
ਕਿਹਾ- ਭਾਰਤ ਭੂਸ਼ਣ ਆਸ਼ੂ ਦੇ ਜਾਣ ਮਗਰੋਂ ਤਾੜੀਆਂ ਵਜਾਉਣ ਵਾਲੇ ਵਿਰੋਧੀਆਂ ਦੇ ਮੂੰਹ 'ਤੇ ਇਸ ਤੋਂ ਵੱਡੀ ਚਪੇੜ ਨਹੀਂ ਹੋ ਸਕਦੀ
ਕਿਹਾ : ਧੱਕਾ ਕਰਨ ਵਾਲੇ ਅਫਸਰਾਂ ਨੂੰ ਵੀ ਮੋੜਨਾ ਪਵੇਗਾ ਮੁੱਲ
ਮੋਹਾਲੀ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੇਲ੍ਹ ਤੋਂ ਬਾਹਰ ਆ ਗਏ ਹਨ। ਇਸ ਬਾਰੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਸਰਕਾਰਾਂ ਧੱਕਾ ਕਰਨ 'ਤੇ ਆ ਜਾਣ ਤਾਂ ਫਿਰ ਅਦਾਲਤਾਂ ਦਾ ਸਹਾਰਾ ਹੀ ਲੈਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਅਜੇ ਚੱਲ ਰਿਹਾ ਹੈ ਅਤੇ ਅਸੀਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਗੱਲ ਕਰਦੇ ਹਾਂ ਪਰ ਉਸ ਵੇਲੇ ਜਿਨ੍ਹਾਂ ਦੇ ਕਹਿਣ 'ਤੇ ਇਹ ਹੋਇਆ ਜਾਂ ਜਿਨ੍ਹਾਂ ਨੂੰ ਇੰਟੈਰੋਗੇਟ ਕਰ ਕੇ ਜ਼ਬਰਦਸਤੀ ਦਸਤਖਤ ਕਰਨ ਲਈ ਕਿਹਾ ਗਿਆ, ਉਹ ਕੋਈ ਵੀ ਚੀਜ਼ ਨਹੀਂ ਲੱਭੀ। ਉਨ੍ਹਾਂ ਕਿਹਾ ਕਿ ਸਰਕਾਰ ਵਿਚ ਬੈਠੇ ਜੋ ਪਹਿਲਾਂ ਕਹਿੰਦੇ ਸਨ ਉਹ ਅੱਜ ਦੱਸਣ ਕਿ ਭਾਰਤ ਭੂਸ਼ਣ ਆਸ਼ੂ ਤੋਂ ਦੁਬਈ ਵਿਚ ਕਿੰਨੇ ਕੇ ਰੈਸਟੋਰੈਂਟ ਲੱਭ ਗਏ ਹਨ?
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਸ਼ਰ੍ਹੇਆਮ ਤਾਨਾਸ਼ਾਹ ਰਵੱਈਆ ਸੀ। ਅੱਠ ਮਹੀਨੇ ਇੱਕ ਬੰਦੇ ਨੂੰ ਜੇਲ੍ਹ ਵਿਚ ਰੱਖਿਆ ਗਿਆ ਜੋ ਜੇਲ੍ਹ ਜਾ ਕੇ ਅੱਜ ਬਾਹਰ ਵੀ ਆ ਗਏ ਹਨ, ਉਨ੍ਹਾਂ ਦਾ ਕੀ ਘੱਸ ਗਿਆ? ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੇ ਚਿਹਰੇ 'ਤੇ ਪਹਿਲਾਂ ਵਾਲੀ ਮੁਸਕਾਨ ਅਤੇ ਉਹੀ ਜਜ਼ਬਾ ਹੈ ਅਤੇ ਉਹ ਲੋਕਾਂ ਵਿਚ ਵਿਚਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਦਾ ਉਦੋਂ ਹੀ ਪਤਾ ਲਗਦਾ ਹੈ ਜਦੋਂ ਉਨ੍ਹਾਂ ਦੇ ਚਹੁਣਵਾਲੇ ਇੰਨੀ ਵੱਡੀ ਤਾਦਾਦ ਵਿਚ ਸਵਾਗਤ ਲਈ ਆਉਂਦੇ ਹਨ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਵਿਰੋਧੀ ਉਨ੍ਹਾਂ ਦੇ ਜਾਣ ਮਗਰੋਂ ਸੀਟੀਆਂ ਤੇ ਤਾੜੀਆਂ ਵਜਾਉਂਦੇ ਸਨ ਉਨ੍ਹਾਂ ਦੇ ਮੂੰਹ 'ਤੇ ਇਸ ਤੋਂ ਵੱਡੀ ਕੋਈ ਚਪੇੜ ਨਹੀਂ ਹੋ ਸਕਦੀ। ਇਹੀ ਉਨ੍ਹਾਂ ਲਈ ਸਭ ਤੋਂ ਵੱਡਾ ਜਵਾਬ ਹੈ।
ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ ਪਰ ਜਦੋਂ ਤੁਸੀਂ ਅਜਿਹਾ ਕੁਝ ਕਰਦੇ ਹੋ ਤਾਂ ਅੱਗੇ ਵੀ ਉਹੋ ਜਿਹੀ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਫਸਰਾਂ ਨੇ ਇਹ ਕੀਤਾ ਜਾਣ ਜਿਨ੍ਹਾਂ ਦੇ ਕਹਿਣ 'ਤੇ ਇਹ ਧੱਕਾ ਕਰਵਾਇਆ ਗਿਆ ਉਹ ਵੀ ਇਨ੍ਹਾਂ ਤਰੀਕਾਂ ਨੂੰ ਯਾਦ ਰੱਖਣ ਕਿਉਂਕਿ ਸਰਕਾਰ ਤਾਂ ਪੰਜ ਸਾਲ ਬਾਅਦ ਬਦਲ ਹੀ ਜਾਂਦੀ ਹੈ। ਭਾਰਤ ਭੂਸ਼ਣ ਆਸ਼ੂ ਤਾਂ ਬਾਹਰ ਆ ਗਏ ਹਨ ਪਰ ਜੋ ਧੱਕਾ ਉਨ੍ਹਾਂ ਅਫਸਰਾਂ ਨੇ ਕੀਤਾ ਹੈ ਉਸ ਦਾ ਮੁੱਲ ਉਨ੍ਹਾਂ ਨੂੰ ਮੋੜਨਾ ਪਵੇਗਾ।
ਰਵਨੀਤ ਬਿੱਟੂ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਸਾਡੇ ਲੁਧਿਆਣਾ ਦੀ ਤਾਕਤ ਹਨ ਅਤੇ ਉਨ੍ਹਾਂ ਦੇ ਬਾਹਰ ਆਉਣ ਨਾਲ ਸਾਡਾ ਸਾਰਾ ਕਾਂਗਰਸ ਪਰਿਵਾਰ ਬਹੁਤ ਖੁਸ਼ ਹੈ।