
ਕਿਹਾ, ਇਕ ਕਿਸਮ ਦੇ ਨੋਟਿਸ/ਸ਼ਿਕਾਇਤ ਦੇ ਮਾਮਲਿਆਂ ’ਚ ਦੋ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਸ਼ਨਿਚਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਲਿਖ ਕੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੰਸਦ ਰਮੇਸ਼ ਬਿਧੂੜੀ ਵਲੋਂ ਉਨ੍ਹਾਂ ਵਿਰੁਧ ਇਤਰਾਜ਼ਯੋਗ ਟਿਪਣੀਆਂ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਲੱਗੇ ‘ਸਵਾਲ ਦੇ ਬਦਲੇ ਰਿਸ਼ਵਤ’ ਦੇ ਦੋਸ਼ਾਂ ਦੇ ਮਾਮਲਿਆਂ ’ਚ ਵੱਖੋ-ਵੱਖ ਮਾਪਦੰਡ ਅਪਣਾਏ ਹਨ ਜੋ ਸੰਸਦੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨੈਤਿਕਤਾ ਕਮੇਟੀ ਦੇ ਮੁਖੀ ਵਿਨੋਦ ਕੁਮਾਰ ਸੋਨਕਰ ਨੇ ਮੋਇਤਰਾ ਦੇ ਮਾਮਲੇ ’ਤੇ ਜਨਤਕ ਬਿਆਨ ਦੇ ਕੇ ਨਿਯਮ 275 ਦੀ ਉਲੰਘਣਾ ਕੀਤੀ ਹੈ। ਅਲੀ ਖੁਦ ਨੈਤਿਕਤਾ ਕਮੇਟੀ ਦੇ ਮੈਂਬਰ ਹਨ। ਲੋਕ ਸਭਾ ਮੈਂਬਰ ਅਲੀ ਨੇ ਬਿਰਲਾ ਨੂੰ ਵਿਸ਼ੇਸ਼ ਅਧਿਕਾਰ ਮਾਮਲਿਆਂ ਅਤੇ ਨੈਤਿਕ ਦੁਰਵਿਹਾਰ ਨਾਲ ਸਬੰਧਤ ਮਾਮਲਿਆਂ ’ਚ ਇਕ ਹੋਰ ਮੈਂਬਰ ਵਿਰੁਧ ਸ਼ਿਕਾਇਤ ਕਰਨ ਵਾਲੇ ਮੈਂਬਰ ਦੇ ਸਬੂਤ ਬਾਰੇ ਸਥਾਪਤ ਸੰਸਦੀ ਪ੍ਰਕਿਰਿਆਵਾਂ ਦੀ ਕਥਿਤ ਉਲੰਘਣਾ ਲਈ ਲਿਖਿਆ ਹੈ।
ਅਲੀ ਨੇ ਚਿੱਠੀ ’ਚ ਕਿਹਾ, ‘‘ਪੂਰੇ ਸਨਮਾਨ ਦੇ ਨਾਲ, ਮੈਂ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਅਤੇ ਨੈਤਿਕ ਦੁਰਵਿਹਾਰ ਨਾਲ ਸਬੰਧਤ ਮਾਮਲਿਆਂ ’ਚ ਸੰਸਦੀ ਪ੍ਰਕਿਰਿਆਵਾਂ ਦੀ ਘੋਰ ਉਲੰਘਣਾ ਵਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। ਤੁਸੀਂ ਇਸ ਤੱਥ ਤੋਂ ਜਾਣੂ ਹੋਵੋਗੇ ਕਿ ਮੈਂ 22 ਸਤੰਬਰ ਨੂੰ ਸੰਸਦ ਮੈਂਬਰ ਰਮੇਸ਼ ਬਿਧੂੜੀ ਵਲੋਂ ਮੇਰੇ ਵਿਰੁਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿਤਾ ਸੀ।’’
ਉਨ੍ਹਾਂ ਅੱਗੇ ਕਿਹਾ, ‘‘ਸਥਾਪਤ ਪ੍ਰਕਿਰਿਆ ਅਨੁਸਾਰ, ਸ਼ਿਕਾਇਤ ਕਰਨ ਵਾਲੇ ਮੈਂਬਰ ਨੂੰ ਪਹਿਲਾਂ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਬੁਲਾਇਆ ਜਾਂਦਾ ਹੈ ਅਤੇ ਫਿਰ ਹੀ ਮੈਂਬਰ/ਦੋਸ਼ੀ ਵਿਅਕਤੀ ਨੂੰ ਸਬੂਤ ਲਈ ਬੁਲਾਇਆ ਜਾਂਦਾ ਹੈ। ਹਾਲਾਂਕਿ, ਸਾਰੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਮੇਰੇ ਵਿਰੁਧ ਇਤਰਾਜ਼ਯੋਗ ਟਿਪਣੀ ਕਰਨ ਦੇ ਦੋਸ਼ੀ ਮੈਂਬਰ ਨੂੰ ਤਲਬ ਕੀਤਾ ਗਿਆ ਜਾਪਦਾ ਹੈ ਅਤੇ ਇਹ ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਮੈਨੂੰ ਅੱਜ ਤਕ ਕਮੇਟੀ ’ਚ ਅਪਣਾ ਪੱਖ ਪੇਸ਼ ਕਰਨ ਲਈ ਨਹੀਂ ਬੁਲਾਇਆ ਗਿਆ ਹੈ। ਦੂਜੇ ਪਾਸੇ, ਇਹ ਪ੍ਰਤੀਤ ਹੁੰਦਾ ਹੈ ਕਿ ਨੈਤਿਕਤਾ ਕਮੇਟੀ ਨੇ (ਮਹੂਆ ਮੋਇਤਰਾ ਦੇ ਮਾਮਲੇ ’ਚ) ਸਹੀ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ।’’
ਅਲੀ ਨੇ ਇਹ ਵੀ ਕਿਹਾ ਕਿ ਮਹੂਆ ਮੋਇਤਰਾ ਦੇ ਮਾਮਲੇ ’ਚ ਵੀ ਮੀਡੀਆ ਤੋਂ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਕਮੇਟੀ ਦੇ ਚੇਅਰਮੈਨ ਨੇ ਮੀਡੀਆ ਨਾਲ ਖੁੱਲ੍ਹ ਕੇ ਗੱਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਤ੍ਰਿਣਮੂਲ ਸਾਂਸਦ ਵਿਰੁਧ ਨੈਤਿਕ ਦੁਰਵਿਹਾਰ ਦਾ ਹਲਫਨਾਮਾ ਪ੍ਰਾਪਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ, ‘‘ਮੈਂ ਇਸ ਨੂੰ ਕਿਸੇ ਹੋਰ ਵਲੋਂ ਨਹੀਂ ਬਲਕਿ ਨੈਤਿਕਤਾ ਕਮੇਟੀ ਦੇ ਚੇਅਰਮੈਨ (ਵਿਨੋਦ ਕੁਮਾਰ ਸੋਨਕਰ) ਵਲੋਂ ਨਿਯਮ 275 ਦੀ ਉਲੰਘਣਾ ਵਜੋਂ ਵੇਖਦਾ ਹਾਂ।’’ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਜਿਨ੍ਹਾਂ ਨੇ ਮੋਇਤਰਾ ਵਿਰੁਧ ਸ਼ਿਕਾਇਤ ਕੀਤੀ ਸੀ, ਨੂੰ ਕਮੇਟੀ ਨੇ 26 ਅਕਤੂਬਰ ਨੂੰ ਜ਼ੁਬਾਨੀ ਸਬੂਤ ਲਈ ਬੁਲਾਇਆ ਹੈ। ਅਲੀ ਨੇ ਦਾਅਵਾ ਕੀਤਾ, ‘‘ਮੈਂ ਇਹ ਵੀ ਹੈਰਾਨ ਹਾਂ ਕਿ ਕਿਵੇਂ ਇਕ ਕਿਸਮ ਦੇ ਨੋਟਿਸ/ਸ਼ਿਕਾਇਤ ਦੇ ਮਾਮਲਿਆਂ ’ਚ ਦੋ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਪ੍ਰਕਿਰਿਆਵਾਂ ਦੀਆਂ ਮੌਜੂਦਾ ਉਲੰਘਣਾਵਾਂ ’ਤੇ ਵਿਚਾਰ ਕਰਨ ਦੀ ਬੇਨਤੀ ਕਰਦਾ ਹਾਂ ਕਿ ਤੁਸੀਂ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿਉ ਕਿ ਉਹ ਮੈਨੂੰ ਜਲਦੀ ਤੋਂ ਜਲਦੀ ਕਮੇਟੀ ਦੇ ਸਾਹਮਣੇ ਮੇਰੇ ਸਬੂਤ ਦੇਣ ਲਈ ਬੁਲਾਉਣ ਤਾਂ ਜੋ ਮੈਂ ਤੱਥਾਂ ਨੂੰ ਰੀਕਾਰਡ ’ਤੇ ਸਿੱਧਾ ਰੱਖ ਸਕਾਂ।’’ 21 ਸਤੰਬਰ ਨੂੰ ਲੋਕ ਸਭਾ ’ਚ ‘ਚੰਦਰਯਾਨ-3’ ਦੀ ਸਫਲਤਾ ਅਤੇ ਪੁਲਾੜ ਖੇਤਰ ’ਚ ਭਾਰਤ ਦੀਆਂ ਪ੍ਰਾਪਤੀਆਂ’ ਵਿਸ਼ੇ ’ਤੇ ਚਰਚਾ ਦੌਰਾਨ ਬਿਧੂੜੀ ਨੇ ਅਲੀ ਵਿਰੁਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।