
13 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਕੁੱਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਪਾਰਟੀਆਂ ਨਾਲ ਗਠਜੋੜ ਕਰ ਕੇ ਬਣਾਈ ਸਰਕਾਰ
2017 ਦੀਆਂ ਚੋਣਾਂ ਵਿਚ ਕਾਂਗਰਸ 17 ਸੀਟਾਂ ਜਿੱਤ ਕੇ ਵੀ ਨਾ ਬਣਾ ਸਕੀ ਸਰਕਾਰ
ਪਣਜੀ : ਗੋਆ ਵਿਚ ਬੀਤੇ 5 ਸਾਲਾਂ ਦੌਰਾਨ ਲਗਭਗ 24 ਵਿਧਾਇਕਾਂ ਨੇ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਹੱਥ ਫੜਿਆ ਹੈ, ਜੋ 40 ਮੈਂਬਰੀ ਰਾਜ ਵਿਧਾਨ ਸਭਾ ਵਿਚ ਵਿਧਾਇਕਾਂ ਦੀ ਕੁੱਲ ਗਿਣਤੀ ਦਾ 60 ਫ਼ੀ ਸਦੀ ਹੈ | ਇਕ ਸੰਗਠਨ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ |
'ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮ' (ਏ.ਡੀ.ਆਰ.) ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਇਸ ਮਾਮਲੇ ਵਿਚ ਗੋਆ ਨੇ ਇਕ ਅਨੋਖਾ ਰਿਕਾਰਡ ਕਾਇਮ ਕੀਤਾ ਹੈ, ਜਿਸ ਦੀ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ | ਗੋਆ 'ਚ 14 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ |
Indian National Congress
ਰਿਪੋਰਟ ਵਿਚ ਕਿਹਾ ਗਿਆ ਹੈ,''ਮੌਜੂਦਾ ਵਿਧਾਨ ਸਭਾ (2017-2022) ਦੇ 5 ਸਾਲ ਦੇ ਕਾਰਜਕਾਲ ਦੌਰਾਨ ਲਗਭਗ 24 ਵਿਧਾਇਕਾਂ ਨੇ ਦਲ ਬਦਲਿਆ, ਜੋ ਸਦਨ ਵਿਚ ਵਿਧਾਇਕਾਂ ਦੀ ਕੁੱਲ ਗਿਣਤੀ ਦਾ 60 ਫ਼ੀ ਸਦੀ ਹਿੱਸਾ ਹੈ | ਭਾਰਤ ਵਿਚ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ | ਇਸ ਨਾਲ ਲੋਕਾਂ ਵਲੋਂ ਪਾਈਆਂ ਵੋਟਾਂ ਦੇ ਘੋਰ ਨਿਰਾਦਰ ਦੀ ਗੱਲ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ ਅਤੇ ਲਾਲਚ ਨੈਤਿਕ ਨਜ਼ਰੀਏ ਅਤੇ ਅਨੁਸ਼ਾਸਨ 'ਤੇ ਭਾਰੀ ਪੈਂਦਾ ਦਿਖਾਈ ਦਿੰਦਾ ਹੈ |''
ਰਿਪੋਰਟ ਵਿਚ ਕਿਹਾ ਗਿਆ ਹੈ ਕਿ 24 ਵਿਧਾਇਕਾਂ ਦੀ ਸੂਚੀ ਵਿਚ ਵਿਸ਼ਵਜੀਤ ਰਾਣੇ, ਸੁਭਾਸ਼ ਸ਼ਿਰੋਡਕਰ ਅਤੇ ਦਯਾਨੰਦ ਸੋਪਟੇ ਦਾ ਨਾਮ ਸ਼ਾਮਲ ਨਹੀਂ ਹੈ, ਜਿਨ੍ਹਾਂ ਨੇ 2017 ਵਿਚ ਕਾਂਗਰਸ ਵਿਧਾਇਕਾਂ ਦੇ ਰੂਪ 'ਚ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਸੀ | ਉਹ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਉਸ ਦੇ ਟਿਕਟ 'ਤੇ ਚੋਣ ਲੜੀ ਸੀ | ਕਾਂਗਰਸ ਦੇ 10 ਵਿਧਾਇਕ 2019 ਵਿਚ ਪਾਰਟੀ ਛੱਡ ਭਾਜਪਾ 'ਚ ਸ਼ਾਮਲ ਹੋ ਗਏ ਸਨ | ਇਨ੍ਹਾਂ 'ਚ ਵਿਰੋਧੀ ਧਿਰ ਦੇ ਨੇਤਾ ਚੰਦਰਕਾਂਤ ਕਾਵਲੇਕਰ ਵੀ ਸ਼ਾਮਲ ਸਨ |
BJP
ਸਾਲੀਗਾਓਾ ਤੋਂ ਗੋਆ ਫਾਰਵਰਡ ਪਾਰਟੀ (ਜੀ.ਐਫ.ਪੀ.) ਦੇ ਵਿਧਾਇਕ ਜਯੇਸ ਸਲਗਾਂਵਕਰ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ | ਹਾਲ ਹੀ ਵਿਚ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਪੋਂਡਾ ਤੋਂ ਕਾਂਗਰਸ ਵਿਧਾਇਕ ਰਵੀ ਨਾਇਕ ਸੱਤਾਧਾਰੀ ਭਗਵਾ ਪਾਰਟੀ ਵਿਚ ਸ਼ਾਮਲ ਹੋਏ ਹਨ | ਇਕ ਹੋਰ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਲੁਈਜਿਨਹੋ ਫਲੇਰੋ (ਨਵੇਲਿਮ) ਤਿ੍ਣਮੂਲ ਕਾਂਗਰਸ (ਟੀ.ਐਮ.ਸੀ) 'ਚ ਸ਼ਾਮਲ ਹੋ ਗਏ ਹਨ ਅਤੇ 14 ਫ਼ਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾ ਰਹੇ ਹਨ |
ਸਾਬਕਾ ਮੁੱਖ ਮੰਤਰੀ ਚਰਚਿਲ ਅਲੇਮਾਓ, ਜੋ 2017 'ਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਟਿਕਟ 'ਤੇ ਜਿੱਤੇ ਸਨ, ਨੇ ਵੀ ਹਾਲ ਹੀ ਵਿਚ ਟੀ.ਐਮ.ਸੀ. ਦਾ ਰੁਖ਼ ਕੀਤਾ | ਸਾਲ 2017 ਦੀਆਂ ਚੋਣਾਂ ਵਿਚ, ਕਾਂਗਰਸ 40 ਮੈਂਬਰੀ ਸਦਨ ਵਿਚ 17 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਪਰ ਸਰਕਾਰ ਨਹੀਂ ਬਣਾ ਸਕੀ, ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ
ਪਾਰਟੀਆਂ ਨਾਲ ਗਠਜੋੜ ਬਣਾ ਲਿਆ ਸੀ |