
‘ਯੂ’ ਦਾ ਮਤਲਬ ਹੈ ਮੋਦੀ ਸਰਕਾਰ ਦਾ ‘ਯੂ-ਟਰਨ’: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਯੂਨੀਫਾਈਡ ਪੈਨਸ਼ਨ ਸਕੀਮ (ਯੂ.ਪੀ.ਐੱਸ.) ਦੇ ਐਲਾਨ ਨੂੰ ਲੈ ਕੇ ਐਤਵਾਰ ਨੂੰ ਕੇਂਦਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ (ਯੂ.ਪੀ.ਐੱਸ.) ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦਾ ‘ਯੂ-ਟਰਨ’ ਹੈ।
ਕਾਂਗਰਸ ਦਾ ਇਹ ਬਿਆਨ ਕੇਂਦਰੀ ਕੈਬਨਿਟ ਵਲੋਂ ਕੌਮੀ ਪੈਨਸ਼ਨ ਪ੍ਰਣਾਲੀ (ਐਨ.ਪੀ.ਐਸ.) ਤਹਿਤ 1 ਜਨਵਰੀ 2004 ਤੋਂ ਬਾਅਦ ਸੇਵਾ ’ਚ ਆਉਣ ਵਾਲਿਆਂ ਲਈ ਤਨਖਾਹ ਦੇ 50 ਫ਼ੀ ਸਦੀ ਦੇ ਬਰਾਬਰ ਪੈਨਸ਼ਨ ਦੀ ਗਰੰਟੀ ਨੂੰ ਮਨਜ਼ੂਰੀ ਦੇਣ ਤੋਂ ਇਕ ਦਿਨ ਬਾਅਦ ਆਇਆ ਹੈ।
ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ’ਚ ਏਕੀਕ੍ਰਿਤ ਪੈਨਸ਼ਨ ਸਕੀਮ (ਯੂ.ਪੀ.ਐਸ.) ਨੂੰ ਪ੍ਰਵਾਨਗੀ ਦਿਤੀ ਗਈ, ਜੋ ਗਾਰੰਟੀਸ਼ੁਦਾ ਪੈਨਸ਼ਨ ਦਾ ਭਰੋਸਾ ਦਿੰਦੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘ਯੂ.ਪੀ.ਐਸ. ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦਾ ‘ਯੂ-ਟਰਨ’ ਹੈ। 4 ਜੂਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸੱਤਾ ਦੇ ਹੰਕਾਰ ’ਤੇ ਲੋਕਾਂ ਦੀ ਤਾਕਤ ਹਾਵੀ ਹੋ ਗਈ ਹੈ।’’
ਖੜਗੇ ਨੇ ਕਿਹਾ, ‘‘ਲੰਬੀ ਮਿਆਦ ਦੇ ਪੂੰਜੀਗਤ ਲਾਭ/ਸੂਚਕਾਂਕਕਰਨ ਦੇ ਸਬੰਧ ’ਚ ਬਜਟ ’ਚ ਇਸ ਕਦਮ ਨੂੰ ਵਾਪਸ ਲੈ ਲਿਆ ਗਿਆ, ਵਕਫ ਬਿਲ ਨੂੰ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਨੂੰ ਭੇਜਿਆ ਗਿਆ, ਪ੍ਰਸਾਰਣ ਬਿਲ ਅਤੇ ਲੈਟਰਲ ਐਂਟਰੀ ਵਾਪਸ ਲੈ ਲਈ ਗਈ।’’
ਕਾਂਗਰਸ ਪ੍ਰਧਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ ਅਤੇ ਇਸ ਤਾਨਾਸ਼ਾਹੀ ਸਰਕਾਰ ਤੋਂ 140 ਕਰੋੜ ਭਾਰਤੀਆਂ ਨੂੰ ਬਚਾਵਾਂਗੇ।’’ ਉਨ੍ਹਾਂ ਕਿਹਾ ਕਿ ਇਸ ਵਿਕਲਪਕ ਯੋਜਨਾ ਨਾਲ ਕੇਂਦਰ ਸਰਕਾਰ ਦੇ 23 ਲੱਖ ਮੁਲਾਜ਼ਮਾਂ ਨੂੰ ਲਾਭ ਹੋਵੇਗਾ ਅਤੇ ਜੇਕਰ ਸੂਬੇ ਇਸ ਯੋਜਨਾ ਨਾਲ ਜੁੜਦੇ ਹਨ ਤਾਂ ਇਹ ਗਿਣਤੀ ਵਧ ਕੇ 90 ਲੱਖ ਹੋ ਸਕਦੀ ਹੈ।