
ਸਿੱਬਲ ਯੂਪੀ ਤੋਂ ਕਾਂਗਰਸ ਦੇ ਕੋਟੇ ਤੋਂ ਸੰਸਦ ਮੈਂਬਰ ਹਨ ਪਰ ਇਸ ਵਾਰ ਪਾਰਟੀ ਕੋਲ ਯੂਪੀ ਵਿਚ ਇੰਨੇ ਵਿਧਾਇਕ ਨਹੀਂ ਹਨ, ਜੋ ਉਹਨਾਂ ਨੂੰ ਮੁੜ ਰਾਜ ਸਭਾ ਵਿਚ ਭੇਜ ਸਕਣ।
ਨਵੀਂ ਦਿੱਲੀ: ਕਾਂਗਰਸ ਦੇ ਦਿੱਗਜ ਨੇਤਾ ਕਪਿਲ ਸਿੱਬਲ ਨੇ ਪਾਰਟੀ ਛੱਡ ਦਿੱਤੀ ਹੈ। ਬੁੱਧਵਾਰ ਨੂੰ ਉਹਨਾਂ ਨੇ ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਤੋਂ ਪਹਿਲਾਂ ਕਪਿਲ ਸਿੱਬਲ ਸਪਾ ਦਫ਼ਤਰ ਗਏ ਸਨ ਅਤੇ ਅਖਿਲੇਸ਼ ਯਾਦਵ ਦੇ ਨਾਲ ਰਾਜ ਸਭਾ ਪਹੁੰਚੇ। ਨਾਮਜ਼ਦਗੀ ਭਰਨ ਤੋਂ ਬਾਅਦ ਸਿੱਬਲ ਨੇ ਕਿਹਾ ਕਿ ਉਹਨਾਂ ਨੇ 16 ਮਈ ਨੂੰ ਹੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਸਿੱਬਲ ਫਿਲਹਾਲ ਯੂਪੀ ਤੋਂ ਕਾਂਗਰਸ ਦੇ ਕੋਟੇ ਤੋਂ ਸੰਸਦ ਮੈਂਬਰ ਹਨ ਪਰ ਇਸ ਵਾਰ ਪਾਰਟੀ ਕੋਲ ਯੂਪੀ ਵਿਚ ਇੰਨੇ ਵਿਧਾਇਕ ਨਹੀਂ ਹਨ, ਜੋ ਉਹਨਾਂ ਨੂੰ ਮੁੜ ਰਾਜ ਸਭਾ ਵਿਚ ਭੇਜ ਸਕਣ। ਇਸ ਲਈ ਸਿੱਬਲ ਦੇ ਭਵਿੱਖ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ। ਕਪਿਲ ਸਿੱਬਲ ਨੇ ਕਿਹਾ ਕਿ ਉਹ ਵਿਰੋਧੀ ਧਿਰ ਵਿਚ ਰਹਿ ਕੇ ਅਜਿਹਾ ਗਠਜੋੜ ਕਰਨਾ ਚਾਹੁੰਦੇ ਹਨ ਤਾਂ ਜੋ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਸਕੇ। ਕਪਿਲ ਸਿੱਬਲ ਨੇ ਕਿਹਾ ਕਿ 2024 'ਚ ਮੋਦੀ ਸਰਕਾਰ ਦਾ ਸਾਂਝਾ ਵਿਰੋਧ ਹੋਣਾ ਚਾਹੀਦਾ ਹੈ।
ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਲਈ ਦਾਖ਼ਲ ਕੀਤੀ ਨਾਮਜ਼ਦਗੀ- ਕਪਿਲ ਸਿੱਬਲ
ਕਪਿਲ ਸਿੱਬਲ ਨੇ ਕਿਹਾ, "ਮੈਂ 16 ਮਈ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।" ਉਹਨਾਂ ਕਿਹਾ ਕਿ ਸੰਸਦ ਵਿਚ ਸੁਤੰਤਰ ਆਵਾਜ਼ ਦਾ ਹੋਣਾ ਜ਼ਰੂਰੀ ਹੈ। ਜੇਕਰ ਕੋਈ ਆਜ਼ਾਦ ਆਵਾਜ਼ ਬੋਲੇ ਤਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਕਿਸੇ ਸਿਆਸੀ ਪਾਰਟੀ ਦੀ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਮੇਰਾ ਸਮਰਥਨ ਕਰਨ ਲਈ ਮੈਂ ਅਖਿਲੇਸ਼ ਯਾਦਵ ਦਾ ਧੰਨਵਾਦੀ ਹਾਂ।
ਕਾਂਗਰਸ ਛੱਡਣ ਸਬੰਧੀ ਸਵਾਲ ਦੇ ਜਵਾਬ ’ਚ ਕਪਿਲ ਸਿੱਬਲ ਨੇ ਕਿਹਾ ਕਿ ਮੈਂ ਕਾਂਗਰਸ ਬਾਰੇ ਕੁਝ ਨਹੀਂ ਕਹਾਂਗਾ। ਮੈਂ ਅਸਤੀਫਾ ਦੇ ਦਿੱਤਾ ਹੈ, ਇਸ ਲਈ ਮੇਰੇ ਲਈ ਕਾਂਗਰਸ ਬਾਰੇ ਕੁਝ ਕਹਿਣਾ ਉਚਿਤ ਨਹੀਂ ਹੈ। 30-31 ਸਾਲ ਦਾ ਰਿਸ਼ਤਾ ਛੱਡਣਾ ਆਸਾਨ ਨਹੀਂ ਹੈ। ਦੱਸ ਦੇਈਏ ਕਿ ਕਪਿਲ ਸਿੱਬਲ ਨੇ ਇੱਥੋਂ ਤੱਕ ਮੰਗ ਕੀਤੀ ਸੀ ਕਿ ਗਾਂਧੀ ਪਰਿਵਾਰ ਕਾਂਗਰਸ ਤੋਂ ਹਟ ਜਾਵੇ ਅਤੇ ਨਵੀਂ ਲੀਡਰਸ਼ਿਪ ਲਈ ਰਾਹ ਪੱਧਰਾ ਕਰੇ। ਇਸ ਬਿਆਨ ਤੋਂ ਬਾਅਦ ਉਹਨਾਂ ਨੂੰ ਪਾਰਟੀ ਆਗੂਆਂ ਦੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਸਿੱਬਲ ਨੇ ਕਾਂਗਰਸ ਤੋਂ ਵੱਖਰਾ ਰਾਹ ਚੁਣਿਆ ਹੈ। ਉਹ ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਲਈ ਜਾ ਰਹੇ ਹਨ।