
ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਜੇ.ਪੀ.ਸੀ. ਗਠਿਤ ਕਰਨ ਦੀ ਮੰਗ ਕੀਤੀ
ਨਵੀਂ ਦਿੱਲੀ: ਕਾਂਗਰਸ ਦੀ ਦਿੱਲੀ ਇਕਾਈ ਨੇ ਬੁਧਵਾਰ ਨੂੰ ਕਿਹਾ ਕਿ ਉਹ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਬੁਚ ਵਿਰੁਧ ਹਿੰਡਨਬਰਗ ਰੀਸਰਚ ਦੇ ਦੋਸ਼ਾਂ ਦਾ ਵਿਰੋਧ ਕਰੇਗੀ। ਪਾਰਟੀ ਉਨ੍ਹਾਂ ਨੂੰ ਹਟਾਉਣ ਅਤੇ ਅਡਾਨੀ ਮੁੱਦੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਦੀ ਮੰਗ ਕਰੇਗੀ।
ਇਹ ਪ੍ਰਦਰਸ਼ਨ ਵੀਰਵਾਰ ਨੂੰ ਜੰਤਰ-ਮੰਤਰ ’ਤੇ ਕੀਤਾ ਜਾਵੇਗਾ। ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਅਤੇ ਪਾਰਟੀ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਜੇ.ਪੀ.ਸੀ. ਗਠਿਤ ਕਰਨ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਜ਼ਰੂਰਤ ਨੂੰ ਉਜਾਗਰ ਕਰਨ ਲਈ ਬੁਧਵਾਰ ਨੂੰ ਦੇਸ਼ ਭਰ ’ਚ 20 ਪ੍ਰੈਸ ਕਾਨਫਰੰਸ ਕਰੇਗੀ। ਅਮਰੀਕਾ ਸਥਿਤ ਰੀਸਰਚ ਐਂਡ ਇਨਵੈਸਟਮੈਂਟ ਫਰਮ ਹਿੰਡਨਬਰਗ ਰੀਸਰਚ ਨੇ ਹਾਲ ਹੀ ’ਚ ਅਪਣੀ ਰੀਪੋਰਟ ’ਚ ਦੋਸ਼ ਲਾਇਆ ਸੀ ਕਿ ਅਡਾਨੀ ਮਨੀ ਲਾਂਡਰਿੰਗ ਘਪਲੇ ’ਚ ਇਸਤੇਮਾਲ ਕੀਤੇ ਗਏ ਵਿਦੇਸ਼ੀ ਫੰਡਾਂ ’ਚ ਸੇਬੀ ਮੁਖੀ ਬੁਚ ਅਤੇ ਉਨ੍ਹਾਂ ਦੇ ਪਤੀ ਦੀ ਹਿੱਸੇਦਾਰੀ ਹੈ।
ਸੇਬੀ ਦੇ ਚੇਅਰਮੈਨ ਬੁਚ ਅਤੇ ਉਸ ਦੇ ਪਤੀ ਨੇ ਅਪਣੇ ਵਿਰੁਧ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਵਿੱਤੀ ਸਥਿਤੀ ਇਕ ਖੁੱਲ੍ਹੀ ਕਿਤਾਬ ਹੈ। ਅਡਾਨੀ ਸਮੂਹ ਨੇ ਹਿੰਡਨਬਰਗ ਰੀਸਰਚ ਦੇ ਤਾਜ਼ਾ ਦੋਸ਼ਾਂ ਨੂੰ ਵੀ ਬਦਨਾਮ ਕਰਾਰ ਦਿਤਾ ਹੈ ਅਤੇ ਕਿਹਾ ਹੈ ਕਿ ਉਸ ਦਾ ਸੇਬੀ ਦੇ ਚੇਅਰਮੈਨ ਜਾਂ ਉਸ ਦੇ ਪਤੀ ਨਾਲ ਕੋਈ ਵਪਾਰਕ ਸਬੰਧ ਨਹੀਂ ਹੈ।