ਮਾਨਤਾ ਪ੍ਰਾਪਤ ਕੌਮੀ ਅਤੇ ਸੂਬਾਈ ਪਾਰਟੀਆਂ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ
ਨਵੀਂ ਦਿੱਲੀ: ਪੂਰੇ ਦੇਸ਼ ’ਚ ਇਕੱਠੀਆਂ ਚੋਣਾਂ ਕਰਵਾਉਣ ਦੀ ਵਿਹਾਰਤਾ ਦਾ ਪਤਾ ਕਰਨ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਉੱਚ-ਪੱਧਰੀ ਕਮੇਟੀ ਨੇ ਅਪਣੇ ਕੰਮ ਕਰਨ ਦੀ ਯੋਜਨਾ ’ਤੇ ਫੈਸਲਾ ਕਰਨ ਲਈ ਸਨਿਚਰਵਾਰ ਨੂੰ ਇਕ ਬੈਠਕ ਕੀਤੀ।
ਬੈਠਕ ਤੋਂ ਬਾਅਦ ਜਾਰੀ ਬਿਆਨ ਅਨੁਸਾਰ ਕਮੇਟੀ ਨੇ ਇਕੱਠਿਆਂ ਚੋਣਾਂ ਕਰਵਾਉਣ ਦੀ ਵਿਹਾਰਤਾ ਦਾ ਪਤਾ ਕਰਨ ਲਈ ਇਸ ਮੁੱਦੇ ’ਤੇ ਵਿਚਾਰ ਲਈ ਮਾਨਤਾ ਪ੍ਰਾਪਤ ਕੌਮੀ, ਸੂਬਾਈ ਪਾਰਟੀਆਂ ਨੂੰ ਸੱਦਣ ਦਾ ਫੈਸਲਾ ਕੀਤਾ ਹੈ। ਕਮੇਟੀ ਇਕੱਠਿਆਂ ਚੋਣਾਂ ਕਰਵਾਉਣ ਦੇ ਮੁੱਦੇ ’ਤੇ ਸੁਝਾਅ ਦੇਣ ਲਈ ਕਾਨੂੰਨ ਕਮਿਸ਼ਨ ਨੂੰ ਵੀ ਸੱਦੇਗੀ।
ਸਰਕਾਰ ਨੇ ਲੋਕ ਸਭਾ, ਸੂਬਾ ਵਿਧਾਨ ਸਭਾਵਾਂ, ਸ਼ਹਿਰੀ ਸੰਸਥਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੱਠਿਆਂ ਕਰਵਾਉਣ ਦੇ ਮੁੱਦੇ ’ਤੇ ਸਿਫ਼ਾਰਸ਼ ਕਰਨ ਲਈ ਦੋ ਸਤੰਬਰ ਨੂੰ ਅੱਠ ਮੈਂਬਰੀ ‘ਉੱਚ-ਪੱਧਰੀ ਕਮੇਟੀ’ ਨੋਟੀਫ਼ਾਈ ਕੀਤੀ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਸਭਾ ’ਚ ਵਿਰੋਧੀ ਧਿਰ ਦੇ ਸਾਬਕਾ ਆਗੂ ਗੁਲਾਮ ਨਬੀ ਆਜ਼ਾਦ ਅਤੇ ਵਿੱਤ ਕਮਿਸ਼ਨ ਦੇ ਸਾਬਕਾ ਪ੍ਰਧਾਨ ਐਨ.ਕੇ. ਸਿੰਘ ਕਮੇਟੀ ਦੇ ਮੈਂਬਰਾਂ ’ਚ ਸ਼ਾਮਲ ਹਨ। ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੀ ਇਸ ਦੇ ਮੈਂਬਰ ਸਨ। ਹਾਲਾਂਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ’ਚ ਕਮੇਟੀ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ।
ਸੂਤਰਾਂ ਨੇ ਕਿਹਾ ਕਿ ਇਹ ਬੈਠਕ ਸ਼ੁਰੂਆਤੀ ਪੱਧਰੀ ਦੀ ਸੀ ਅਤੇ ਕਮੇਟੀ ਦੇ ਮੈਂਬਰਾਂ ਨੂੰ ਦਿਤੀਆਂ ਗਈਆਂ ਤਾਕਤਾਂ ਬਾਰੇ ਅੱਗੇ ਵਧਣ ਦੇ ਤੌਰ-ਤਰੀਕਿਆਂ ’ਤੇ ਚਰਚਾ ਕਰਨ ਲਈ ਬੈਠਕ ਸੱਦੀ ਗਈ ਸੀ।