
Satkar Kaur Gehri : ਮੈਡੀਕਲ ਕਰਵਾਉਣ ਲਈ ਪੁਲਿਸ ਲਿਆਈ ਮੋਹਾਲੀ ਦੇ ਹਸਪਤਾਲ
Satkar Kaur Gehri News in punjabi : ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਫ਼ਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਉਹਨਾਂ ਦਾ ਕੋਈ ਕਸੂਰ ਜਾਂ ਦੋਸ਼ ਨਹੀਂ ਹੈ।
ਉਹ ਸਿਆਸਤ ਦਾ ਸ਼ਿਕਾਰ ਹੋਈ ਹੈ। ਇਹ ਗੱਲ ਉਨ੍ਹਾਂ ਅੱਜ (ਵੀਰਵਾਰ) ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਮੀਡੀਆ ਦੇ ਸਾਹਮਣੇ ਕਹੀ। ਇਸ ਦੌਰਾਨ ਪੁਲਿਸ ਟੀਮ ਉਸ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਆਈ ਉਸ ਦਾ ਭਤੀਜਾ ਵੀ ਉਸ ਦੇ ਨਾਲ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਘਰੋਂ ਵੀ ਰਿਕਵਰੀ ਹੋਈ ਹੈ ਤਾਂ ਸਤਿਕਾਰ ਕੌਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਘਰੋਂ ਸੋਨਾ ਬਰਾਮਦ ਨਹੀਂ ਹੋਇਆ ਹੈ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਉਸਨੇ ਆਪਣੀ ਕਾਰ ਵੇਚੀ ਸੀ। ਉਸ ਨੇ ਪੈਸੇ ਘਰ ਵਿੱਚ ਰੱਖੇ ਹੋਏ ਸਨ। ਹਸਪਤਾਲ 'ਚ ਉਸ ਦੀ ਮੈਡੀਕਲ ਪ੍ਰਕਿਰਿਆ ਚੱਲ ਰਹੀ ਹੈ। ਪੁਲਿਸ ਵੱਲੋਂ ਉਸ ਨੂੰ ਬਾਅਦ ਦੁਪਹਿਰ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਫ਼ਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਨ੍ਹਾਂ ਦੇ ਭਤੀਜੇ ਨੂੰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਕੁੱਲ 128 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ 'ਤੇ ਆਪਣੀ ਕਾਰ ਚੜ੍ਹਾ ਦਿੱਤੀ। ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਟੀਮ ਨੇ ਮੌਕੇ ਤੋਂ ਇੱਕ ਕਰੂਜ਼ ਅਤੇ ਇੱਕ BMW ਗੱਡੀ ਵੀ ਜ਼ਬਤ ਕੀਤੀ ਹੈ।