
ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਲਈ ਐਤਕੀਂ ਦਿੱਲੀ ਦੂਰ ਜਾਪ ਰਹੀ ਹੈ
ਕੋਟਕਪੂਰਾ : ਕਿਸੇ ਸਮੇਂ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਇਸ ਸੀਟ ਦੀ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ 'ਚ ਚਰਚਾ ਹੁੰਦੀ ਸੀ, ਕਿਉਂਕਿ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਕਾਂਗਰਸੀ ਉਮੀਦਵਾਰ ਜਗਮੀਤ ਸਿੰਘ ਬਰਾੜ ਨਾਲ ਹੋਣ ਵਾਲੇ ਸਖ਼ਤ ਮੁਕਾਬਲੇ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਹਰ ਖ਼ੁਸ਼ੀ-ਗਮੀ ਦੇ ਪ੍ਰੋਗਰਾਮਾਂ ਮੌਕੇ ਸੁਣਨ ਨੂੰ ਮਿਲਦੀਆਂ ਸਨ।
Election
ਸਾਲ 2009 ਦੀਆਂ ਲੋਕ ਸਭਾ ਚੋਣਾਂ ਮੌਕੇ ਇਸ ਹਲਕੇ ਨੂੰ ਰਾਖਵਾਂ ਕਰ ਦਿੱਤਾ ਗਿਆ ਅਤੇ ਸਮਝੋ ਕਿ ਇਸ ਹਲਕੇ ਬਾਰੇ ਚਰਚਾ ਵੀ ਘਟਦੀ-ਘਟਦੀ ਆਖ਼ਰ ਖ਼ਤਮ ਹੋ ਗਈ। ਇਸ ਵਾਰ ਅਕਾਲੀ ਦਲ, ਕਾਂਗਰਸ, 'ਆਪ' ਅਤੇ ਪੰਜਾਬੀ ਏਕਤਾ ਪਾਰਟੀ ਦੇ ਚਾਰ ਉਮੀਦਵਾਰਾਂ ਦੀ ਸਖ਼ਤ ਟੱਕਰ ਅਰਥਾਤ ਚਹੁਕੌਣੇ ਮੁਕਾਬਲੇ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਕਿਉਂਕਿ ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਪੋ-ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ਾਰ ਲਗਾ ਦਿੱਤਾ ਹੈ।
Punjab Lok Sabha election 2019
ਇਸ ਹਲਕੇ ਤੋਂ 'ਆਪ' ਨੇ ਕਾਫੀ ਸਮਾਂ ਪਹਿਲਾਂ ਆਪਣੀ ਪਾਰਟੀ ਦੇ ਸੀਟਿੰਗ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਦਾ ਐਲਾਨ ਕਰ ਦਿੱਤਾ ਸੀ। ਫਿਰ ਸੁਖਪਾਲ ਸਿੰਘ ਖਹਿਰਾ ਨੇ ਜੈਤੋਂ ਹਲਕੇ ਤੋਂ ਵਿਧਾਇਕ ਮਾ. ਬਲਦੇਵ ਸਿੰਘ, ਕਾਂਗਰਸ ਨੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਅਤੇ ਅਕਾਲੀ ਦਲ ਬਾਦਲ ਨੇ ਸਭ ਤੋਂ ਅਖੀਰ 'ਚ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਮੈਦਾਨ 'ਚ ਉਤਾਰਿਆ। ਅੱਗੇ ਪੰਜਾਬ ਦੀਆਂ ਲੋਕ ਸਭਾ ਚੋਣਾ ਪਹਿਲੇ ਗੇੜ 'ਚ ਹੁੰਦੀਆਂ ਸਨ ਅਤੇ ਪੋਲਿੰਗ ਤੋਂ ਬਾਅਦ ਸਵਾ ਜਾਂ ਡੇਢ ਮਹੀਨੇ ਦੇ ਫ਼ਰਕ ਨਾਲ ਨਤੀਜਾ ਉਡੀਕਣ ਲਈ ਲੱਗ ਜਾਂਦਾ ਸੀ ਪਰ ਇਸ ਵਾਰ ਅਖੀਰਲੇ ਗੇੜ 'ਚ ਅਰਥਾਤ 19 ਮਈ ਨੂੰ ਪੰਜਾਬ 'ਚ ਪੋਲਿੰਗ ਅਤੇ ਉਸ ਤੋਂ ਚਾਰ ਦਿਨ ਬਾਅਦ ਅਰਥਾਤ 23 ਮਈ ਨੂੰ ਸਾਰੇ ਦੇਸ਼ ਦੇ ਨਾਲ-ਨਾਲ ਪੰਜਾਬ ਦੀਆਂ ਸੀਟਾਂ ਦਾ ਨਤੀਜਾ ਵੀ ਸਾਹਮਣੇ ਆ ਜਾਵੇਗਾ।
Prof. Sadhu Singh
ਲੋਕ ਸਭਾ ਦੀਆਂ 2014 'ਚ ਹੋਈਆਂ ਆਮ ਚੋਣਾਂ ਮੌਕੇ ਇਸ ਹਲਕੇ ਤੋਂ ਰਾਜਨੀਤੀ ਦੇ ਬਿਲਕੁਲ ਅਣਜਾਣ ਚਿਹਰੇ ਪ੍ਰੋ. ਸਾਧੂ ਸਿੰਘ ਨੇ 'ਆਪ' ਦੀ ਟਿਕਟ 'ਤੇ ਚੋਣ ਲੜਦਿਆਂ ਸਿਆਸਤ ਦੇ ਧੁਰੰਧਰ ਚਿਹਰਿਆਂ ਵਜੋਂ ਜਾਣੇ ਜਾਂਦੇ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਜੋਗਿੰਦਰ ਸਿੰਘ ਪੰਜਗਰਾਈਂ ਲੜੀਵਾਰ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ 1 ਲੱਖ 72 ਹਜਾਰ 516 ਵੋਟਾਂ ਦੇ ਫ਼ਰਕ ਨਾਲ ਕਰਾਰੀ ਹਾਰ ਦਿੱਤੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਪਹਿਲਾਂ ਵਰਗੀ ਹਵਾ ਜਾਂ ਲਹਿਰ ਨਾ ਹੋਣ ਕਰ ਕੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਲਈ ਦਿੱਲੀ ਐਤਕੀਂ ਦੂਰ ਜਾਪਦੀ ਹੈ।
Akali Dal & Congress
ਬੇਸ਼ੱਕ ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਸਿੱਖਾਂ ਦੇ ਮਨਾਂ ਅੰਦਰ ਰੋਸ ਹੈ ਪਰ ਫਿਰ ਵੀ ਇਹ ਮੁਕਾਬਲਾ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਕਿਉਂਕਿ ਉਕਤ ਦੋਵੇਂ ਪਾਰਟੀਆਂ ਲੋੜ ਮੁਤਾਬਕ ਖਰਚਾ ਕਰਨ ਦੇ ਸਮਰੱਥ ਹਨ ਅਤੇ ਇਨ੍ਹਾਂ ਦਾ ਵੋਟ ਬੈਂਕ ਵੀ ਮੌਜੂਦ ਹੈ। ਦੱਸਣਯੋਗ ਹੈ ਕਿ ਅਪ੍ਰੈਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਗਠਿਤ ਹੋਈ ਆਮ ਆਦਮੀ ਪਾਰਟੀ ਦੇ ਹੱਕ ਵਿਚ ਪੰਜਾਬ ਦੇ ਮਾਲਵਾ ਖੇਤਰ 'ਚ ਅਜਿਹੀ ਲਹਿਰ ਚੱਲੀ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਸਾਰੇ ਸਮੀਕਰਨ ਬਦਲ ਗਏ ਪਰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਅੰਦਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।
Punjabi Ekta Party
ਪਿਛਲੇ ਇਕ ਸਾਲ ਦੌਰਾਨ ਹੋਏ ਘਟਨਾਕ੍ਰਮ 'ਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮਤਭੇਦ ਦੇ ਚਲਦਿਆਂ ਆਪਣੀ ਨਵੀਂ 'ਪੰਜਾਬੀ ਏਕਤਾ ਪਾਰਟੀ' ਦਾ ਗਠਨ ਕੀਤਾ। ਪਾਰਟੀ ਦੇ ਗਠਨ 'ਚ ਜੈਤੋਂ ਤੋਂ 'ਆਪ' ਦੇ ਵਿਧਾਇਕ ਮਾ. ਬਲਦੇਵ ਸਿੰਘ ਦੀ ਵੀ ਅਹਿਮ ਭੂਮਿਕਾ ਰਹੀ। ਆਮ ਆਦਮੀ ਪਾਰਟੀ ਦੇ ਦੋਫਾੜ ਹੋ ਜਾਣ ਦਾ ਕਾਂਗਰਸ ਅਤੇ ਅਕਾਲੀ ਦਲ ਫ਼ਾਇਦਾ ਲੈਣ ਲਈ ਯਤਨਸ਼ੀਲ ਹੈ।
Gulzar Singh Ranike & Master Baldev singh
ਇਸ ਹਲਕੇ ਲਈ ਬਿਲਕੁਲ ਨਵੇਂ ਚਿਹਰੇ ਅਤੇ ਪੈਰਾਸ਼ੂਟ ਰਾਹੀਂ ਉਤਾਰੇ ਗਏ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ ਅਤੇ ਸੁਖਪਾਲ ਖਹਿਰਾ ਦੀ ਪਾਰਟੀ ਦੇ ਮਾ. ਬਲਦੇਵ ਸਿੰਘ ਨੂੰ ਮੁਕਾਬਲੇ 'ਚ ਆਉਣ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਆਗਾਮੀ ਦਿਨਾਂ 'ਚ ਸਮੀਕਰਨ ਜੋ ਮਰਜ਼ੀ ਬਣਨ ਪਰ ਵਰਤਮਾਨ ਸਮੇਂ 'ਚ ਉਕਤ ਚਾਰਾਂ ਉਮੀਦਵਾਰਾਂ ਨੂੰ ਆਪਣਿਆਂ ਦੇ ਹੀ ਵਿਰੋਧ ਦਾ ਸਾਹਮਣਾ ਅਤੇ ਧੜੇਬੰਦੀ ਦਾ ਸੇਕ ਲੱਗ ਰਿਹਾ ਹੈ।
Akali Dal, Congress & AAP
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤਿੰਨਾਂ ਪਾਰਟੀਆਂ ਦੀ ਸਥਿਤੀ :
ਜੇ ਸਾਲ 2017 'ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ 'ਚੋਂ 8 ਸੀਟਾਂ 'ਤੇ ਅਕਾਲੀ ਦਲ ਤੀਜੇ ਨੰਬਰ 'ਤੇ ਰਿਹਾ, ਜਦਕਿ ਸਿਰਫ਼ ਰਾਮਪੁਰਾ ਫੂਲ ਹਲਕੇ 'ਚ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਟੱਕਰ ਕਾਂਗਰਸ ਦੇ ਗੁਰਪ੍ਰੀਤ ਕਾਂਗੜ ਨਾਲ ਹੋਣ ਕਰ ਕੇ ਅਕਾਲੀ ਦਲ ਨੂੰ ਦੂਜਾ ਸਥਾਨ ਮਿਲਿਆ। ਬਾਕੀ 8 ਹਲਕਿਆਂ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਸੀ। ਫ਼ਰੀਦਕੋਟ, ਬਾਘਾਪੁਰਾਣਾ, ਮੋਗਾ, ਧਰਮਕੋਟ, ਰਾਮਪੁਰਾ ਫੂਲ ਅਤੇ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਜਦਕਿ ਕੋਟਕਪੂਰਾ, ਜੈਤੋਂ ਅਤੇ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ।