
ਪਟਨਾਇਕ ਨੇ ਇਕ ‘ਐਕਸ’ ਪੋਸਟ ਵਿਚ ਪਾਤਰਾ ’ਤੇ ਓਡੀਆ ‘ਅਸਮਿਤਾ’ ਨੂੰ ਢਾਹ ਲਾਉਣ ਲਈ ਆਲੋਚਨਾ ਕੀਤੀ
ਭੁਵਨੇਸ਼ਵਰ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਸੰਬਿਤ ਪਾਤਰਾ ਵਲੋਂ ਅੱਜ ਭਗਵਾਨ ਜਗਨਨਾਥ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਭਗਤ ਦੱਸੇ ਜਾਣ ਤੋਂ ਬਾਅਦ ਵੱਡਾ ਸਿਆਸੀ ਵਿਵਾਦ ਪੈਦਾ ਹੋ ਗਿਆ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਅਪੀਲ ਕੀਤੀ ਕਿ ਉਹ ਭਗਵਾਨ ਜਗਨਨਾਥ ਨੂੰ ਸਿਆਸੀ ਚਰਚਾ ਤੋਂ ਵੱਖ ਰੱਖੇ।
ਹਾਲਾਂਕਿ ਪਾਤਰਾ ਨੇ ਬਾਅਦ ’ਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਸੀ ਅਤੇ ਉਹ ਇਹ ਕਹਿਣਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਭਗਵਾਨ ਜਗਨਨਾਥ ਦੇ ਭਗਤ ਹਨ ਨਾ ਕਿ ਇਸ ਤੋਂ ਉਲਟ। ਪਰ ਪਟਨਾਇਕ ਨੇ ਇਕ ‘ਐਕਸ’ ਪੋਸਟ ਵਿਚ ਪਾਤਰਾ ’ਤੇ ਓਡੀਆ ‘ਅਸਮਿਤਾ’ ਨੂੰ ਢਾਹ ਲਾਉਣ ਲਈ ਆਲੋਚਨਾ ਕੀਤੀ।
ਉਨ੍ਹਾਂ ਕਿਹਾ, ‘‘ਮਹਾਪ੍ਰਭੂ ਸ਼੍ਰੀ ਜਗਨਨਾਥ ਬ੍ਰਹਿਮੰਡ ਦੇ ਪ੍ਰਭੂ ਹਨ। ਮਹਾਪ੍ਰਭੂ ਨੂੰ ਕਿਸੇ ਹੋਰ ਮਨੁੱਖ ਦਾ ‘ਭਗਤ’ ਕਹਿਣਾ ਪ੍ਰਭੂ ਦਾ ਅਪਮਾਨ ਹੈ। ਇਹ ਪੂਰੀ ਤਰ੍ਹਾਂ ਨਿੰਦਣਯੋਗ ਹੈ। ਇਸ ਨਾਲ ਦੁਨੀਆਂ ਭਰ ਦੇ ਕਰੋੜਾਂ ਜਗਨਨਾਥ ਭਗਤਾਂ ਅਤੇ ਓਡੀਆ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀ ਆਸਥਾ ਨੂੰ ਨੂੰ ਢਾਹ ਲੱਗੀ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਭਗਵਾਨ ਓਡੀਆ ਅਸਮਿਤਾ ਦਾ ਸੱਭ ਤੋਂ ਵੱਡਾ ਪ੍ਰਤੀਕ ਹੈ। ਮੈਂ ਬਿਆਨ ਦੀ ਸਖ਼ਤ ਨਿੰਦਾ ਕਰਦਾ ਹਾਂ... ਅਤੇ ਮੈਂ ਭਾਜਪਾ ਨੂੰ ਅਪੀਲ ਕਰਦਾ ਹਾਂ ਕਿ ਉਹ ਪ੍ਰਭੂ ਨੂੰ ਕਿਸੇ ਵੀ ਸਿਆਸੀ ਭਾਸ਼ਣ ਤੋਂ ਉੱਪਰ ਰੱਖੇ। ਇਸ ਨਾਲ ਤੁਸੀਂ ਓਡੀਆ ਅਸਮਿਤਾ ਨੂੰ ਬਹੁਤ ਠੇਸ ਪਹੁੰਚਾਈ ਹੈ ਅਤੇ ਓਡੀਸ਼ਾ ਦੇ ਲੋਕ ਇਸ ਨੂੰ ਲੰਮੇ ਸਮੇਂ ਤਕ ਯਾਦ ਰਖਣਗੇ ਅਤੇ ਇਸ ਦੀ ਨਿੰਦਾ ਕਰਨਗੇ।’’
ਦੂਜੇ ਪਾਸੇ ਪਾਤਰਾ ਨੇ ਮੁੱਖ ਮੰਤਰੀ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ‘ਸਾਡੇ ਸਾਰਿਆਂ ਦੀ ਜ਼ੁਬਾਨ ਕਈ ਵਾਰ ਫਿਸਲ ਜਾਂਦੀ ਹੈ।’ ਉਨ੍ਹਾਂ ਕਿਹਾ, ‘‘ਅੱਜ ਪੁਰੀ ’ਚ ਨਰਿੰਦਰ ਮੋਦੀ ਜੀ ਦੇ ਰੋਡ ਸ਼ੋਅ ਦੀ ਵੱਡੀ ਸਫਲਤਾ ਤੋਂ ਬਾਅਦ ਮੈਂ ਅੱਜ ਕਈ ਮੀਡੀਆ ਚੈਨਲਾਂ ਨੂੰ ਕਈ ਬਾਈਟ ਦਿਤੇ, ਹਰ ਜਗ੍ਹਾ ਮੈਂ ਜ਼ਿਕਰ ਕੀਤਾ ਕਿ ਮੋਦੀ ਜੀ ਸ਼੍ਰੀ ਜਗਨਨਾਥ ਮਹਾਪ੍ਰਭੂ ਦੇ ‘ਭਗਤ’ ਹਨ।’’ ਉਨ੍ਹਾਂ ਕਿਹਾ, ‘‘ਪਰ ਇਕ ਬਾਈਟ ਦੌਰਾਨ ਗਲਤੀ ਨਾਲ, ਮੈਂ ਬਿਲਕੁਲ ਉਲਟ ਕਹਿ ਦਿਤਾ... ਮੈਂ ਜਾਣਦਾ ਹਾਂ ਕਿ ਤੁਸੀਂ ਵੀ ਇਸ ਨੂੰ ਜਾਣਦੇ ਹੋ ਅਤੇ ਸਮਝਦੇ ਹੋ ... ਸਰ, ਆਓ ਕਿਸੇ ਗੈਰ-ਮੌਜੂਦ ਮੁੱਦੇ ਨੂੰ ਮੁੱਦਾ ਨਾ ਬਣਾਈਏ...।’’
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਾਜਪਾ ਉਮੀਦਵਾਰ ਦੇ ਬਿਆਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਸੋਚਣਾ ਸ਼ੁਰੂ ਕਰ ਦਿਤਾ ਹੈ ਕਿ ਉਹ ਰੱਬ ਤੋਂ ਉੱਪਰ ਹਨ। ਇਹ ਹੰਕਾਰ ਦੀ ਸਿਖਰ ਹੈ। ਭਗਵਾਨ ਨੂੰ ਮੋਦੀ ਜੀ ਦਾ ਭਗਤ ਕਹਿਣਾ ਰੱਬ ਦਾ ਅਪਮਾਨ ਹੈ।’’
ਓਡੀਸ਼ਾ ਦੇ ਕਾਂਗਰਸ ਇੰਚਾਰਜ ਅਜੈ ਕੁਮਾਰ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਅਤੇ ਐਕਸ ’ਤੇ ਪੋਸਟ ਕੀਤਾ, ‘‘ਦੇਸ਼ ਅਤੇ ਓਡੀਸ਼ਾ ਭਗਵਾਨ ਜਗਨਨਾਥ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕਰਨਗੇ।’’
ਬੀ.ਜੇ.ਡੀ. ਪ੍ਰਧਾਨ ਦਾ ਭਾਜਪਾ ’ਤੇ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਚੋਣ ਰੈਲੀਆਂ ’ਚ ਭਗਵਾਨ ਜਗਨਨਾਥ ਦੇ ਰਤਨ ਭੰਡਾਰ ਦਾ ਮੁੱਦਾ ਉਠਾਉਣ ਦੇ ਪਿਛੋਕੜ ’ਚ ਆਇਆ ਹੈ। ਸੋਮਵਾਰ ਨੂੰ ਅੰਗੁਲ ਅਤੇ ਕਟਕ ’ਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਗਵਾਨ ਜਗਨਨਾਥ ਦੇ ਰਤਨ ਭੰਡਾਰ ਗਾਇਬ ਹੋਣ ਦਾ ਮੁੱਖ ਮੁੱਦਾ ਉਠਾਇਆ ਅਤੇ ਪੁਛਿਆ ਕਿ ਬੀ.ਜੇ.ਡੀ. ਨੇ ਇਸ ਮਾਮਲੇ ’ਤੇ ਨਿਆਂਇਕ ਕਮਿਸ਼ਨ ਦੀ ਰੀਪੋਰਟ ਨੂੰ ਕਿਉਂ ਦਬਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬੀ.ਜੇ.ਡੀ. ਦੀ ਭੂਮਿਕਾ ਸ਼ੱਕੀ ਹੈ। ਓਡੀਸ਼ਾ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਹ ਰੀਪੋਰਟ ਜਨਤਕ ਕਰੇਗੀ।