
ਕਣਕ ਦੀ ਖ਼ਰੀਦ ਅਤੇ ਖ਼ੁਦਕੁਸ਼ੀਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਚੁੱਕੇ ਸਵਾਲ
ਚੰਡੀਗੜ੍ਹ : ਸੂਬੇ ਦੀ ਸੱਤਾਧਾਰੀ ਮਾਨ ਸਰਕਾਰ 'ਤੇ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਦਿੱਲੀ ਦੌਰਾ ਰੱਦ ਕਰਨ ਬਾਰੇ ਕਿਹਾ ਹੈ।
Bhagwant Mann
ਉਨ੍ਹਾਂ ਕਿਹਾ ਕਿ ਸੂਬੇ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਚਲ ਰਹੀਆਂ ਹਨ ਜੋ ਬਹੁਤ ਹੀ ਗੰਭੀਰ ਹਨ। ਇਸ ਲਈ ਦਿੱਲੀ ਜਾਣ ਦੀ ਬਜਾਇ ਮੁੱਖ ਮੰਤਰੀ ਨੂੰ ਸੂਬੇ ਵਿਚ ਰਹਿ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਟਵੀਟ ਵਿਚ ਲਿਖਿਆ, ''ਭਗਵੰਤ ਮਾਨ ਸਾਬ੍ਹ, ਨੀਤੀ ਅਤੇ ਨੀਅਤ ਨਾਲ ਹੀ ਸੂਬੇ ਚਲਦੇ ਹਨ! 15 ਸਾਲ ਦੀ ਸਭ ਤੋਂ ਘੱਟ ਕਣਕ ਦੀ ਖ਼ਰੀਦ ਅਤੇ 25 ਦਿਨਾਂ ਵਿਚ 14 ਕਿਸਾਨਾਂ ਵਲੋਂ ਕੀਤੀਆਂ ਖ਼ੁਦਕੁਸ਼ੀਆਂ।
Raja Waring
ਮੁੱਖ ਮੰਤਰੀ ਜੀ ਕੀ ਤੁਸੀਂ ਅੰਨਦਾਤਾ ਵਲੋਂ 'ਆਪ' ਨੂੰ ਦਿਤੀਆਂ ਵੋਟਾਂ ਦੀ ਉਨ੍ਹਾਂ ਨੂੰ ਸਜ਼ਾ ਦੇ ਰਹੇ ਹੋ? ਦਿੱਲੀ ਵੱਲ ਭੱਜਣਾ ਬੰਦ ਕਰੋ ਅਤੇ ਕੁਝ ਸਮਾਂ ਪੰਜਾਬ 'ਚ ਬਿਤਾਓ, ਸਮੱਸਿਆਵਾਂ ਬਹੁਤ ਗੰਭੀਰ ਹਨ।''
ਜ਼ਿਕਰਯੋਗ ਹੈ ਕਿ ਬੀਤੇ ਕੱਲ ਵੀ ਰਾਜਾ ਵੜਿੰਗ ਵਲੋਂ ਸੂਬੇ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦਾ ਮੁੱਦਾ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ 1 ਮਹੀਨੇ ਵਿਚ 14 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਪੰਜਾਬ ਸਰਕਾਰ ਨੇ 2000 ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿਤੇ ਹਨ।