
ਕਾਂਗਰਸ ਨੇ ਬਿਧੂੜੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ’ਚ ਭਾਜਪਾ ਮੈਂਬਰ ਰਮੇਸ਼ ਬਿਧੂੜੀ ਵਲੋਂ ਦਿਤੇ ਕੁਝ ਇਤਰਾਜ਼ਯੋਗ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੁਕਰਵਾਰ ਨੂੰ ਉਨ੍ਹਾਂ ਨੂੰ ਭਵਿੱਖ ’ਚ ਇਸ ਤਰ੍ਹਾਂ ਦੇ ਵਿਹਾਰ ’ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਬਿਧੂੜੀ ਨੇ ਵੀਰਵਾਰ ਨੂੰ ਲੋਕ ਸਭਾ ’ਚ ‘ਚੰਦਰਯਾਨ-3’ ਦੀ ਸਫ਼ਲਤਾ ਅਤੇ ਪੁਲਾੜ ਦੇ ਖੇਤਰ ’ਚ ਦੇਸ਼ ਦੀਆਂ ਹੋਰ ਪ੍ਰਾਪਤੀਆਂ’ ਵਿਸ਼ੇ ’ਤੇ ਚਰਚਾ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਕੁੰਵਰ ਦਾਨਿਸ਼ ਅਲੀ ਵਿਰੁਧ ਕੁਝ ਟਿਪਣੀਆਂ ਕੀਤੀਆਂ ਸਨ ਜਿਨ੍ਹਾਂ ’ਤੇ ਸਦਨ ’ਚ ਹੰਗਾਮਾ ਹੋਇਆ ਅਤੇ ਵਿਰੋਧੀ ਆਗੂਆਂ ਨੇ ਬਿਧੂੜੀ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਲੋਕ ਸਭਾ ਸਪੀਕਰ ਨੇ ਭਾਜਪਾ ਆਗੂ ਨੂੰ ਭਵਿੱਖ ’ਚ ਇਸ ਤਰ੍ਹਾਂ ਦਾ ਵਿਹਾਰ ਮੁੜ ਕੀਤੇ ਜਾਣ ’ਤੇ ਸਖ਼ਤ ਕਾਰਵਾਈ ਦੀ ਚੇਤਵਾਨੀ ਦਿਤੀ ਹੈ। ਵੀਰਵਾਰ ਰਾਤ ਨੂੰ ਸਦਨ ’ਚ ਬਿਧੂੜੀ ਵਲੋਂ ਇਤਰਾਜ਼ਯੋਗ ਬਿਆਨ ਦਿਤੇ ਜਾਣ ਤੋਂ ਤੁਰਤ ਬਾਅਦ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਪ੍ਰਗਟਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਵਿਵਾਦਤ ਟਿਪਣੀ ਸੁਣੀ ਨਹੀਂ ਹੈ, ਪਰ ਬਿਧੂੜੀ ਨੇ ਜੇਕਰ ਕੁਝ ਅਜਿਹੀ ਟਿਪਣੀ ਕੀਤੀ ਹੈ, ਜਿਸ ਨਾਲ ਬਸਪਾ ਸੰਸਦ ਮੈਂਬਰ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ ਤਾਂ ਇਨ੍ਹਾਂ ਸ਼ਬਦਾਂ ਨੂੰ ਰੀਕਾਰਡ ਤੋਂ ਹਟਾ ਦਿਤਾ ਜਾਣਾ ਚਾਹੀਦਾ ਹੈ।
ਉਧਰ ਕਾਂਗਰਸ ਨੇ ਰਮੇਸ਼ ਬਿਧੂੜੀ ਵਲੋਂ ਕੀਤੀ ਕਥਿਤ ਇਤਰਾਜ਼ਯੋਗ ਟਿਭਣੀ ਨੂੰ ਲੈ ਕੇ ਬਿਧੂੜੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਧੂੜੀ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਧਾਨਗੀ ਸਪੀਕਰ ਕੋਡਿਕੁਨਿਲ ਸੁਰੇਸ਼ ਨੇ ਇਸ ’ਤੇ ਬਿਧੂੜੀ ਦੇ ਇਤਰਾਜ਼ਯੋਗ ਸ਼ਬਦਾਂ ਨੂੰ ਰੀਕਾਰਡ ਤੋਂ ਹਟਾਉਣ ਦਾ ਹੁਕਮ ਦਿਤਾ ਸੀ।
ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ‘‘ਜੇਕਰ ਉਨ੍ਹਾਂ ਨੇ ਦਾਨਿਸ਼ ਅਲੀ ਨੂੰ ਸਿਰਫ ‘ਅਤਿਵਾਦੀ’ ਕਿਹਾ ਹੈ, ਤਾਂ ਸਾਨੂੰ ਹੁਣ ਇਹ ਸ਼ਬਦ ਸੁਣਨ ਦੀ ਆਦਤ ਪੈ ਗਈ ਹੈ... ਇਹ ਸ਼ਬਦ ਸਾਰੇ ਮੁਸਲਮਾਨਾਂ ਵਿਰੁਧ ਵਰਤੇ ਜਾਂਦੇ ਹਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਭਾਜਪਾ ਨਾਲ ਜੁੜੇ ਮੁਸਲਮਾਨ ਕਿਵੇਂ ਇਸ ਨੂੰ ਬਰਦਾਸ਼ਤ ਕਰ ਲੈਂਦੇ ਹਨ? ਇਹ ਦਰਸਾਉਂਦਾ ਹੈ ਕਿ ਉਹ ਮੁਸਲਮਾਨਾਂ ਬਾਰੇ ਕੀ ਸੋਚਦੇ ਹਨ... ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।’’