
Delhi News : ਸਰਾਏ ਕਾਲੇ ਖ਼ਾਨ-ਮਯੂਰ ਵਿਹਾਰ ਫੇਜ਼ 1 ਵਾਲੇ ਬਾਰਾਪੁਲਾ ਫ਼ਲਾਈਓਵਰ ਦਾ ਵੀ ਕੀਤਾ ਨਿਰੀਖਣ
Delhi PWD Minister Parvesh Verma in action mode, reviews roads on Ring Road Latest News in Punjabi : ਦਿੱਲੀ ’ਚ ਪੀ.ਡਬਲਿਊ.ਡੀ ਵਿਭਾਗ ਦੇ ਮੰਤਰੀ ਬਣਨ ਤੋਂ ਬਾਅਦ ਪ੍ਰਵੇਸ਼ ਵਰਮਾ ਐਕਸ਼ਨ ਮੋਡ ਵਿਚ ਦਿਖ ਰਹੇ ਹਨ। ਉਨ੍ਹਾਂ ਨੇ ਰਿੰਗ ਰੋਡ 'ਤੇ ਸੜਕਾਂ ਦਾ ਜਾਇਜ਼ਾ ਲਿਆ ਤੇ ਸੜਕਾਂ ਦੀ ਹਾਲਤ ਸਬੰਧੀ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਰਾਏ ਕਾਲੇ ਖ਼ਾਨ ਨੂੰ ਮਯੂਰ ਵਿਹਾਰ ਫੇਜ਼ 1 ਨਾਲ ਜੋੜਨ ਵਾਲੇ ਬਾਰਾਪੁਲਾ ਫ਼ਲਾਈਓਵਰ ਦਾ ਵੀ ਨਿਰੀਖਣ ਕੀਤਾ। ਸਮੀਖਿਆ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿਤੇ ਗਏ ਤੇ ਕਮੀਆਂ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਨੂੰ ਕਿਹਾ ਗਿਆ।
ਇਸ ਦੌਰੇ ਦੌਰਾਨ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਫੇਜ਼ 3 ਦਾ ਕੰਮ 10 ਸਾਲਾਂ ਤੋਂ ਚੱਲ ਰਿਹਾ ਹੈ, ਅੱਜ ਤੋਂ ਪਹਿਲਾਂ ਕਈ ਸਰਕਾਰਾਂ ਆਈਆਂ ਪਰ ਇਸ ਦੀ ਕਿਸੇ ਸਾਰ ਨਹੀਂ ਲਈ ਤੇ ਕੋਈ ਦੇਖਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਫ਼ੰਡਾਂ ਦੀ ਘਾਟ ਤੇ ਜੰਗਲਾਤ ਕਲੀਅਰੈਂਸ ਕਾਰਨ ਕੰਮ ਰੁਕ ਗਿਆ ਹੈ, ਪਰ ਇਕ ਵਾਰ ਜਦੋਂ ਇਹ ਦੋਵੇਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤਾਂ ਇਸ ਦੇ ਕੰਮ ਦੀ ਦੁਬਾਰਾ ਸ਼ੁਰੂਆਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੜਾਅ-3 ਦਾ ਕੰਮ 1 ਸਾਲ ਵਿਚ ਪੂਰਾ ਹੋ ਜਾਵੇਗਾ ਤੇ ਅੱਜ ਤੋਂ ਬਾਅਦ ਕਿਸੇ ਵੀ ਕੰਮ ਵਿਚ ਕੋਈ ਰੁਕਾਵਟ ਨਹੀਂ ਆਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੜਕ 'ਤੇ ਟ੍ਰੈਫ਼ਿਕ ਜਾਮ ਤੋਂ ਰਾਹਤ ਦਿਵਾਉਣ ਲਈ ਕਬਜ਼ੇ ਹਟਾਏ ਜਾਣਗੇ।
ਉਨ੍ਹਾਂ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਪਹਿਲਾਂ ਸੜਕ ਨਿਰਮਾਣ ਲਈ 1 ਤੋਂ 2 ਸਾਲ ਦੀ ਗਰੰਟੀ ਦੀ ਮਿਆਦ ਹੁੰਦੀ ਸੀ ਪਰ ਹੁਣ ਇਸ ਨੂੰ ਵਧਾ ਕੇ 5 ਸਾਲ ਕਰ ਦਿਤਾ ਗਿਆ ਹੈ, ਹੁਣ ਜੇ ਸੜਕ 5 ਸਾਲਾਂ ਤੋਂ ਪਹਿਲਾਂ ਟੁੱਟ ਜਾਂਦੀ ਹੈ ਤਾਂ ਠੇਕੇਦਾਰ ਅਪਣੀ ਜੇਬ ਵਿਚੋਂ ਸੜਕ ਦੀ ਮੁਰੰਮਤ ਕਰਵਾਏਗਾ।