
ਕਿਹਾ, ਲੋਕ ਸਭਾ ਚੋਣਾਂ ’ਚ ਗਠਜੋੜ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਸੀਟਾਂ ਜਿੱਤੇਗਾ
ਸੰਭਲ (ਯੂ.ਪੀ.): ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਜਾਵੇਦ ਅਲੀ ਨੇ ਐਤਵਾਰ ਨੂੰ ਕਿਹਾ ਕਿ ‘ਇੰਡੀਆ’ ਗਠਜੋੜ ’ਚ ਸ਼ਾਮਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਾਲੇ ਯੂ.ਪੀ. ’ਚ ਤਲਖ਼ੀ ਦਾ ਤਾਜ਼ਾ ਅਧਿਆਏ ਹੁਣ ਇਹ ਖਤਮ ਹੋ ਗਿਆ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਇਹ ਗਠਜੋੜ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਸੀਟਾਂ ਜਿੱਤੇਗਾ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲੀ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਨਾਲ ਜੁੜੇ ਇਕ ਸਵਾਲ ’ਤੇ ਕਿਹਾ, ‘‘ਇਸ ਗਠਜੋੜ ’ਚ ਪਿਛਲੇ ਦਿਨੀਂ ਕੁਝ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ ਪਰ ਬੀਤੀ ਸ਼ਾਮ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸਪੱਸ਼ਟ ਕੀਤਾ ਕਿ ਸੀਨੀਅਰ ਕਾਂਗਰਸੀ ਆਗੂਆਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਹੁਣ ਕੋਈ ਹੋਰ ਵਿਵਾਦ ਨਹੀਂ ਹੋਵੇਗਾ।’’
ਉਨ੍ਹਾਂ ਕਿਹਾ, ‘‘ਪਾਰਟੀ ਪ੍ਰਧਾਨ ਨੇ ਅਪਣੇ ਪਾਰਟੀ ਵਰਕਰਾਂ ਨੂੰ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਕਾਂਗਰਸ ਨੇ ਅਪਣੀ ਪਾਰਟੀ ਦੇ ਸਥਾਨਕ ਨੇਤਾਵਾਂ ਨੂੰ ਵੀ ਇਕ ਦੂਜੇ ਵਿਰੁਧ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਹੈ। ਹੁਣ ਇਹ ਅਧਿਆਏ ਖਤਮ ਹੋ ਗਿਆ ਹੈ। ਹੁਣ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ‘ਇੰਡੀਆ’ ਗਠਜੋੜ ਪੂਰੀ ਏਕਤਾ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾ ਦੇਵੇਗਾ ਅਤੇ ‘ਇੰਡੀਆ’ ਗਠਜੋੜ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਸੀਟਾਂ ਜਿੱਤੇਗਾ।’’
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ‘ਇੰਡੀਆ’ ਗਠਜੋੜ ਦੇ ਤਹਿਤ ਕਾਂਗਰਸ ਨੂੰ ਇਕ ਵੀ ਸੀਟ ਨਾ ਦੇਣ ਤੋਂ ਨਾਰਾਜ਼ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਹਾਲ ਹੀ ’ਚ ਬਹੁਤ ਸਖਤ ਰੁਖ ਅਪਣਾਇਆ ਸੀ। ਕਾਂਗਰਸ ਨੇਤਾਵਾਂ ’ਤੇ ਭਾਜਪਾ ਨਾਲ ਗਠਜੋੜ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੱਧ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ, ਕਾਂਗਰਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ’ਚ ਵੀ ਅਜਿਹਾ ਹੀ ਬਰਦਾਸ਼ਤ ਕਰਨਾ ਪਵੇਗਾ। ਹਾਲਾਂਕਿ, ਕਾਂਗਰਸ ਲੀਡਰਸ਼ਿਪ ਨਾਲ ਗੱਲ ਕਰਨ ਤੋਂ ਬਾਅਦ ਯਾਦਵ ਨੇ ਅਪਣੇ ਪਾਰਟੀ ਵਰਕਰਾਂ ਨੂੰ ਹੁਕਮ ਦਿਤੇ ਹਨ ਕਿ ਉਹ ਕਾਂਗਰਸੀ ਆਗੂਆਂ ਬਾਰੇ ਬੇਤੁਕੀ ਬਿਆਨਬਾਜ਼ੀ ਨਾ ਕਰਨ।
ਕਾਂਗਰਸ ਅਤੇ ਬਸਪਾ ਵਿਚਾਲੇ ਗਠਜੋੜ ਦੀ ਕੋਈ ਸੰਭਾਵਨਾ ਨਹੀਂ : ਊਮਾ ਸ਼ੰਕਰ
ਬਲੀਆ (ਯੂ.ਪੀ.): ਉੱਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਇਕਲੌਤੇ ਵਿਧਾਇਕ ਉਮਾ ਸ਼ੰਕਰ ਸਿੰਘ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਪਣੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਐਤਵਾਰ ਨੂੰ ਪਿੰਡ ਖਨਵਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਾ ਸ਼ੰਕਰ ਨੇ ਆਗਾਮੀ ਲੋਕ ਸਭਾ ਚੋਣਾਂ ’ਚ ਬਸਪਾ ਦੇ ਕਾਂਗਰਸ ਨਾਲ ਗਠਜੋੜ ਦੇ ਕਿਆਸਿਆਂ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ’ਚ ਤਾਲਮੇਲ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ, ‘‘ਬਸਪਾ ਦਾ ਸਟੈਂਡ ਪਹਿਲਾਂ ਹੀ ਸਪੱਸ਼ਟ ਹੈ ਕਿ ਅਸੀਂ ਅਪਣੇ ਦਮ ’ਤੇ ਚੋਣਾਂ ਲੜਾਂਗੇ।’’
‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (‘ਇੰਡੀਆ’) ਗੱਠਜੋੜ ਦਾ ਹਿੱਸਾ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਹਾਲ ਹੀ ’ਚ ਪੈਦਾ ਹੋਏ ਝਗੜੇ ਵਲ ਇਸ਼ਾਰਾ ਕਰਦੇ ਹੋਏ, ਉਨ੍ਹਾਂ ਕਿਹਾ, ‘‘ਜਦੋਂ ਸਾਡੇ ’ਚ ਕਿਸੇ ਕਿਸਮ ਦਾ ਲਾਲਚ ਪੈਦਾ ਹੁੰਦਾ ਹੈ, ਤਾਂ ਇਹ ਰਿਸ਼ਤਾ ਯਕੀਨੀ ਤੌਰ ’ਤੇ ਟਿਕਾਊ ਨਹੀਂ ਹੁੰਦਾ।’’
ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੋਈ ਸ਼ਬਦੀ ਜੰਗ ਨੂੰ ਅਸ਼ੋਭਨੀਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਗਏ ਹਨ, ਉਹ ਯਕੀਨੀ ਤੌਰ ’ਤੇ ਬਹੁਤ ਹੀ ਅਸ਼ੋਭਨੀਕ ਹਨ। ਕਿਸੇ ਨੂੰ ਵੀ ਇਕ ਦੂਜੇ ਬਾਰੇ ਅਜਿਹੀ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ। ਸਿਆਸਤ ’ਚ ਕੋਈ ਕਿਸ ਨਾਲ ਰਹੇਗਾ ਅਤੇ ਕਿਸ ਨਾਲ ਨਹੀਂ, ਇਹ ਵਖਰੀ ਗੱਲ ਹੈ, ਪਰ ਸਾਨੂੰ ਅਪਣੀ ਭਾਸ਼ਾ ’ਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਕਿਸੇ ਬਾਰੇ ਬੋਲਣਾ ਚਾਹੀਦਾ ਹੈ। ‘ਇੰਡੀਆ’ ਗਠਜੋੜ ’ਤੇ ਨਿਸ਼ਾਨਾ ਸਾਧਦੇ ਹੋਏ ਉਮਾ ਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਗਠਜੋੜ ’ਚ ਅਜਿਹਾ ਹੀ ਹੋਣ ਵਾਲਾ ਹੈ।