
ਉਹਨਾਂ ਨੇ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਦੇ ਵੇਰਵੇ ਅਤੇ ਸਬੂਤਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਸੀਐਮ ਮਾਨ ਵੱਲੋਂ ਕੀਤੀ ਗਈ ਕਾਰਵਾਈ ਦਾ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਦੇ ਵੇਰਵੇ ਅਤੇ ਸਬੂਤਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ “ਮੈਂ ਭਗਵੰਤ ਮਾਨ ਜੀ ਵੱਲੋਂ ਕੈਬਨਿਟ ਮੰਤਰੀ ਡਾਕਟਰ ਸਿੰਗਲਾ ਖਿਲਾਫ ਕਾਰਵਾਈ ਦਾ ਸਵਾਗਤ ਕਰਦਾ ਹਾਂ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਸਿੰਗਲਾ ਨੂੰ ਇਹ ਅਹੁਦਾ ਖੁਦ ਮੁੱਖ ਮੰਤਰੀ ਨੇ ਦਿੱਤਾ ਸੀ। ਮੈਂ ਸੂਬੇ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਉਂਦਾ ਰਿਹਾ ਹਾਂ ਜਦਕਿ ਮਾਨ ਸਾਬ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਹੋਣ ਦਾ ਐਲਾਨ ਕਰ ਰਹੇ ਹਨ”।
ਉਹਨਾਂ ਅੱਗੇ ਲਿਖਿਆ, “ ਮਾਨ ਸਾਬ੍ਹ ਨੂੰ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵੇਰਵੇ ਅਤੇ ਇਸ ਦੋਸ਼ ਦੇ ਸਬੂਤ ਵੀ ਜਨਤਕ ਕਰਨ। ਅਸੀਂ ਇਕ ਲੋਕਤੰਤਰ ਵਿਚ ਰਹਿੰਦੇ ਅਤੇ ਨਿਯੁਕਤੀਆਂ ਅਤੇ ਬਰਖਾਸਤਗੀਆਂ ਦੀ ਇਕ ਵਿਧੀ ਹੈ। ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰ ਸਿੰਗਲਾ ਵੱਲੋਂ ਲਏ ਗਏ ਇਸ ਪੈਸੇ ਦੀ ਪਾਈਪਲਾਈਨ ਵਿਚ ਹੋਰ ਕੌਣ ਸ਼ਾਮਲ ਸੀ”।