
ਕੈਪਟਨ ਚੰਨਣ ਸਿੰਘ ਸਿੱਧੂ ਪ੍ਰਧਾਨ ਤੇ ਡਾ. ਗੁਰਦਰਸ਼ਨ ਢਿਲੋਂ ਹੋਣਗੇ ਸਰਪ੍ਰਸਤ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਤ ਕਰਨ ਦਾ ਐਲਾਨ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਅਕਾਲੀ ਦਲ ਮਾਨ ਦੇ ਸੰਸਥਾਪਕ ਆਗੂਆਂ ’ਚ ਸ਼ਾਮਲ ਰਹੇ ਰਿਟਾਇਰਡ ਕੈਪਟਨ ਚੰਨਣ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਵਿਚ ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਦਾ ਗਠਨ ਹੋ ਗਿਆ ਹੈ। ਇਸ ਦਾ ਸਰਪ੍ਰਸਤ ਸਿੱਖ ਬੁਧੀਜੀਵੀ ਪ੍ਰੋ. ਗੁਰਦਰਸ਼ਨ ਸਿੰਘ ਢਿਲੋਂ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਗਠਨ ਬਾਅਦ ਇਸ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਤੇ ਹੋਰ ਆਗੂਆਂ ਦੀ ਮੌਜੂਦਗੀ ਵਿਚ ਪਾਰਟੀ ਦਾ ਏਜੰਡਾ ਵੀ ਜਾਰੀ ਕੀਤਾ।
Gurdarshan Singh Dhillon
ਪ੍ਰੈਸ ਕਾਨਫ਼ਰੰਸ ਵਿਚ ਮੌਜੂਦ ਆਗੂਆਂ ’ਚ ਪਾਰਟੀ ਦੇ ਸਕੱਤਰ ਜਨਰਲ ਕੁਲਦੀਪ ਸਿੰਘ ਵਿਰਕ, ਵਿਕਰਮ ਸਿੰਘ ਬਾਜਵਾ, ਜਨਮ ਬਰਾੜ, ਡਾ. ਐਸ.ਐਸ. ਨਾਰੰਗ, ਗੁਰਪ੍ਰੀਤ ਸਿੰਘ ਮਾਨ ਕੋਟਕਪੂਰਾ, ਸੁਖਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਗੁਰੂ ਹਰ ਸਹਾਏ, ਵੀਰ ਸਿੰਘ ਪਟਿਆਲਾ, ਪ੍ਰੋ. ਹਰਪਾਲ ਸਿੰਘ ਚੰਡੀਗੜ੍ਹ, ਕਰਨਲ ਕੁਲਬੀਰ ਸਿੰਘ ਪੰਚਕੂਲਾ ਅਤੇ ਬਲਜਿੰਦਰ ਸਿੰਘ ਮਾਨਸਾ ਆਦਿ ਦੇ ਨਾਂ ਜ਼ਿਕਰਯੋਗ ਹਨ।
Capt Chanan Singh Sidhu and others
ਪਾਰਟੀ ਦੇ ਗਠਨ ਦੇ ਐਲਾਨ ਤੋਂ ਬਾਅਦ ਕੈਪਟਨ ਚੰਨਣ ਸਿੰਘ ਨੇ ਜਿਥੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਉਪਰ ਪੰਜਾਬ ਦੀ ਲੁੱਟ-ਖਸੁੱਟ ਕਰਨ ਅਤੇ ਸੂਬੇ ਨੂੰ ਬਰਬਾਦੀ ਦੀ ਕਗਾਰ ’ਤੇ ਪਹੁੰਚਾਉਣ ਦੇ ਦੋਸ਼ ਲਾਏ, ਉਥੇ ਟਕਸਾਲੀ ਅਕਾਲੀ ਆਗੂਆਂ ਦੇ ਨਾਂ ਹੇਠ ਸਥਾਪਤ ਕੀਤੇ ਜਾ ਰਹੇ ਤੀਜੇ ਬਦਲ ’ਤੇ ਵੀ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਕਿ ਟਕਸਾਲੀ ਵੀ ‘ਡਾਇਰ ਦੀ ਪਾਰਟੀ’ ’ਚ ਸਾਰੇ ਮਾੜੇ ਕੰਮਾਂ ਵਿਚ ਸ਼ਾਮਲ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਵੀ ਨਹੀਂ ਬੋਲੇ ਅਤੇ ਹੁਣ ਜਦ ਪੰਜਾਬ ’ਚੋਂ ਬਾਦਲਾਂ ਦਾ ਆਧਾਰ ਖ਼ਤਮ ਹੋ ਗਿਆ ਹੈ ਤਾਂ ਅਪਣੇ ਆਪ ਨੂੰ ਸੱਚੇ ਸੁੱਚੇ ਟਕਸਾਲੀ ਅਕਾਲੀ ਆਗੂ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਸਿਆਸੀ ਰੋਟੀਆਂ ਸੇਕਣ ਦੇ ਯਤਨ ਕਰ ਰਹੇ ਹਨ।
Maharaja Ranjit Singh
ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਸਹੀ ਅਰਥਾਂ ਵਿਚ ਲੋਕਾਂ ਨੂੰ ਆਉਂਦੀਆਂ ਚੋਣਾਂ ’ਚ ਠੋਸ ਬਦਲ ਦੇਵੇਗੀ। ਪੰਜਾਬ ਨਾਲ ਹੋਈ ਹਰ ਬੇਇਨਸਾਫ਼ੀ ਦਾ ਹਿਸਾਬ ਲਿਆ ਜਾਵੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਰਾਜ ਦਾ ਇਤਿਹਾਸ ਦੁਹਰਾਇਆ ਜਾਵੇਗਾ। ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਰਾਹੀਂ ਸੂਬੇ ਨੂੰ ਮੁੜ ਖ਼ੁਸ਼ਹਾਲੀ ਦੇ ਰਾਹ ’ਤੇ ਲਿਜਾਇਆ ਜਾਵੇਗਾ। ਸਹੀ ਅਰਥਾਂ ’ਚ ਕਾਨੂੰਨ ਦਾ ਰਾਜ ਸਥਾਪਤ ਹੋਵੇਗਾ।