ਕਿਹਾ, ਸੰਸਦ ਭਵਨ ਦੇ ਉਦਘਾਟਨ ਸਮਾਗਮ ’ਚ ਰਾਸ਼ਟਰਪਤੀ ਨੂੰ ਨਾ ਸਦਣਾ ਉਨ੍ਹਾਂ ਦੀ ਬੇਇੱਜ਼ਤੀ
ਜੈਪੁਰ: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਹੈ ਕਿ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਵੀਂ ਸੰਸਦ ਭਵਨ ਦੇ ਨੀਂਹ ਪੱਥਰ ਸਮਾਗਮ ਵਿਚ ਇਸ ਲਈ ਸੱਦਾ ਨਹੀਂ ਦਿਤਾ ਗਿਆ ਸੀ ਕਿਉਂਕਿ ਉਹ ‘ਅਛੂਤ’ ਸਨ।
ਸਾਬਕਾ ਰਾਸ਼ਟਰਪਤੀ ਦੀ ਜਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਨੀਂਹ ਪੱਥਰ ਕਿਸੇ ਅਛੂਤ ਨੇ ਰਖਿਆ ਹੁੰਦਾ ਤਾਂ ਕੁਦਰਤੀ ਤੌਰ ’ਤੇ ਉਸ ਨੂੰ ਗੰਗਾ ਜਲ ਨਾਲ ਧੋਣਾ ਪੈਂਦਾ।
ਜੈਪੁਰ ’ਚ ਪਾਰਟੀ ਵਰਕਰਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੂੰ ਵੀ ਨਵੀਂ ਸੰਸਦ ਭਵਨ ਦੇ ਉਦਘਾਟਨ ’ਚ ਸੱਦਾ ਨਹੀਂ ਦਿਤਾ ਗਿਆ ਸੀ, ਜਦੋਂ ਕਿ ਅਦਾਕਾਰਾਵਾਂ ਸਮੇਤ ਕਈ ਹੋਰਾਂ ਨੂੰ ਸੱਦਾ ਦਿਤਾ ਗਿਆ ਸੀ। ਉਨ੍ਹਾਂ ਕਿਹਾ, ‘‘ਇਹ ਰਾਸ਼ਟਰਪਤੀ ਦਾ ਅਪਮਾਨ ਹੈ।’’
ਕਾਂਗਰਸ ਆਗੂ ਨੇ ਔਰਤਾਂ ਲਈ ਰਿਜ਼ਰਵੇਸ਼ਨ ਬਿਲ ਨੂੰ ਲੈ ਕੇ ਮੋਦੀ ਸਰਕਾਰ ਦੇ ਇਰਾਦਿਆਂ ’ਤੇ ਵੀ ਸਵਾਲ ਚੁੱਕੇ ਅਤੇ ਦਾਅਵਾ ਕੀਤਾ ਕਿ ਭਾਜਪਾ ਔਰਤਾਂ ਨੂੰ ਰਾਖਵਾਂਕਰਨ ਨਹੀਂ ਦੇਣਾ ਚਾਹੁੰਦੀ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਠੀਕ ਪਹਿਲਾਂ ਔਰਤਾਂ ਲਈ ਰਿਜ਼ਰਵੇਸ਼ਨ ਬਿਲ ਬਾਰੇ ਇਸ ਕਾਰਨ ਸੋਚਿਆ, ਕਿਉਂਕਿ ਕਈ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਗਠਜੋੜ ਬਣਾ ਲਿਆ ਸੀ। ਉਨ੍ਹਾਂ ਕਿਹਾ, ‘‘ਜਦੋਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮੈਂ ਵਿਰੋਧੀ ਧਿਰ ਦੇ ਗਠਜੋੜ ‘ਇੰਡੀਆ’ ਬਾਰੇ ਸੋਚਣ ਲਈ ਇਕੱਠੇ ਹੋਏ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿਮਾਗ ’ਚ ਔਰਤਾਂ ਲਈ ਰਾਖਵਾਂਕਰਨ ਬਿਲ ਦਾ ਵਿਚਾਰ ਆਇਆ।’’
ਖੜਗੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਵਿਰੁਧ ਚਾਰ ਉਮੀਦਵਾਰ ਖੜ੍ਹੇ ਕੀਤੇ ਹਨ- ਭਾਜਪਾ ਉਮੀਦਵਾਰ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਆਮਦਨ ਟੈਕਸ ਵਿਭਾਗ (ਆਈ.ਟੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.)।