
ਤੇਜਸਵੀ ਨੇ ਹਿੰਦੀ ਪੱਟੀ ਦੇ ਲੋਕਾਂ ਬਾਰੇ ਡੀ.ਐਮ.ਕੇ. ਸੰਸਦ ਮੈਂਬਰ ਮਾਰਨ ਦੇ ਬਿਆਨ ਦੀ ਆਲੋਚਨਾ ਕੀਤੀ
Tejashwi Condemns Maran's Remarks : ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਐਤਵਾਰ ਨੂੰ ਦ੍ਰਾਵਿੜ ਮੁਨੇਤਰਾ ਕੜਗਮ (ਡੀ.ਐੱਮ.ਕੇ.) ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਦੀ ਹਿੰਦੀ ਪੱਟੀ ਦੇ ਲੋਕਾਂ ਬਾਰੇ ਕਥਿਤ ਟਿਪਣੀ ਨੂੰ ਲੈ ਕੇ ਆਲੋਚਨਾ ਕੀਤੀ। ਮਾਰਨ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਹਿੰਦੀ ਪੱਟੀ ਦੇ ਲੋਕ ਤਾਮਿਲਨਾਡੂ ’ਚ ਪਖਾਨੇ ਸਾਫ਼ ਕਰ ਰਹੇ ਸਨ ਅਤੇ ਹੋਰ ਛੋਟੇ-ਮੋਟੇ ਕੰਮ ਕਰ ਰਹੇ ਸਨ।
ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਵਾਂਗ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਡੀ.ਐਮ.ਕੇ. ਵੀ ਇਕ ਅਜਿਹੀ ਪਾਰਟੀ ਹੈ ਜੋ ਸਮਾਜਕ ਨਿਆਂ ਵਿਚ ਵਿਸ਼ਵਾਸ ਰਖਦੀ ਹੈ ਅਤੇ ਅਜਿਹੀ ਪਾਰਟੀ ਦੇ ਨੇਤਾ ਲਈ ਅਜਿਹੀਆਂ ਟਿਪਣੀਆਂ ਕਰਨਾ ਜਾਇਜ਼ ਨਹੀਂ।
ਆਰ.ਜੇ.ਡੀ. ਨੇਤਾ ਨੇ ਕਿਹਾ, ‘‘ਜੇਕਰ ਡੀ.ਐਮ.ਕੇ. ਸੰਸਦ ਮੈਂਬਰ ਨੇ ਜਾਤ ਅਧਾਰਤ ਅਨਿਆਂ ਨੂੰ ਉਜਾਗਰ ਕੀਤਾ ਹੁੰਦਾ, ਜੇ ਉਨ੍ਹਾਂ ਨੇ ਕਿਹਾ ਹੁੰਦਾ ਕਿ ਸਿਰਫ ਕੁੱਝ ਸਮਾਜਕ ਸਮੂਹਾਂ ਦੇ ਲੋਕ ਹੀ ਅਜਿਹੇ ਖਤਰਨਾਕ ਕੰਮ ਕਰਦੇ ਹਨ, ਤਾਂ ਇਸ ਦਾ ਕੁੱਝ ਮਤਲਬ ਹੁੰਦਾ। ਪਰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਪੂਰੀ ਆਬਾਦੀ ਬਾਰੇ ਅਪਮਾਨਜਨਕ ਗੱਲਾਂ ਕਰਨਾ ਨਿੰਦਣਯੋਗ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਲੋਕਾਂ ਨੂੰ ਦੇਸ਼ ਦੇ ਦੂਜੇ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਪ੍ਰਤੀ ਆਦਰ ਨਾਲ ਵਿਵਹਾਰ ਕਰਨਾ ਚਾਹੀਦਾ ਹੈ।’’
ਮੰਨਿਆ ਜਾਂਦਾ ਹੈ ਕਿ ਯਾਦਵ ਦੇ ਸਟਾਲਿਨ ਨਾਲ ਚੰਗੇ ਨਿੱਜੀ ਸੰਬੰਧ ਹਨ। ਯਾਦਵ ਨੇ ਕਿਹਾ, ‘‘ਅਸੀਂ ਡੀ.ਐਮ.ਕੇ. ਨੂੰ ਇਕ ਅਜਿਹੀ ਪਾਰਟੀ ਦੇ ਰੂਪ ਵਿਚ ਵੇਖਦੇ ਹਾਂ ਜੋ ਸਮਾਜਕ ਨਿਆਂ ਦੇ ਸਾਡੇ ਆਦਰਸ਼ਾਂ ਵਿਚ ਵਿਸ਼ਵਾਸ ਰਖਦੀ ਹੈ। ਇਸ ਦੇ ਨੇਤਾਵਾਂ ਨੂੰ ਅਜਿਹੀਆਂ ਗੱਲਾਂ ਕਹਿਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਇਸ ਆਦਰਸ਼ ਦੇ ਉਲਟ ਹਨ।’’
ਮਾਰਨ ਦੇ ਤਾਮਿਲ ਭਾਸ਼ਾ ’ਚ ਪਿਛਲੇ ਦਿਨੀਂ ਦਿਤੇ ਭਾਸ਼ਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਜਿਸ ’ਚ ਸਾਬਕਾ ਕੇਂਦਰੀ ਮੰਤਰੀ ਨੇ ਅੰਗਰੇਜ਼ੀ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿਤਾ ਸੀ। ਮਾਰਨ ਨੇ ਦਾਅਵਾ ਕੀਤਾ ਸੀ ਕਿ ਜਿਹੜੇ ਲੋਕ ਅੰਗਰੇਜ਼ੀ ’ਚ ਮੁਹਾਰਤ ਹਾਸਲ ਕਰਦੇ ਹਨ, ਉਨ੍ਹਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕਾਂ ਤੋਂ ਉਲਟ ਸੂਚਨਾ ਤਕਨਾਲੋਜੀ (ਆਈ.ਟੀ.) ਖੇਤਰ ’ਚ ਸਨਮਾਨਜਨਕ ਨੌਕਰੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਸਿਰਫ ਹਿੰਦੀ ਜਾਣਦੇ ਹਨ ਅਤੇ ਉਹ ਤਾਮਿਲਨਾਡੂ ਵਰਗੇ ਖੁਸ਼ਹਾਲ ਸੂਬਿਆਂ ’ਚ ਪਖਾਨੇ ਅਤੇ ਸਟਰੀਟ ਸਫਾਈ ਕਰਨ ਵਾਲਿਆਂ ਅਤੇ ਉਸਾਰੀ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਪਹੁੰਚਦੇ ਹਨ।
ਬਿਹਾਰ ’ਚ ਸੱਤਾਧਾਰੀ ਮਹਾਗਠਜੋੜ ਦੀ ਸੱਭ ਤੋਂ ਵੱਡੀ ਭਾਈਵਾਲ ਆਰ.ਜੇ.ਡੀ. ਅਤੇ ਤਾਮਿਲਨਾਡੂ ’ਚ ਸੱਤਾਧਾਰੀ ਪਾਰਟੀ ਡੀ.ਐਮ.ਕੇ. ਵਿਰੋਧੀ ਗੱਠਜੋੜ ‘ਇੰਡੀਆ’ ਦਾ ਹਿੱਸਾ ਹਨ।
(For more news apart from Tejashwi Condemns Maran's Remarks, stay tuned to Rozana Spokesman)