
ਇਰ ਹੋਰ ਭਾਜਪਾ ਸੰਸਦ ਮੈਂਬਰ ਨੇ ਅਲੀ ਵਿਰੁਧ ਜਾਂਚ ਦੀ ਅਪੀਲ ਕੀਤੀ
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ (ਬਸਪਾ) ਨੇਤਾ ਦਾਨਿਸ਼ ਅਲੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਲੋਕ ਸਭਾ ਵਿਚ ‘ਜ਼ੁਬਾਨੀ ਲਿੰਚਿੰਗ’ ਤੋਂ ਬਾਅਦ ਹੁਣ ਸਦਨ ਦੇ ਬਾਹਰ ‘ਲਿੰਚਿੰਗ’ (ਭੀੜ ਵਲੋਂ ਕਤਲ) ਲਈ ਚਰਚਾ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਲੀ ਨੇ ਇਹ ਟਿੱਪਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੇ ਦੋਸ਼ਾਂ ਦੇ ਜਵਾਬ ’ਚ ਕੀਤੀ ਹੈ। ਦੂਬੇ ਨੇ ਦੋਸ਼ ਲਾਇਆ ਸੀ ਕਿ ਅਲੀ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨਾਰਾਜ਼ ਹੋ ਗਏ।
ਉਧਰ ਦੂਬੇ ਤੋਂ ਬਾਅਦ ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਰਵੀ ਕਿਸ਼ਨ ਸ਼ੁਕਲਾ ਨੇ ਵੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਦੇ ਵਤੀਰੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸ਼ੁਕਲਾ ਨੇ ਅਲੀ ’ਤੇ ਸਦਨ ’ਚ ‘ਅਸੰਸਦੀ’ ਕੰਮਾਂ ’ਚ ਸ਼ਾਮਲ ਹੋਣ ਅਤੇ ਇਤਰਾਜ਼ਯੋਗ ਸ਼ਬਦਾਂ ਦਾ ਪ੍ਰਯੋਗ ਕਰਨ ਦਾ ਦੋਸ਼ ਲਾਇਆ ਹੈ।
ਪਿਛਲੇ ਵੀਰਵਾਰ ਨੂੰ ਲੋਕ ਸਭਾ ’ਚ ਚੰਦਰਯਾਨ-3 ’ਤੇ ਚਰਚਾ ਦੌਰਾਨ ਬਿਧੂੜੀ ਨੇ ਬਸਪਾ ਮੈਂਬਰ ਅਲੀ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿਪਣੀ ਕੀਤੀ ਸੀ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਸੀ ਅਤੇ ਵਿਰੋਧੀ ਨੇਤਾਵਾਂ ਨੇ ਭਾਜਪਾ ਸੰਸਦ ਮੈਂਬਰ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਦੂਬੇ ਨੇ ਸ਼ਨਿਚਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਬਸਪਾ ਸੰਸਦ ਦਾਨਿਸ਼ ਅਲੀ ਦੇ ‘ਅਸ਼ੋਭਨੀਕ’ ਵਿਹਾਰ ਅਤੇ ਟਿਪਣੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਲਿਖੀ ਚਿੱਠੀ ’ਚ ਦੂਬੇ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਬਿਧੂੜੀ ਦੇ ਭਾਸ਼ਣ ਦੌਰਾਨ ਅਲੀ ’ਤੇ ਵਿਘਨ ਪਾਉਣ ਅਤੇ ਅਣਸੁਖਾਵੀਂ ਟਿਪਣੀਆਂ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਅਜਿਹਾ ਕਰਨ ਦਾ ਉਨ੍ਹਾਂ ਦਾ ਮਕਸਦ ਉਸ (ਬਿਧੂੜੀ) ਨੂੰ ਉਕਸਾਉਣਾ ਸੀ ਕਿ ਉਹ ਅਪਣਾ ਸਬਰ ਗੁਆ ਬੈਠੇ।
ਦੂਬੇ ਦੇ ਦੋਸ਼ਾਂ ’ਤੇ ਅਲੀ ਨੇ ਕਿਹਾ, ‘‘ਮੈਂ ਨਿਸ਼ੀਕਾਂਤ ਦੂਬੇ ਦੀ ਚਿੱਠੀ ਵੇਖੀ ਹੈ। ਮੇਰੀ ਸਦਨ ਅੰਦਰ ਜ਼ੁਬਾਨੀ ਤੌਰ ’ਤੇ ‘ਲਿੰਚਿੰਗ’ ਕੀਤੀ ਗਈ, ਹੁਣ ਸਦਨ ਦੇ ਬਾਹਰ ਮੈਨੂੰ ‘ਲਿੰਚਿੰਗ’ ਕਰਨ ਲਈ ਚਰਚਾ ਤਿਆਰ ਕੀਤੀ ਜਾ ਰਹੀ ਹੈ।’’
ਉਨ੍ਹਾਂ ਕਿਹਾ, ‘‘ਮੈਂ ਲੋਕ ਸਭਾ ਦੇ ਸਪੀਕਰ ਨੂੰ ਇਸ ਬੇਬੁਨਿਆਦ ਦੋਸ਼ ਦੀ ਜਾਂਚ ਕਰਵਾਉਣ ਦੀ ਬੇਨਤੀ ਕਰਾਂਗਾ। ਇਹ ਬੇਬੁਨਿਆਦ ਦੋਸ਼ ਨਿਸ਼ੀਕਾਂਤ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਾਮਲਾ ਹੈ।’’
ਦੂਬੇ ਨੇ ਦੋਸ਼ ਲਾਇਆ ਕਿ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਵੀ ‘ਬਹੁਤ ਇਤਰਾਜ਼ਯੋਗ ਅਤੇ ਅਪਮਾਨਜਨਕ’ ਟਿਪਣੀਆਂ ਕੀਤੀਆਂ ਹਨ। ਨਾਲ ਹੀ, ਦੂਬੇ ਨੇ ਬਿਧੂੜੀ ਦੀਆਂ ਟਿਪਣੀਆਂ ਦੀ ਸਪੱਸ਼ਟ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਸੀ ਕਿ ਕੋਈ ਵੀ ਸਭਿਅਕ ਸਮਾਜ ਉਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।