
ਸੰਗਰੂਰ ਜ਼ਿਲ੍ਹੇ ਦੇ ਦੋ ਵਿਧਾਇਕ ਕੈਬਨਿਟ ਵਿਚ
ਰਾਹੁਲ ਬ੍ਰਿਗੇਡ ਦੇ ਮੋਹਰੀ ਆਗੂ ਵਿਜੈ ਇੰਦਰ ਸਿੰਗਲਾ ਨੂੰ ਮੰਤਰੀ ਬਣਾਏ ਜਾਣ ਦੇ ਐਲਾਨ ਨਾਲ ਉਨ੍ਹਾਂ ਦੇ ਸਮਰਥਨ ਕਾਫ਼ੀ ਖ਼ੁਸ਼ ਹਨ। ਰਜ਼ੀਆ ਸੁਲਤਾਨਾ ਮਗਰੋਂ ਸਿੰਗਲਾ ਸੰਗਰੂਰ ਤੋਂ ਦੂਜੇ ਵਿਧਾਇਕ ਹੋਣਗੇ ਜਿਨ੍ਹਾਂ ਨੂੰ ਕੈਬਨਿਟ ਵਿਚ ਲਿਆ ਗਿਆ ਹੈ।ਵਿਜੈ ਇੰਦਰ ਸਿੰਗਲਾ ਨੇ ਅਪਣਾ ਸਿਆਸੀ ਸਫ਼ਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ। 2002 ਵਿਚ ਸਿੰਗਲਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣੇ, ਫਿਰ ਸੂਬਾ ਪ੍ਰਧਾਨ ਵੀ ਰਹੇ। ਇਸ ਸਮੇਂ ਦੌਰਾਨ ਵਿਜੈ ਇੰਦਰ ਸਿੰਗਲਾ ਰਾਹੁਲ ਗਾਂਧੀ ਦੇ ਬਹੁਤ ਨੇੜੇ ਹੋ ਗਏ, 2004 ਵਿਚ ਸਿੰਗਲਾ ਨੂੰ ਪੇਡਾ ਦਾ ਚੇਅਰਮੈਨ ਲਾ ਦਿਤਾ ਗਿਆ।2009 ਦੀਆਂ ਲੋਕ ਸਭਾ ਚੋਣਾਂ ਵਿਚ ਸਿੰਗਲਾ ਨੂੰ ਹਾਈ ਕਮਾਨ ਨੇ ਹਲਕਾ ਸੰਗਰੂਰ ਵਿਚ ਉਤਾਰ ਦਿਤਾ। ਉਨ੍ਹਾਂ ਸਾਹਮਣੇ ਅਕਾਲੀ ਦਲ ਦਾ ਦਿਮਾਗ਼ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਚੋਣ ਮੈਦਾਨ ਵਿਚ ਸਨ। ਇਨ੍ਹਾਂ ਚੋਣਾਂ ਵਿਚ ਸਿੰਗਲਾ ਨੇ ਢੀਂਡਸਾ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਸੱਭ ਤੋਂ ਛੋਟੀ ਉਮਰ ਦਾ ਮੈਂਬਰ ਪਾਰਲੀਮੈਂਟ ਬਣਨ ਦਾ ਮਾਣ ਹਾਸਲ ਕੀਤਾ।
vijay inder Singla
2014 ਦੀਆਂ ਚੋਣਾਂ ਵਿਚ ਵੀ ਸਿੰਗਲਾ ਨੂੰ ਕਾਂਗਰਸ ਵਲੋਂ ਦੁਬਾਰਾ ਉਮੀਦਵਾਰ ਬਣਾਇਆ ਗਿਆ ਪਰ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੂੰ 'ਆਪ' ਦੇ ਭਗਵੰਤ ਮਾਨ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਪਣੇ ਸਮੇਂ ਦੌਰਾਨ ਸਿੰਗਲਾ ਦੇ ਨਾਮ ਪੀ ਜੀ ਆਈ ਦਾ ਸੰਗਰੂਰ ਵਿਖੇ ਸੈਂਟਰ ਖੋਲ੍ਹਣ ਦਾ ਸਿਹਰਾ ਬੱਝਦਾ ਰਿਹਾ। 2017 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਸੰਗਰੂਰ ਵਿਧਾਨ ਸਭਾ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਅਤੇ ਉਨ੍ਹਾਂ ਨੇ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਸੰਗਰੂਰ ਸੀਟ ਜਿੱਤੀ ਤੇ ਵਿਧਾਇਕ ਬਣੇ। ਉਨ੍ਹਾਂ ਅਪਣੇ ਮੈਂਬਰ ਪਾਰਲੀਮੈਂਟ ਦੇ ਕਾਰਜਕਾਲ ਦੌਰਾਨ ਜੋ ਵਿਕਾਸ ਕਾਰਜਾਂ ਦੇ ਕੰਮ ਕੀਤੇ ਸਨ, ਹਲਕੇ ਦੇ ਲੋਕਾਂ ਨੂੰ ਅੱਜ ਵੀ ਚੇਤੇ ਹਨ। ਇਸੇ ਕਰ ਕੇ ਉਨ੍ਹਾਂ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ ਹੈ। ਵਿਜੈ ਇੰਦਰ ਸਿੰਗਲਾ ਦੇ ਪਿਤਾ ਸਵ. ਸੰਤ ਰਾਮ ਸਿੰਗਲਾ ਵੀ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਰਹੇ ਹਨ।