ’ਚ ਹੀ ਲਿਆ ਜਾਵੇਗਾ, ਕਿਉਂਕਿ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਅਤੇ ਡਿੰਪਲ ਯਾਦਵ ਦਿੱਲੀ ’ਚ ਹਨ।
2009 ’ਚ ਤਤਕਾਲੀ ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਮਹਿਲਾ ਰਿਜ਼ਰਵੇਸ਼ਨ ਬਿਲ ਦਾ ਵਿਰੋਧ ਕੀਤਾ ਸੀ, ਅਤੇ ਇਸ ਨੂੰ ਉਨ੍ਹਾਂ ਆਗੂਆਂ ਵਿਰੁਧ ‘ਸਾਜ਼ਸ਼’ ਕਰਾਰ ਦਿਤਾ ਸੀ ਜੋ ‘ਸਖਤ ਸੰਘਰਸ਼’ ਰਾਹੀਂ ਲੋਕ ਸਭਾ ਵਿਚ ਪਹੁੰਚੇ ਸਨ। ਉਸ ਸਮੇਂ ਸਪਾ ਬਾਹਰੋਂ ਸਰਕਾਰ ਦਾ ਸਮਰਥਨ ਕਰ ਰਹੀ ਸੀ।
ਮੁਲਾਇਮ ਸਿੰਘ ਯਾਦਵ ਦੇ ਬਿਆਨ ਦਾ ਸਮਰਥਨ ਕਰਦੇ ਹੋਏ, ਜਨਤਾ ਦਲ ਯੂਨਾਈਟਿਡ (ਜੇ.ਡੀ.-ਯੂ.) ਦੇ ਨੇਤਾ ਸ਼ਰਦ ਯਾਦਵ ਨੇ ਦਲੀਲ ਦਿਤੀ ਸੀ ਕਿ ਜੇਕਰ ਬਿਲ ਨੂੰ ਬਿਨਾਂ ਸਹਿਮਤੀ ਤੋਂ ਪਾਸ ਕੀਤਾ ਗਿਆ, ਤਾਂ ਇਹ ‘ਜ਼ਬਰਦਸਤੀ ਜ਼ਹਿਰ’ ਦੇ ਬਰਾਬਰ ਹੋਵੇਗਾ।