
ਉੱਚ ਪੱਧਰੀ ਜਾਂਚ ਕਰ ਕੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਕੀਤੀ ਮੰਗ
ਚੰਡੀਗੜ੍ਹ : ਬੀਤੇ ਦਿਨੀਂ ਮਣੀਪੁਰ ਵਿਖੇ ਵਾਪਰੀ ਘਟਨਾ ਤੋਂ ਜਿਥੇ ਦੇਸ਼ ਭਰ ਵਿਚ ਗਮ ਦਾ ਆਲਮ ਹੈ ਅਤੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਗਿਆ ਹੈ।
ਸਪੀਕਰ ਸੰਧਵਾਂ ਨੇ ਮੰਗ ਕੀਤੀ ਹੈ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ਼ ਦਿਤਾ ਜਾ ਸਕੇ। ਗ੍ਰਹਿ ਮੰਤਰੀ ਨੂੰ ਲਿਖੇ ਇਸ ਖ਼ਤ ਵਿਚ ਉਨ੍ਹਾਂ ਲਿਖਿਆ ਕਿ ਮਣੀਪੁਰ ਵਿਖੇ ਵਾਪਰੀ ਇਹ ਘਟਨਾ ਅਤਿ ਨਿੰਦਣਯੋਗ ਹੈ। ਭਾਰਤ, ਜਿਥੇ ਔਰਤਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਉਸ ਦੇ ਇਕ ਹਿੱਸੇ ਵਿਚ ਔਰਤਾਂ ਨਾਲ ਵਾਪਰੀ ਇਹ ਦਰਿੰਦਗੀ ਸ਼ਰਮਸਾਰ ਕਰ ਦੇਣ ਵਾਲੀ ਹੈ।
ਇਹ ਵੀ ਪੜ੍ਹੋ: ਚਸ਼ਮਦੀਦ ਗਵਾਹ ਨਾ ਹੋਣ 'ਤੇ ਜੁਰਮ ਦੀ ਮਨਸ਼ਾ ਸਾਬਤ ਕਰਨਾ ਜ਼ਰੂਰੀ : ਸੁਪ੍ਰੀਮ ਕੋਰਟ
ਸੰਧਵਾਂ ਨੇ ਲਿਖਿਆ, ਭਾਵੇਂ ਕਿ ਇਹ ਘਟਨਾ ਮਣੀਪੁਰ ਵਿਖੇ ਵਾਪਰੀ ਹੈ ਪਰ ਇਹ ਦਿਲ ਦਹਿਲਾ ਦੇਣ ਵਾਲੀ ਸੀ। ਔਰਤਾਂ 'ਤੇ ਬੀਤੇ ਦਰਦ ਨੂੰ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਹੈ। ਸਾਡੇ ਪੂਰਵਜਾਂ ਨੇ ਵੀ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਇਸ ਲਈ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾ ਸਕਦਾ।
ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਅਤੇ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਕਰ ਸਕੇ।