
ਪੁਲਿਸ ਵਲੋਂ ਆਮ ਲੋਕਾਂ ਨਾਲ ਨਾਜਾਇਜ਼ ਤੌਰ 'ਤੇ ਕੁੱਟਮਾਰ ਕਰਨ ਦੇ ਮਾਮਲੇ ਪਹਿਲਾਂ ਕਈ ਵਾਰ ਸਾਹਮਣੇ ਆ ਚੁੱਕੇ ਹਨ, ਪਰ ਹੁਣ ਖ਼ਾਕੀ ਵਰਦੀ ਦੇ ਨਸ਼ੇ ਵਿਚ ਚੂਰ ਇਕ..
ਬਠਿੰਡਾ, 17 ਅਗੱਸਤ (ਦੀਪਕ ਸ਼ਰਮਾ): ਪੁਲਿਸ ਵਲੋਂ ਆਮ ਲੋਕਾਂ ਨਾਲ ਨਾਜਾਇਜ਼ ਤੌਰ 'ਤੇ ਕੁੱਟਮਾਰ ਕਰਨ ਦੇ ਮਾਮਲੇ ਪਹਿਲਾਂ ਕਈ ਵਾਰ ਸਾਹਮਣੇ ਆ ਚੁੱਕੇ ਹਨ, ਪਰ ਹੁਣ ਖ਼ਾਕੀ ਵਰਦੀ ਦੇ ਨਸ਼ੇ ਵਿਚ ਚੂਰ ਇਕ ਸਬ: ਇੰਸਪੈਕਟਰ ਵਲੋਂ ਦੋ ਕਾਂਸਟੇਬਲਾਂ ਨਾਲ ਮਿਲ ਕੇ ਇਕ ਸਹਾਇਕ ਥਾਣੇਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੁੱਟਮਾਰ ਦਾ ਸ਼ਿਕਾਰ ਹੋਏ ਸਹਾਇਕ ਥਾਣੇਦਾਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਹਸਪਤਾਲ ਵਿਚ ਤੈਨਾਤ ਡਾਕਟਰਾਂ ਨੇ ਉਕਤ ਥਾਣੇਦਾਰ ਦਾ ਡਾਕਟਰੀ ਮੁਆਇਨਾ ਕਰਨ ਤੋਂ ਬਾਅਦ ਕੁੱਟਮਾਰ ਹੋਣ ਦੀ ਪੁਸ਼ਟੀ ਕੀਤੀ ਹੈ। ਸਥਾਨਕ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਥਾਣੇਦਾਰ ਗੁਰਦੇਵ ਸਿੰਘ ਨੇ ਦਸਿਆ ਉਹ ਪੁਲਿਸ ਦੀ ਪੰਜ ਕਮਾਂਡੋ ਯੂਨਿਟ ਵਿਚ ਬਤੌਰ ਸਹਾਇਕ ਥਾਣੇਦਾਰ ਤੈਨਾਤ ਹੈ, ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਯੂਨਿਟ ਦੀ ਤੈਨਾਤੀ ਬਠਿੰਡਾ ਵਿਖੇ ਕੀਤੀ ਗਈ ਸੀ। ਲੰਘੀ 14 ਅਗੱਸਤ ਨੂੰ ਉਸ ਦੀ ਡਿਊਟੀ ਸਥਾਨਕ ਬੱਸ ਸਟੈਡ ਤੇ ਲੱਗੇ ਕਿਸਾਨ ਧਰਨੇ ਵਿਚ ਲੱਗੀ ਸੀ, ਜਿਥੇ ਕਿਸੇ ਕਾਰਨ ਕਰ ਕੇ ਉਸ ਦੀ ਬਹਿਸਬਾਜ਼ੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨਾਲ ਹੋ ਗਈ ਸੀ ਜਿਸ ਦੀ ਰੰਜਿਸ਼ ਰੱਖਦੇ ਹੋਏ ਬੀਤੀ ਰਾਤ ਐਸ ਆਈ ਸੁਖਮੰਦਰ ਸਿੰਘ ਅਤੇ ਕਾਂਸਟੇਬਲ ਅਵਤਾਰ ਸਿੰਘ, ਸੁਖਚੈਨ ਸਿੰਘ ਨੇ ਉਸ ਦੇ ਸੁੱਤੇ ਪਏ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਉਕਤ ਮੁਲਾਜ਼ਮਾਂ ਨੇ ਡਾਗਾਂ ਨਾਲ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ।
ਇਸ ਮਾਮਲੇ ਦੀ ਪੜਤਾਲ ਕਰ ਰਹੇ ਯੂਨਿਟ ਦੇ ਐਸ.ਪੀ. ਸਤਵੀਰ ਸਿੰਘ ਅਤੇ ਇੰਚਾਰਜ ਇੰਸ: ਜਗਵਿੰਦਰ ਸਿੰਘ ਨੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਵਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਅਤੇ ਕਿਹਾ ਕਿ ਕੁੱਟਮਾਰ ਹੋਣ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਉਕਤ ਥਾਣੇਦਾਰ ਸ਼ਰਾਬ ਪੀਣ ਦਾ ਆਦੀ ਹੈ। ਬੀਤੀ ਰਾਤ ਉਹ ਅਪਣੇ ਇਕ ਸਾਥੀ ਨਾਲ ਬਾਹਰੋਂ ਸ਼ਰਾਬ ਪੀ ਕੇ ਆਇਆ ਸੀ, ਜ਼ਿਆਦਾ ਸ਼ਰਾਬ ਪੀਤੀ ਹੋਣ ਕਰ ਕੇ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ ਜਿਸ ਦੇ ਚਲਦਿਆਂ ਬੀਤੀ ਰਾਤ 1 ਵਜੇ ਦੇ ਕਰੀਬ ਉਸ ਦਾ ਸਥਾਨਕ ਸਰਕਾਰੀ ਹਸਪਤਾਲ ਵਿਚੋਂ ਡਾਕਟਰੀ ਮੁਆਇਨਾ ਵੀ ਕਰਵਾਇਆ ਗਿਆ ਸੀ ਜਿਸ ਦੀ ਰੀਪੋਟ ਵਿਚ ਉਸ ਵਲੋਂ ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਅਪਣੇ ਉਪਰ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਦੋਸ਼ਾਂ ਤੋਂ ਬਚਣ ਲਈ ਉਕਤ ਸਹਾਇਕ ਥਾਣੇਦਾਰ ਕੁੱਟਮਾਰ ਕਰਨ ਵਰਗੇ ਗੰਭੀਰ ਦੋਸ਼ ਅਪਣੇ ਸਾਥੀਆਂ ਉਪਰ ਲਗਾ ਰਿਹਾ ਹੈ। ਇਸ ਤੋਂ ਇਲਾਵਾ ਇਸ ਥਾਣੇਦਾਰ ਦੇ ਸੱਟਾਂ ਕਿਵੇ ਲੱਗੀਆਂ ਇਸ ਦੀ ਜਾਂਚ ਕੀਤੀ ਜਾਵੇਗੀ।