
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਸ਼ਾਮਲ
ਅਲੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਬਾਜ਼ਾਰ ’ਚ ਚੀਨ ’ਚ ਬਣੇ ਸਾਮਾਨ ਦੇ ਹੜ੍ਹ ਨਾਲ ਘਰੇਲੂ ਛੋਟੇ ਉਦਯੋਗ, ਦਸਤਕਾਰ ਅਤੇ ਕਾਰੀਗਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਸਵੇਰੇ ਮੁਰਾਦਾਬਾਦ ਤੋਂ ਸੰਭਲ ਹੁੰਦੇ ਹੋਏ ਅਲੀਗੜ੍ਹ ਪਹੁੰਚੀ, ਜਿੱਥੇ ਉਨ੍ਹਾਂ ਦੇ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਨ।
ਵਿਰੋਧੀ ਧੜੇ ਭਾਰਤ ਦੀ ਭਾਈਵਾਲ ਸਮਾਜਵਾਦੀ ਪਾਰਟੀ (ਸਪਾ) ਦੇ ਵਰਕਰ ਅਤੇ ਸਮਰਥਕ ਵੀ ਯਾਤਰਾ ਵਿਚ ਸ਼ਾਮਲ ਹੋਏ। ਕਾਂਗਰਸ ਨੇਤਾ ਨੇ ਤਾਲਾ ਉਦਯੋਗ ਦੇ ਕੇਂਦਰ ਅਲੀਗੜ੍ਹ ’ਚ ਚੀਨੀ ਬਣੇ ਸਾਮਾਨ ਦੀ ਵਿਕਰੀ ਦਾ ਮੁੱਦਾ ਉਠਾਇਆ ਅਤੇ ਸਥਾਨਕ ਕਾਰੀਗਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਉਜਾਗਰ ਕੀਤਾ।
ਕਾਂਗਰਸ ਦੀ ਸੂਬਾ ਇਕਾਈ ਨੇ ਅਪਣੇ ਅਧਿਕਾਰਤ ਹੈਂਡਲ ’ਤੇ ਰਾਹੁਲ ਅਤੇ ਪ੍ਰਿਯੰਕਾ ਦੇ ਦੌਰੇ ਦਾ ਵੀਡੀਉ ਸਾਂਝਾ ਕੀਤਾ। ਇਸ ’ਚ ਕਿਹਾ ਗਿਆ ਹੈ, ‘‘‘ਜਨਨਾਇਕ (ਰਾਹੁਲ ਗਾਂਧੀ) ਅਤੇ ਲੋਕ ਨੇਤਾ (ਪ੍ਰਿਯੰਕਾ ਗਾਂਧੀ ਵਾਡਰਾ) ਨਾਲ ਏਕਤਾ, ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੀ ‘ਭਾਰਤ ਜੋੜੋ ਨਿਆਂ ਯਾਤਰਾ’। ਲੋਕਾਂ ਦੀ ਇਹ ਭੀੜ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦੇਵੇਗੀ ਕਿ ਜਦੋਂ ਇਕ ਤਾਨਾਸ਼ਾਹ ਦੇਸ਼ ਦੀ ਅਖੰਡਤਾ, ਪ੍ਰਭੂਸੱਤਾ ਅਤੇ ਸੰਵਿਧਾਨ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਸੀ ਤਾਂ ਅਸੀਂ ਉਸ ਨੂੰ ਇਸ ਯਾਤਰਾ ਰਾਹੀਂ ਰੋਕਿਆ ਸੀ।’’
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਪਣੇ ਸੰਬੋਧਨ ’ਚ ਕਿਹਾ, ‘‘ਦੇਸ਼ ’ਚ ਵੱਧ ਰਹੀ ਨਫ਼ਰਤ ਦਾ ਕਾਰਨ ਅਨਿਆਂ ਹੈ।’’ ਉਨ੍ਹਾਂ ਕਿਹਾ ਕਿ ਭਾਰਤ ’ਚ ਗਰੀਬਾਂ, ਕਿਸਾਨਾਂ, ਨੌਜੁਆਨਾਂ, ਔਰਤਾਂ ਨਾਲ ਬੇਇਨਸਾਫੀ ਹੋ ਰਹੀ ਹੈ। ਇਸ ਬੇਇਨਸਾਫੀ ਵਿਰੁਧ ਅਸੀਂ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕੀਤੀ ਹੈ।’’
ਯਾਤਰਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਬੇਰੋਜ਼ਗਾਰੀ ਅਨਿਆਂ ਦੇ ਦੌਰ ਦਾ ਸੱਭ ਤੋਂ ਵੱਡਾ ਸੰਕਟ ਬਣ ਗਈ ਹੈ। ਵਾਡਰਾ ਨੇ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ, ‘‘ਅਗਨੀਵੀਰ ਯੋਜਨਾ ਲਿਆ ਕੇ ਫੌਜ ’ਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੌਜੁਆਨਾਂ ਦਾ ਸੁਪਨਾ ਟੁੱਟ ਗਿਆ। ਵੱਡੀਆਂ ਸਰਕਾਰੀ ਕੰਪਨੀਆਂ ਉਦਯੋਗਪਤੀਆਂ ਨੂੰ ਵੇਚੀਆਂ ਗਈਆਂ। ਲੱਖਾਂ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ, ਪਰ ਸਾਲਾਂ ਤੋਂ ਭਰਤੀਆਂ ਨਹੀਂ ਹੁੰਦੀਆਂ, ਫਿਰ ਪੇਪਰ ਲੀਕ ਹੋ ਜਾਂਦਾ ਹੈ।’’
ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕਾਂ ਨੂੰ ਅਨਿਆਂ ਵਿਰੁਧ ਇਕਜੁੱਟ ਹੋਣ ਦਾ ਸੱਦਾ ਦਿਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਦਾ ਅਧਿਕਾਰ ਮਿਲਣ ਤਕ ਸੰਘਰਸ਼ ਜਾਰੀ ਰਖਣਾ ਚਾਹੀਦਾ ਹੈ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਸ਼ਾਮਲ
ਆਗਰਾ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਐਤਵਾਰ ਨੂੰ ਆਗਰਾ ’ਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ’ਚ ਕੱਢੀ ਜਾ ਰਹੀ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਸ਼ਾਮਲ ਹੋਏ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਾਲੇ ਆਗਾਮੀ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਵਿਚ ਸੀਟਾਂ ਦੀ ਵੰਡ ਦਾ ਸਮਝੌਤਾ ਹੋਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਪਹਿਲੀ ਵਾਰ ਇਕੱਠੇ ਆਏ ਹਨ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੋਹਾਂ ਦੇ ਪਾਰਟੀ ਵਰਕਰਾਂ ਨੇ ਅਪਣੀ ਪਾਰਟੀ ਦੇ ਨੇਤਾਵਾਂ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ।
ਆਗਰਾ ’ਚ ਰੋਡ ਸ਼ੋਅ ਦੌਰਾਨ ਰਾਹੁਲ ਅਤੇ ਅਖਿਲੇਸ਼ ਨੇ ਭੀੜ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਨ। ਇਸ ਮੌਕੇ ’ਤੇ ਬੋਲਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਕਿਹਾ, ‘‘ਅੱਜ ਕਿਸਾਨ ਸਰਕਾਰ ਵਿਰੁਧ ਖੜੇ ਹਨ। ਸਰਕਾਰ ਕਿਸਾਨਾਂ ਦੀ ਤਾਕਤ ਤੋਂ ਡਰੀ ਹੋਈ ਹੈ। ਆਉਣ ਵਾਲੇ ਸਮੇਂ ’ਚ ਭਾਜਪਾ ਪਿੱਛੇ ਹਟ ਜਾਵੇਗੀ ਅਤੇ ‘ਇੰਡੀਆ’ ਗੱਠਜੋੜ ਸਰਕਾਰ ਕਿਸਾਨਾਂ ਨੂੰ ਸਨਮਾਨ ਦੇਵੇਗੀ।’’ ਉਨ੍ਹਾਂ ਇਹ ਵੀ ਕਿਹਾ ਕਿ ਪੀ.ਡੀ.ਏ. (ਪਿਛੜੇ, ਦਲਿਤ, ਘੱਟ ਗਿਣਤੀ) ਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ, ਉਹ ਇੰਨੇ ਸਾਲਾਂ ਬਾਅਦ ਵੀ ਨਹੀਂ ਦਿਤਾ ਗਿਆ ਅਤੇ ਜੋ ਮਿਲ ਰਿਹਾ ਸੀ, ਉਹ ਭਾਜਪਾ ਨੇ ਲੁੱਟ ਲਿਆ ਹੈ।
ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਦੀਪ ਮਾਥੁਰ ਨੇ ਦਸਿਆ ਕਿ ਇਸ ਤੋਂ ਪਹਿਲਾਂ ਰਾਹੁਲ ਅਤੇ ਅਖਿਲੇਸ਼ ਨੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਇਸ ਪੜਾਅ ’ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਦਾ ਪੂਰਾ ਮਾਹੌਲ ਨਜ਼ਰ ਆ ਰਿਹਾ ਹੈ। ਦੋਹਾਂ ਪਾਰਟੀਆਂ ਦੇ ਵਰਕਰਾਂ ’ਚ ਉਤਸ਼ਾਹ ਹੈ। ਇਸ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਸਕਾਰਾਤਮਕ ਅਸਰ ਪਵੇਗਾ। (ਪੀਟੀਆਈ)