
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਅੱਜ ਵੀ ਉਹਨਾਂ ਦਾ ਰੁਖ਼ ਉਹੀ ਹੈ ਕਿ ਰਾਫ਼ੇਲ ਸੌਦੇ ਵਿਚ ਚੋਰੀ ਹੋਈ ਹੈ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਅੱਜ ਵੀ ਉਹਨਾਂ ਦਾ ਰੁਖ਼ ਉਹੀ ਹੈ ਕਿ ਰਾਫ਼ੇਲ ਸੌਦੇ ਵਿਚ ਚੋਰੀ ਹੋਈ ਹੈ। ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਵਿਚ ਰਾਸ਼ਟਰਪਤੀ ਦੇ ਸੰਬੋਧਨ ਕਰਨ ਤੋਂ ਬਾਅਦ, ਬਾਹਰ ਆਉਂਦੇ ਹੋਏ ਰਾਹੁਲ ਨੇ ਸੰਸਦ ਭਵਨ ਵਿਚ ਇਹ ਟਿੱਪਣੀ ਕੀਤੀ। ਸੰਬੋਧਨ ਬਾਰੇ ਪੁੱਛੇ ਜਾਣ ‘ਤੇ ਗਾਂਧੀ ਨੇ ਕਿਹਾ ਕਿ ਅੱਜ ਵੀ ਉਹਨਾਂ ਦਾ ਰੁਖ਼ ਉਹੀ ਹੈ। ਦੱਸ ਦਈਏ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਨੂੰ ਜੁਆਇੰਟ ਸੈਸ਼ਨ ਵਿਚ ਸੰਬੋਧਨ ਕੀਤਾ।
Rafale
ਇਸ ਦੌਰਾਨ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਅਤੇ ‘ਅਪਾਚੇ’ ਹੈਲੀਕਾਪਟਰ ਭਵਿੱਖ ਵਿਚ ਜਲਦ ਹੀ ਮਿਲਣ ਜਾ ਰਹੇ ਹਨ। ਉਹਨਾਂ ਕਿਹਾ ਕਿ ਅਧੁਨਿਕ ਰਾਇਫਲ ਤੋਂ ਲੈ ਕੇ ਤੋਪ, ਟੈਂਕ ਅਤੇ ਲੜਾਕੂ ਜਹਾਜ਼ ਤੱਕ ਭਾਰਤ ਵਿਚ ਬਣਾਉਣ ਦੀ ਯੋਜਨਾ ਨੂੰ ਸਫਲਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਰਕਾਰ ਦੀ ਤਰਜੀਹ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਹਰ ਧੀ-ਭੈਣ ਲਈ ਬਰਾਬਰ ਅਧਿਕਾਰ ਦੇਣ ਲਈ ਤਿੰਨ ਤਲਾਕ ਅਤੇ ਹਲਾਲਾ ਦਾ ਖਤਮ ਹੋਣਾ ਜਰੂਰੀ ਹੈ।
Ram Nath Kovind
ਉਹਨਾਂ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇ, ਇਸ ਲਈ ਕਈ ਕਦਮ ਚੁੱਕੇ ਗਏ। ਉਹਨਾਂ ਕਿਹਾ ਕਿ ਵਾਰ ਵਾਰ ਚੋਣਾਂ ਹੋਣ ਨਾਲ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ। ਇਸ ਲਈ ਇਕ ਰਾਸ਼ਟਰ ਇਕ ਚੋਣ ਦੀ ਵਿਵਸਥਾ ਲਾਗੂ ਹੋਣੀ ਚਾਹੀਦੀ ਹੈ, ਜਿਸ ਨਾਲ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ। ਉਹਨਾਂ ਕਿਹਾ ਕਿ ਸਾਰੇ ਸੰਸਦ ਮੈਂਬਰ ਇਸ ਯੋਜਨਾ ਦੀ ਪੇਸ਼ਕਸ਼ ‘ਤੇ ਗੰਭੀਰਤਾ ਨਾਲ ਵਿਚਾਰ ਕਰਨ।