
ਇਨ੍ਹਾਂ ਲੀਡਰਾਂ ਨੂੰ ਇਕ ਦੁੱਖ ਸੱਤਾ ਤੋਂ ਦੂਰ ਰਹਿਣ ਦਾ ਸਤਾ ਰਿਹਾ ਹੈ
ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ,ਰਣਜੀਤ ਸਿੰਘ): ਰੋਜ਼ਾਨਾ ਟੀ ਵੀ ਚੈਨਲਾਂ ’ਤੇ ਚਲ ਰਹੀਆਂ ਵੱਖ ਵੱਖ ਮੁੱਦਿਆਂ ਦੀਆਂ ਵਿਚਾਰ ਚਰਚਾਵਾਂ ਸੁਣਨ ਵਾਲਿਆਂ ਨੂੰ ਇਕ ਗੱਲ ਤਾਂ ਸਾਫ਼ ਸਮਝ ਆਉਂਦੀ ਹੈ ਕਿ ਲੰਮਾ ਸਮਾਂ ਰਾਜ ਸੱਤਾ ਵਿਚ ਰਹਿਣ ਕਰ ਕੇ ਜੋ ਸੱਤਾ ਦਾ ਅਨੰਦ ਇਨ੍ਹਾਂ ਲੀਡਰਾਂ ਨੇ ਮਾਣਿਆ ਅਤੇ ਜਾਂ ਸੱਤਾ ਦੇ ਅੰਦਰੂਨੀ ਸਹਿਯੋਗੀ ਬਣ ਕੇ ਅੱਧੀ ਸੱਤਾ ਵੀ ਮਾਣੀ ਅਤੇ ਲਗਭਗ ਦੋ ਦਹਾਕੇ ਪੰਜਾਬੀਆਂ ਨੂੰ ਉਲ਼ੂ ਵੀ ਬਣਾਇਆ
ਹੁਣ ਇਨ੍ਹਾਂ ਲੀਡਰਾਂ ਨੂੰ ਇਕ ਦੁੱਖ ਸੱਤਾ ਤੋਂ ਦੂਰ ਰਹਿਣ ਦਾ ਸਤਾ ਰਿਹਾ ਹੈ। ਦੂਜੀ ਸੱਤਾ ਵੇਲੇ ਕੀਤੇ ਘਪਲਿਆਂ ਅਤੇ ਸੱਤਾ ਦੇ ਗਰੂਰ ਵਿਚ ਕਿਤੇ ਕਾਲੇ ਕਾਰਨਾਮਿਆਂ ਦੀ ਦਿਨੋ ਦਿਨ ਨੇੜੇ ਆ ਰਹੀ ਜਾਂਚ ਵੀ ਸਤਾਉਂਦੀ ਨਜ਼ਰ ਆ ਰਹੀ ਹੈ। ਇਸ ਲਈ ਕੋਈ ਵੀ ਮੁੱਦਾ ਹੋਵੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਬੁਲਾਰੇ ਅਪਣੇ ਮਤਭੇਦ ਭੁਲਾ, ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਆਪ ਦੇ ਬੁਲਾਰੇ ਨੂੰ ਹੀ ਨਿਸ਼ਾਨਾ ਬਣਾਉਂਦੇ ਨਜ਼ਰ ਆਉਂਦੇ ਹਨ।
ਕਿਸਾਨ ਅਡੋਲਣ ਅਤੇ ਆਮ ਆਦਮੀ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਲੋਕਾਂ ਵਿਚ ਅਜਿਹੀ ਜਾਗ੍ਰਤੀ ਆਈ ਕਿ ਲੋਕ ਕੇਵਲ ਸਵਾਲ ਹੀ ਨਹੀਂ ਕਰਨ ਲੱਗੇ ਸਗੋਂ ਪੰਜਾਬੀ ਇਨ੍ਹਾਂ ਨੂਰਾ ਕੁਸ਼ਤੀ ਵਾਲੀਆਂ ਦੋਹਾਂ ਪਾਰਟੀਆਂ ਨੂੰ ਅਜਿਹਾ ਧੋਬੀ ਪਟਕਾ ਮਾਰਿਆ ਕਿ ਉਕਤ ਵਿਰੋਧੀ ਕਈ ਸਾਲ ਇਹ ਸੱਤਾ ਦੇ ਅਨੰਦ ਬਾਰੇ ਸੋਚਣਗੇ ਤਾਂ ਜ਼ਰੂਰ ਪਰ ਸ਼ਾਇਦ ਅਨੰਦ ਨਾ ਮਾਣ ਸਕਣ।
ਬੱਸ ਇਸੇ ਦੁੱਖ ਤੋਂ ਖ਼ਫ਼ਾ ਇਹ ਸਾਰੀਆਂ ਪਾਰਟੀਆਂ ਦੇ ਲੀਡਰ ਕੋਈ ਵੀ ਮਸਲਾ ਜਾਂ ਗੱਲ ਹੋਵੇ ਬਿਨਾਂ ਪੰਜਾਬ ਦਾ ਭਲਾ ਸੋਚਿਆਂ (ਅਪਣੇ ਕਾਲੇ ਕਾਰਨਾਮੇ ਭੁੱਲ) ਸਾਰੇ ਨੁਕਸ (ਸਿਰਫ਼ ਡੇਢ ਸਾਲ ਪੁਰਾਣੀ) ਮਾਨ ਸਰਕਾਰ ਵਿਚ ਕੱਢਣੇ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਖ਼ਫ਼ਾ ਹੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰੋਜ਼ ਰੋਜ਼ ਦੀ ਕਿਚ ਕਿਚ (ਕਿ ਪੰਜਾਬ ਨੂੰ ਕਿਸ ਨੇ ਡੋਬਿਆ) ਨੂੰ ਲੋਕਾਂ ਸਾਹਮਣੇ ਲਿਆਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ, ਪ੍ਰਧਾਨਾਂ ਅਤੇ ਨੇਤਾ ਵਿਰੋਧੀ ਧਿਰ ਨੂੰ ਇਕ ਨਵੰਬਰ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੰਜਾਬ ਦੇ ਪੁਰਾਣੇ ਅਤੇ ਨਵੇਂ ਮੁੱਦਿਆਂ ’ਤੇ ਚਰਚਾ ਕਰਨ ਲਈ ਸੱਦਾ ਦੇ ਦਿਤਾ ਹੈ
ਤਾਂਕਿ ਪੰਜਾਬ ਨੂੰ ਕਰਜ਼ੇ, ਨਸ਼ਿਆਂ, ਗ਼ੈਂਗਸਟਰ ਕਲਚਰ, ਬੇਰੁਜ਼ਗਾਰੀ ਅਤੇ ਬੇਅਦਬੀਆਂ ਆਦਿ ਵਿਚ ਧਕੇਲਣ ਵਾਲਿਆਂ ਦਾ ਅਸਲ ਚਿਹਰਾ ਪੰਜਾਬੀਆਂ ਸਾਹਮਣੇ ਆ ਹੀ ਜਾਵੇ ਪਰ ਹੁਣ 1 ਨਵੰਬਰ ਨੂੰ ਸਾਰੀਆਂ ਪਾਰਟੀਆਂ ਦੇ ਆਗੂ ਇਕ ਦੂਜੇ ਦੇ ਚਿੱਠੇ ਖੋਲ੍ਹਣ ਦੀ ਬਜਾਏ ਸਾਰੇ ਆਪਸੀ ਮਤਭੇਦ ਭੁਲਾ ਕੇ, ਪੰਜਾਬ ਦੇ ਭਖਦੇ ਮੁੱਦਿਆਂ, ਐਸ.ਵਾਈ.ਐਲ, ਚੰਡੀਗੜ੍ਹ, ਬੀਬੀਐਮਬੀ, ਕਿਸਾਨੀ, ਜਵਾਨੀ, ਬੇਅਦਬੀ ਦਾ ਇਨਸਾਫ਼ ਅਤੇ ਵਪਾਰ ਨੂੰ ਬਚਾਉਣ ਲਈ ਸਿਰਜੋੜ ਕੇ ਬੈਠਣਗੇ। ਜੇ ਅਜਿਹਾ ਨਾ ਹੋਇਆ ਤਾਂ ਜਿਥੇ ਪੰਜਾਬ ਹੋਰ ਬਹੁਤ ਪਿੱਛੇ ਚਲਾ ਜਾਵੇਗਾ, ਉਥੇ ਇਨ੍ਹਾਂ ਸਾਰੇ ਲੀਡਰਾਂ ਨੂੰ ਪੰਜਾਬੀ ਕਦੇ ਵੀ ਮੁਆਫ਼ ਨਹੀਂ ਕਰਨਗੇ।