ਸਧਾਰਨ ਵਿਅਕਤੀ ਦੇ ਪੁੱਤ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਮਿਲਿਆ ਪਰ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਿਹਾ: ਭਗਵੰਤ ਮਾਨ

By : KOMALJEET

Published : Jan 20, 2023, 7:12 pm IST
Updated : Jan 20, 2023, 7:12 pm IST
SHARE ARTICLE
CM BHagwant Mann
CM BHagwant Mann

ਮੁੱਖ ਮੰਤਰੀ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ

ਉਰਦੂ ਦੀ ਸ਼ੇਅਰੋ-ਸ਼ਾਇਰੀ ਤੋਂ ਬਿਨਾਂ ਮਨਪ੍ਰੀਤ ਬਾਦਲ ਕੋਲੋਂ ਪੰਜਾਬ ਤੇ ਭਾਜਪਾ ਦੇ ਭਲੇ ਲਈ ਕੱਖ ਨਹੀਂ ਹੋਣਾ

ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਤੇ ਲੋਕ ਵਿਰੋਧੀ ਪੈਂਤੜਾ ਅਖਤਿਆਰ ਕਰਨ ਉਤੇ ਨਿਸ਼ਾਨਾ ਸਾਧਿਆ


ਅਬੋਹਰ (ਫਾਜ਼ਿਲਕਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸਧਾਰਨ ਵਿਅਕਤੀ ਦੇ ਪੁੱਤ ਨੂੰ ਮੁੱਖ ਮੰਤਰੀ ਵਜੋਂ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਰਵਾਇਤੀ ਸਿਆਸੀ ਪਾਰਟੀਆਂ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਜਿਸ ਕਰਕੇ ਉਹ ਉਨ੍ਹਾਂ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ।

ਅੱਜ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਾਸੀਆਂ ਨੂੰ ਮੁਆਵਜ਼ਾ ਵੰਡਣ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਪੰਜਾਬ ਤੇ ਲੋਕ ਵਿਰੋਧੀ ਸਟੈਂਡ ਕਰਕੇ ਸੂਬੇ ਦੇ ਲੋਕ ਹੁਣ ਇਨ੍ਹਾਂ ਪਾਰਟੀਆਂ ਉਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਤੇ ਬਹਾਦਰ ਲੋਕਾਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਰਕੇ ਇਹ ਪਾਰਟੀਆਂ ਹੁਣ ਬੁਖਲਾਹਟ ਵਿਚ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਨੇਤਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੁਣ ਆਪਸ ਵਿਚ ਸਾਂਝ-ਭਿਆਲੀ ਪਾ ਰਹੀਆਂ ਹਨ।

ਮੁੱਖ ਮੰਤਰੀ ਨੇ ਇਨ੍ਹਾਂ ਆਗੂਆਂ ਉਤੇ ਤੰਜ ਕੱਸਦਿਆਂ ਕਿਹਾ, “ਪਹਿਲਾਂ ਇਹ ਨੇਤਾ ਜਿੱਥੇ ਵੀ ਜਾਂਦੇ ਸਨ ਤਾਂ ਇਨ੍ਹਾਂ ਦਾ ਹਾਰ ਪਾ ਕੇ ਸਵਾਗਤ ਹੁੰਦਾ ਸੀ ਪਰ ਹੁਣ ਚੋਣਾਂ ਵਿਚ ਹਰਾ ਕੇ ਇਨ੍ਹਾਂ ਦਾ ‘ਸਵਾਗਤ’ ਕੀਤਾ ਜਾਂਦਾ ਹੈ।”  ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਸ ਵਾਰ ਸਧਾਰਨ ਘਰਾਂ ਦੇ ਪੁੱਤ-ਧੀਆਂ ਨੂੰ ਆਪਣੇ ਨੁਮਾਇੰਦੇ ਚੁਣਿਆ ਜੋ ਲਗਨ ਤੇ ਸਮਰਪਿਤ ਭਾਵਨਾ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ ਜਦਕਿ ਇਸ ਦੇ ਉਲਟ ਇਹ ਰਵਾਇਤੀ ਪਾਰਟੀਆਂ ਸੱਤਾ ਵਿਚ ਹੁੰਦੀਆਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੂਬੇ ਦੇ ਵਸੀਲਿਆਂ ਦੀ ਅੰਨ੍ਹੇਵਾਹ ਲੁੱਟ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਜਿਸ ਵੇਲੇ ਸੂਬਾ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨੌਜਵਾਨਾਂ ਦੇ ਧੜਾ-ਧੜ ਵਿਦੇਸ਼ ਜਾਣ ਸਮੇਤ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਤਾਂ ਇਹ ਲੀਡਰ ਗੈਰ-ਕਾਨੂੰਨੀ ਢੰਗ ਨਾਲ ਆਪਣੀ ਤਿਜੋਰੀਆਂ ਭਰਨ ਵਿਚ ਜੁਟੇ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸੂਬੇ ਤੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਮਹਿਲ-ਮੁਨਾਰੇ ਤੇ ਕਾਰੋਬਾਰੀ ਸਾਮਰਾਜ ਖੜ੍ਹਾ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਹ ਕੇ ਪੰਜਾਬ ਦੇ ਰਾਹ ਵਿਚ ਕੰਡੇ ਬੀਜੇ। ਉਨ੍ਹਾਂ ਕਿਹਾ ਕਿ ਸਿਆਸੀ ਨੇਤਾਵਾਂ ਨੇ ਖੁਦਗਰਜ਼ੀ ਲਈ ਸੂਬੇ ਨੂੰ ਸੰਕਟ ਦੀ ਭੱਠੀ ਵਿਚ ਝੋਕ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਸੂਬੇ ਵਿਰੁੱਧ ਕੀਤੇ ਗੁਨਾਹਾਂ ਨਾਲ ਰੰਗੇ ਹੋਏ ਹਨ ਤੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਇਨ੍ਹਾਂ ਨੇਤਾਵਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ।

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਸ੍ਰੀ ਬਾਦਲ ਨੇ ਲੰਮਾ ਸਮਾਂ ਸੂਬੇ ਦੇ ਵਿੱਤ ਮੰਤਰੀ ਰਹੇ ਪਰ ਉਹ ਦਾਅਵਾ ਹਮੇਸ਼ਾ ਸੂਬੇ ਦਾ ਖਜ਼ਾਨਾ ਖਾਲੀ ਹੋਣ ਦਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੀ ਭਲਾਈ ਲਈ ਵਿੱਤ ਮੰਤਰੀ ਵਜੋਂ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਨਾਕਾਮ ਰਹਿਣ ਤੋਂ ਬਾਅਦ ਹੁਣ ਉਹ ਭਾਜਪਾ ਦੇ ਬੇੜੇ ਵਿਚ ਸਵਾਰ ਹੋ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਕੋਲੋਂ ਉਰਦੂ ਦੀ ਸ਼ੇਅਰੋ-ਸ਼ਾਇਰੀ ਤੋਂ ਬਿਨਾਂ ਸੂਬਾ ਦੀ ਭਲਾਈ ਅਤੇ ਇੱਥੋਂ ਤੱਕ ਕਿ ਭਾਜਪਾ ਲਈ ਵੀ ਕੱਖ ਨਹੀਂ ਹੋਣਾ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਸ ਕਿਸੇ ਨੇ ਵੀ ਜਨਤਾ ਦਾ ਇਕ ਰੁਪਿਆ ਵੀ ਲੁੱਟਿਆ ਹੈ, ਉਸ ਨੂੰ ਲੋਕਾਂ ਸਾਹਮਣੇ ਜਵਾਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਅਜਿਹੀਆਂ ਸਾਰੀਆਂ ਲੁੱਟਾਂ ਦਾ ਪਰਦਾਫ਼ਾਸ਼ ਕਰਨਗੇ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹ ਦ੍ਰਿੜ੍ਹ ਵਚਨਬੱਧਤਾ ਹੈ ਕਿ ਭ੍ਰਿਸ਼ਟਾਚਾਰੀ ਆਗੂ ਭਾਵੇਂ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸ ਖ਼ਿਲਾਫ਼ ਕੇਸ ਦਰਜ ਹੋਵੇਗਾ ਅਤੇ ਉਸ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ।

ਰਵਾਇਤੀ ਸਿਆਸੀ ਪਾਰਟੀਆਂ ਉਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਗੂਣੇ ਜਿਹੇ ਮਸਲੇ ਉਠਾ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਉਦੋਂ ਕਿਉਂ ਖ਼ਾਮੋਸ਼ ਹੋ ਗਏ ਸਨ, ਜਦੋਂ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਸੰਭਾਲਣ ਦਾ ਮੌਕਾ ਦਿੱਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਸੂਬੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਰੌਲਾ-ਰੱਪਾ ਪਾ ਰਹੇ ਹਨ।

ਮੁੱਖ ਮੰਤਰੀ ਨੇ ਕਾਂਗਰਸ ਤੇ ਅਕਾਲੀਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਿਆਸੀ ਹਿੱਤਾਂ ਲਈ ਸੂਬੇ ਵਿੱਚ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਗੈਂਗਸਟਰ ਸਾਡੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਹੀ ਪੈਦਾ ਨਹੀਂ ਹੋਏ, ਸਗੋਂ ਕਾਂਗਰਸ ਤੇ ਅਕਾਲੀ ਆਗੂਆਂ ਨੇ ਆਪਣੀਆਂ ਸਰਕਾਰਾਂ ਦੌਰਾਨ ਇਨ੍ਹਾਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ ਕਿਉਂਕਿ ਇਨ੍ਹਾਂ ਆਗੂਆਂ ਤੇ ਪਾਰਟੀਆਂ ਨੇ ਅਜਿਹੇ ਨੌਜਵਾਨਾਂ ਨੂੰ ਬੰਦੂਕਾਂ ਦੇ ਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਰਤਿਆ।

ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਇਹ ਕਿੰਨੀ ਬਦਕਿਸਮਤੀ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ 2020 ਵਿੱਚ ਆਏ ਹੜ੍ਹਾਂ ਕਾਰਨ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਪਰ ਸਮੇਂ ਦੀ ਸਰਕਾਰ ਨੇ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਲੋਕਾਂ ਨੂੰ ਰਾਹਤ ਦੇਣ ਲਈ ਕੁੱਝ ਨਹੀਂ ਕੀਤਾ। 

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਵਿਆਪਕ ਤਬਾਹੀ ਹੋਈ ਪਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਸੂਬਾ ਸਰਕਾਰ ਨੇ ਇਹ ਮਾਮਲਾ ਲਟਕਾ ਕੇ ਮੁਸੀਬਤ ਦੇ ਮਾਰੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ। ਉਨ੍ਹਾਂ ਆਖਿਆ ਕਿ ਉਦੋਂ ਦੀ ਸਰਕਾਰ ਦੀ ਆਪਹੁਦਰੀ ਇਸ ਗੱਲੋਂ ਵੀ ਝਲਕਦੀ ਹੈ ਕਿ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਇਕ ਰੁਪਿਆ ਵੀ ਨਹੀਂ ਖ਼ਰਚਿਆ ਗਿਆ। ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ 32 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ ਹੈ ਜਿਸ ਵਿੱਚੋਂ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 25 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement