ਤ੍ਰਿਣਮੂਲ ਕਾਂਗਰਸ ਦੇ ‘ਕੱਟ ਐਂਡ ਕਮਿਸ਼ਨ’ ਸਭਿਆਚਾਰ ਕਾਰਨ ਸੂਬੇ ਦੇ ਨੌਜੁਆਨ ਪ੍ਰੇਸ਼ਾਨ : ਪ੍ਰਧਾਨ ਮੰਤਰੀ ਮੋਦੀ
ਭਾਜਪਾ ‘ਨੌਕਰੀ ਖਾਣ ਵਾਲੀ’ ਪਾਰਟੀ ਹੈ ਅਤੇ ਭਾਜਪਾ ਆਗੂਆਂ ਨੂੰ ਲੋਕ 26,000 ਅਧਿਆਪਕਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸਾਜ਼ਸ਼ ਰਚਣ ਲਈ ਮੁਆਫ ਨਹੀਂ ਕਰਨਗੇ : ਮੁੱਖ ਮੰਤਰੀ ਮਮਤਾ ਬੈਨਰਜੀ
ਮਾਲਦਾ/ਪਿੰਗਲਾ: ਪਛਮੀ ਬੰਗਾਲ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਆਹਮੋ-ਸਾਹਮਣੇ ਦਿਸੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲਕੱਤਾ ਹਾਈ ਕੋਰਟ ਦੇ ਇਕ ਹੁਕਮ ਤੋਂ ਬਾਅਦ ਪਛਮੀ ਬੰਗਾਲ ’ਚ ਕਰੀਬ 26,000 ਨੌਕਰੀਆਂ ਰੱਦ ਕਰਨ ਨੂੰ ਲੈ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਰਟੀ ਦੇ ‘ਕੱਟ ਐਂਡ ਕਮਿਸ਼ਨ’ ਸਭਿਆਚਾਰ ਕਾਰਨ ਸੂਬੇ ਦੇ ਨੌਜੁਆਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਹੁਣ ਘਪਲਿਆਂ ਦਾ ਦੂਜਾ ਨਾਂ ਬਣ ਗਈ ਹੈ।
ਜਦਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ‘ਨੌਕਰੀ ਖਾਣ ਵਾਲੀ’ ਪਾਰਟੀ ਹੈ ਅਤੇ ਸੂਬੇ ਦੇ ਲੋਕ ਇਸ ਦੇ ਨੇਤਾਵਾਂ ਨੂੰ ਲਗਭਗ 26,000 ਅਧਿਆਪਕਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸਾਜ਼ਸ਼ ਰਚਣ ਲਈ ਮੁਆਫ ਨਹੀਂ ਕਰਨਗੇ।
ਮੋਦੀ ਨੇ ਮਾਲਦਾ ’ਚ ਇਕ ਚੋਣ ਰੈਲੀ ’ਚ ਉਨ੍ਹਾਂ ‘ਨੌਜੁਆਨਾਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ, ਜਿਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੂੰ ਰਿਸ਼ਵਤ ਦੇਣ ਲਈ ਮਜਬੂਰੀ ’ਚ ਕਰਜ਼ਾ’ ਲਿਆ ਸੀ। ਉਨ੍ਹਾਂ ਕਿਹਾ, ‘‘ਤ੍ਰਿਣਮੂਲ ਘਪਲਿਆਂ ’ਚ ਸ਼ਾਮਲ ਹੈ, ਜਿਸ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪਾਰਟੀ ਬੰਗਾਲ ਦੇ ਨੌਜੁਆਨਾਂ ਦੇ ਭਵਿੱਖ ਨਾਲ ਖੇਡ ਰਹੀ ਹੈ।’’
ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਵੇਂ ਘੁਟਾਲਿਆਂ ’ਚ ਤ੍ਰਿਣਮੂਲ ਦੀ ਸ਼ਮੂਲੀਅਤ ਨੇ ਨਾ ਸਿਰਫ ਬੰਗਾਲ ਦੇ ਨੌਜੁਆਨਾਂ ਦੇ ਭਵਿੱਖ ਨੂੰ ਖਤਰੇ ’ਚ ਪਾਇਆ ਹੈ, ਬਲਕਿ ਹਜ਼ਾਰਾਂ ਪਰਵਾਰਾਂ ’ਤੇ ਵੀ ਮਾੜਾ ਪ੍ਰਭਾਵ ਪਾਇਆ ਹੈ।
ਉਨ੍ਹਾਂ ਕਿਹਾ, ‘‘ਅਧਿਆਪਕ ਭਰਤੀ ਘਪਲੇ ਨੇ ਲਗਭਗ 26,000 ਪਰਵਾਰਾਂ ਦੀ ਰੋਜ਼ੀ-ਰੋਟੀ ਖੋਹ ਲਈ। ਜਿਨ੍ਹਾਂ ਨੌਜੁਆਨਾਂ ਨੇ ਤ੍ਰਿਣਮੂਲ ਨੇਤਾਵਾਂ ਨੂੰ ਰਿਸ਼ਵਤ ਦੇਣ ਲਈ ਕਰਜ਼ਾ ਲਿਆ ਸੀ, ਉਹ ਹੁਣ ਇਸ ਸਥਿਤੀ ਦੇ ਬੋਝ ਹੇਠ ਦੱਬੇ ਹੋਏ ਹਨ। ਕੇਂਦਰ ਦੇਸ਼ ਦੇ ਨੌਜੁਆਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ।’’
ਕੋਲਕਾਤਾ ਹਾਈ ਕੋਰਟ ਨੇ ਸੋਮਵਾਰ ਨੂੰ ਰਾਜ ਪੱਧਰੀ ਚੋਣ ਟੈਸਟ-2016 (ਐਸਐਲਐਸਟੀ) ਦੀ ਭਰਤੀ ਪ੍ਰਕਿਰਿਆ ਰਾਹੀਂ ਪਛਮੀ ਬੰਗਾਲ ਸਰਕਾਰ ਵਲੋਂ ਚਲਾਏ ਜਾ ਰਹੇ ਅਤੇ ਸਹਾਇਤਾ ਪ੍ਰਾਪਤ ਸਕੂਲਾਂ ’ਚ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦੀਆਂ 25,753 ਨਿਯੁਕਤੀਆਂ ਨੂੰ ਰੱਦ ਕਰਨ ਦਾ ਹੁਕਮ ਦਿਤਾ।
ਉਨ੍ਹਾਂ ਕਿਹਾ, ‘‘ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ਕਾਲ ’ਚ ਸਿਰਫ ਇਕ ਚੀਜ਼ ਹੈ- ਹਜ਼ਾਰਾਂ ਕਰੋੜ ਰੁਪਏ ਦੇ ਘਪਲੇ । ਦੋਸ਼ੀ ਤ੍ਰਿਣਮੂਲ ਹੈ, ਪਰ ਪੂਰਾ ਸੂਬੇ ਅਪਣੇ ਧੋਖੇ ਅਤੇ ਘਪਲਿਆਂ ਦੀ ਕੀਮਤ ਅਦਾ ਕਰ ਰਿਹਾ ਹੈ।’’ ਸ਼ਾਰਦਾ ਚਿਟਫੰਡ ਘਪਲਾ, ਰੋਜ਼ ਵੈਲੀ ਚਿਟਫੰਡ ਘਪਲਾ ਅਤੇ ਕੋਲਾ ਤਸਕਰੀ ਘਪਲੇ ਸਮੇਤ ਵੱਖ-ਵੱਖ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਲੋਕਾਂ ਦੀ ਭਲਾਈ ਨਾਲੋਂ ਭ੍ਰਿਸ਼ਟਾਚਾਰ ਨੂੰ ਤਰਜੀਹ ਦਿੰਦੀ ਹੈ।
ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਮੁੱਦੇ ’ਤੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸੀ.ਏ.ਏ. ਨਾਗਰਿਕਤਾ ਦੇਣ ਲਈ ਹੈ, ਇਸ ਨੂੰ ਖੋਹਣ ਲਈ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਅਪਣੀ ਵੋਟ ਬੈਂਕ ਦੀ ਰਾਜਨੀਤੀ ਲਈ ਸੀ.ਏ.ਏ. ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਉਹ ਹਿੰਦੂ, ਸਿੱਖ ਅਤੇ ਬੋਧੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਵਿਰੋਧ ਕਿਉਂ ਕਰ ਰਹੇ ਹਨ, ਜਿਨ੍ਹਾਂ ਨੂੰ ਧਾਰਮਕ ਤਸ਼ੱਦਦ ਕਾਰਨ ਅਪਣੀ ਜ਼ਮੀਨ ਛੱਡਣ ਲਈ ਮਜਬੂਰ ਕੀਤਾ ਗਿਆ ਹੈ? ਸੀ.ਏ.ਏ. ਨਾਗਰਿਕਤਾ ਦੇਣ ਲਈ ਹੈ, ਖੋਹਣ ਲਈ ਨਹੀਂ।’’ ਉਨ੍ਹਾਂ ਨੇ ਵਿਰੋਧੀ ਗੱਠਜੋੜ ‘ਇੰਡੀਆ’ ਵਿਰੁਧ ਵੀ ਚੇਤਾਵਨੀ ਦਿਤੀ ਅਤੇ ਇਸ ’ਤੇ ਵੰਡਪਾਊ ਨੀਤੀਆਂ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ।
ਦੂਜੇ ਪਾਸੇ ਪਿੰਗਲਾ ’ਚ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਬੈਨਰਜੀ ਘਾਟਲ ’ਚ ਪਾਰਟੀ ਉਮੀਦਵਾਰ ਦੇਵ ਦੇ ਹੱਕ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਨਾਲ-ਨਾਲ ਸੀ.ਪੀ.ਆਈ. (ਐਮ) ਅਤੇ ਕਾਂਗਰਸ ’ਤੇ ਵੀ ਹਮਲਾ ਕੀਤਾ ਅਤੇ ਦੋਹਾਂ ਪਾਰਟੀਆਂ ਨੂੰ ਸੂਬੇ ’ਚ ਭਾਜਪਾ ਦੀਆਂ ‘ਅੱਖਾਂ ਅਤੇ ਕੰਨ’ ਦਸਿਆ।
ਉਨ੍ਹਾਂ ਕਿਹਾ, ‘‘ਤੁਸੀਂ ਆਦਮਖੋਰ ਸ਼ੇਰਾਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਨੌਕਰੀ ਖਾਣ ਵਾਲੀ ਭਾਜਪਾ ਬਾਰੇ ਸੁਣਿਆ ਹੈ? ਕੀ ਤੁਸੀਂ ਭਾਜਪਾ, ਸੀ.ਪੀ.ਆਈ. (ਐਮ) ਅਤੇ ਕਾਂਗਰਸ ਦੇ ਨੇਤਾਵਾਂ ਦੇ ਚਿਹਰਿਆਂ ’ਤੇ ਖੁਸ਼ੀ ਵੇਖੀ ਜਦੋਂ ਅਦਾਲਤ ਨੇ ਇੰਨੇ ਸਾਰੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿਤਾ?’’
ਉਨ੍ਹਾਂ ਕਿਹਾ, ‘‘ਮੈਂ ਫੈਸਲੇ ’ਤੇ ਕੋਈ ਟਿਪਣੀ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਜੱਜਾਂ ਬਾਰੇ ਕੁੱਝ ਕਹਿਣਾ ਚਾਹੁੰਦੀ ਹਾਂ। ਪਰ 26,000 ਨੌਜੁਆਨਾਂ ਦੀਆਂ ਨੌਕਰੀਆਂ ਖੋਹਣ ਤੋਂ ਬਾਅਦ, ਤੁਸੀਂ ਉਨ੍ਹਾਂ ਨੂੰ 12 ਫ਼ੀ ਸਦੀ ਵਿਆਜ ਦੇ ਨਾਲ ਤਨਖਾਹ ਵਾਪਸ ਕਰਨ ਲਈ ਕਹਿ ਰਹੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਨੌਕਰੀਆਂ ਕਰ ਸਕਦੇ ਹੋ? 26,000 ਲੋਕਾਂ ਨਾਲ ਅਜਿਹਾ ਸਲੂਕ ਕਿਵੇਂ ਕੀਤਾ ਜਾ ਸਕਦਾ ਹੈ?’’
ਬੈਨਰਜੀ ਨੇ ਕਿਹਾ, ‘‘ਅਦਾਲਤ ਦੇ ਫੈਸਲੇ ਤੋਂ ਬਾਅਦ ਭਾਜਪਾ, ਸੀ.ਪੀ.ਆਈ. (ਐਮ) ਅਤੇ ਕਾਂਗਰਸ ਦੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਤੋਂ ਇਹ ਸਾਜ਼ਸ਼ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ਦੇ ਲੋਕ ਇਨ੍ਹਾਂ ਪਾਰਟੀਆਂ ਨੂੰ ਉਨ੍ਹਾਂ ਦੀ ਭੂਮਿਕਾ ਲਈ ਮੁਆਫ ਨਹੀਂ ਕਰਨਗੇ। ਉਨ੍ਹਾਂ ਨੇ ਅਦਾਲਤ ’ਚ ਜਨਹਿਤ ਪਟੀਸ਼ਨਾਂ ਵੀ ਦਾਇਰ ਕੀਤੀਆਂ ਅਤੇ ਰਾਜ ਸਰਕਾਰ ਬੇਨਿਯਮੀਆਂ ਨੂੰ ਦੂਰ ਕਰਨ ਲਈ ਕੋਈ ਪਹਿਲ ਨਹੀਂ ਕਰ ਸਕੀ।’’