
ਕਾਂਗਰਸ ਵਿਚ ਪ੍ਰਧਾਨ ਦੇ ਅਹੁਦੇ ਲਈ ਆਖਰੀ ਚੋਣ ਸਾਲ 2000 ਵਿਚ ਹੋਈ ਸੀ। ਉਦੋਂ ਸੋਨੀਆ ਗਾਂਧੀ ਦੇ ਸਾਹਮਣੇ ਜਿਤੇਂਦਰ ਪ੍ਰਸਾਦ ਸਨ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਪ੍ਰਕਿਰਿਆ 30 ਸਤੰਬਰ ਤੱਕ ਜਾਰੀ ਰਹੇਗੀ। 1 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਸੇ ਦਿਨ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ। ਜੇਕਰ ਇਕ ਤੋਂ ਵੱਧ ਕਾਂਗਰਸੀ ਆਗੂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ ਤਾਂ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 19 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।
ਕਾਂਗਰਸ ਵਿਚ ਪ੍ਰਧਾਨ ਦੇ ਅਹੁਦੇ ਲਈ ਆਖਰੀ ਚੋਣ ਸਾਲ 2000 ਵਿਚ ਹੋਈ ਸੀ। ਉਦੋਂ ਸੋਨੀਆ ਗਾਂਧੀ ਦੇ ਸਾਹਮਣੇ ਜਿਤੇਂਦਰ ਪ੍ਰਸਾਦ ਸਨ। ਸੋਨੀਆ ਗਾਂਧੀ ਨੂੰ ਲਗਭਗ 7,448 ਵੋਟਾਂ ਮਿਲੀਆਂ ਪਰ ਜਤਿੰਦਰ ਪ੍ਰਸਾਦ ਨੂੰ 94 ਵੋਟਾਂ ਮਿਲੀਆਂ ਸਨ। ਹੁਣ ਕਾਂਗਰਸ ਪ੍ਰਧਾਨ ਦੀ ਚੋਣ ਲਈ ਉਮੀਦਵਾਰਾਂ ਦੀ ਗਿਣਤੀ ਵਧ ਗਈ ਹੈ। ਪਹਿਲਾਂ ਸ਼ਸ਼ੀ ਥਰੂਰ ਅਤੇ ਅਸ਼ੋਕ ਗਹਿਲੋਤ ਦੇ ਨਾਂ ਸਾਹਮਣੇ ਆ ਰਹੇ ਸਨ ਪਰ ਹੁਣ ਮੱਧ ਪ੍ਰਦੇਸ਼ ਦੇ ਸਾਬਕਾ ਸੀਐਮ ਦਿਗਵਿਜੇ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੀ ਸ਼ਾਮਲ ਹੋ ਗਏ ਹਨ।
ਸੀਐਮ ਦਿਗਵਿਜੇ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਵਿਚ ਖੁਦ ਨੂੰ ਦਾਅਵੇਦਾਰ ਦੱਸਿਆ ਸੀ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਨਾਂ ਵੀ ਖ਼ਬਰਾਂ ਵਿਚ ਸੀ ਪਰ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੀ 30 ਸਤੰਬਰ ਤੱਕ ਦਿੱਲੀ ਆਉਣ ਦੀ ਕੋਈ ਯੋਜਨਾ ਨਹੀਂ ਹੈ।