
ਵਪਾਰੀਆਂ ਨੂੰ ਭ੍ਰਿਸ਼ਟਾਚਾਰ ਤੋਂ ਸਿਰਫ਼ ਆਮ ਆਦਮੀ ਪਾਰਟੀ ਹੀ ਮੁਕਤੀ ਦਵਾ ਸਕਦੀ ਹੈ, ਕੋਈ ਹੋਰ ਪਾਰਟੀ ਨਹੀਂ- ਅਰਵਿੰਦ ਕੇਜਰੀਵਾਲ
ਗੁਜਰਾਤ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਟਾਊਨਹਾਲ ਮੀਟਿੰਗ ਦੌਰਾਨ ਵਪਾਰੀਆਂ ਨੂੰ ਪੰਜ ਗਾਰੰਟੀ ਦਿੰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਗੁਜਰਾਤ ਵਿੱਚ ਵਪਾਰੀ ਨਿਡਰ ਹੋ ਕੇ ਆਪਣਾ ਕਾਰੋਬਾਰ ਕਰ ਸਕਣਗੇ। ਅਸੀਂ ਵਪਾਰੀਆਂ ਨੂੰ ਸਰਕਾਰ ਦੇ ਹਿੱਸੇਦਾਰ ਬਣਾਵਾਂਗੇ। ਵਪਾਰੀ ਸਮੱਸਿਆਵਾਂ ਦਾ ਹੱਲ ਦੱਸਣਗੇ ਅਤੇ ਸਰਕਾਰ ਲਾਗੂ ਕਰੇਗੀ। ਵਪਾਰੀਆਂ ਦੇ ਅੰਦਰੋਂ ਡਰ ਦਾ ਮਾਹੌਲ ਖਤਮ ਕਰ ਦਿਆਂਗੇ। ਸਾਰਿਆਂ ਨੂੰ ਸਨਮਾਨ ਮਿਲੇਗਾ ਅਤੇ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਦੇਵਾਂਗੇ। ਅਸੀਂ ਛੇ ਮਹੀਨਿਆਂ ਦੇ ਅੰਦਰ ਵੈਟ ਅਤੇ ਜੀਐਸਟੀ ਦਾ ਬਕਾਇਆ ਰੀਫੰਡ ਦੇਵਾਂਗੇ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਜੀਐਸਟੀ ਪ੍ਰਣਾਲੀ ਦੇ ਹੱਕ ਵਿੱਚ ਨਹੀਂ ਹਾਂ। ਇਸ ਨੂੰ ਸਰਲ ਬਣਾਉਣ ਦੀ ਲੋੜ ਹੈ ਤਾਂ ਜੋ ਵਪਾਰੀ ਆਸਾਨੀ ਨਾਲ ਟੈਕਸ ਅਦਾ ਕਰ ਸਕਣ। 2015 ਵਿੱਚ ਜਦੋਂ ਦਿੱਲੀ ਵਿੱਚ ਸਾਡੀ ਸਰਕਾਰ ਬਣੀ ਸੀ ਤਾਂ ਦਿੱਲੀ ਸਰਕਾਰ ਦਾ ਕੁੱਲ ਮਾਲੀਆ 30,000 ਕਰੋੜ ਰੁਪਏ ਸੀ ਅਤੇ ਅੱਜ ਸੱਤ ਸਾਲਾਂ ਬਾਅਦ ਇਹ 75,000 ਕਰੋੜ ਰੁਪਏ ਹੈ। ਦਿੱਲੀ ਵਿੱਚ ਅਸੀਂ ਪੰਜ-ਸੱਤ ਸਾਲਾਂ ਤੋਂ ਟੈਕਸ ਨਹੀਂ ਵਧਾਇਆ ਅਤੇ ਰੇਡ ਬੰਦ ਕਰ ਦਿੱਤੀ। ਫਿਰ ਅਸੀਂ ਸਾਰਿਆਂ ਲਈ ਬਿਜਲੀ, ਪਾਣੀ, ਸਿੱਖਿਆ ਅਤੇ ਇਲਾਜ ਵੀ ਮੁਫ਼ਤ ਕੀਤਾ ਹੈ। ਇਸ ਸਾਲ ਦੀ ਕੈਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰੇ ਦੇਸ਼ ਵਿੱਚ ਦਿੱਲੀ ਹੀ ਅਜਿਹੀ ਸਰਕਾਰ ਹੈ, ਜੋ ਮੁਨਾਫੇ ਲਈ ਚੱਲ ਰਹੀ ਹੈ। ਸਾਨੂੰ ਗੁਜਰਾਤ ਵਿਚ ਮੌਕਾ ਦਿਓ ਅਤੇ ਦੇਖੋ। ਜੇਕਰ ਅਸੀਂ ਜੋ ਗਰੰਟੀ ਦੇ ਰਹੇ ਹਾਂ, ਉਸ ਨੂੰ ਪੂਰਾ ਨਾ ਕੀਤਾ ਤਾਂ ਮੈਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਵਾਂਗਾ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਵਪਾਰੀਆਂ ਨਾਲ ਟਾਊਨਹਾਲ ਮੀਟਿੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਵਪਾਰੀਆਂ ਨੇ ਆਪਣੇ ਸਵਾਲ ਰੱਖੇ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ। ਗੁਜਰਾਤ ਦੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੌਟਲਿਆ ਨੇ ਅਰਥ ਸ਼ਾਸਤਰ ਦੀ ਪੁਸਤਕ ਲਿਖੀ ਸੀ। ਉਸਨੇ ਆਪਣੀ ਕਿਤਾਬ ਵਿੱਚ ਇੱਕ ਚੰਗੀ ਗੱਲ ਲਿਖੀ ਸੀ ਕਿ ਇੱਕ ਰਾਜਾ ਆਪਣੀ ਜਨਤਾ ਤੋਂ ਅਜਿਹਾ ਟੈਕਸ ਲਵੇ ਕਿ ਉਸਨੂੰ ਪਤਾ ਵੀ ਨਾ ਲੱਗੇ ਕਿ ਉਸਨੇ ਟੈਕਸ ਲਿਆ ਹੈ। ਜਿਵੇਂ ਮਧੂ ਮੱਖੀ ਆਪਣੇ ਛੱਤੇ ਵਿੱਚੋਂ ਸ਼ਹਿਦ ਕੱਢਦੀ ਹੈ, ਉਸ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਸ਼ਹਿਦ ਨਿਕਲ ਗਿਆ ਹੈ।
ਜੀਐਸਟੀ ਬਹੁਤ ਗੁੰਝਲਦਾਰ ਹੈ। ਮੈਂ ਬਹੁਤ ਸਾਰੇ ਛੋਟੇ ਕਾਰੋਬਾਰੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦਾ ਕਾਰੋਬਾਰ ਜੀਐਸਟੀ ਕਾਰਨ ਬੰਦ ਹੋ ਗਿਆ ਹੈ। ਕਿਉਂਕਿ ਉਹ ਜੀਐਸਟੀ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹਨ। ਇਸ ਲਈ ਉਨ੍ਹਾਂ ਆਪਣਾ ਕਾਰੋਬਾਰ ਬੰਦ ਕਰ ਦਿੱਤਾ। ਅਜਿਹੇ ਟੈਕਸ ਦਾ ਕੀ ਫਾਇਦਾ, ਜੋ ਕਾਰੋਬਾਰ ਬੰਦ ਕਰ ਦਿੰਦਾ ਹੈ। ਸਾਨੂੰ ਪੂਰੇ ਦੇਸ਼ ਅੰਦਰ ਅਜਿਹੀ ਟੈਕਸ ਪ੍ਰਣਾਲੀ ਦੀ ਲੋੜ ਹੈ, ਜਿਸ ਨੂੰ ਲੋਕ ਆਸਾਨੀ ਨਾਲ ਸਮਝ ਸਕਣ ਅਤੇ ਟੈਕਸ ਦੇ ਸਕਣ। ਟੈਕਸ ਬਾਅਦ ਵਿੱਚ ਆਉਂਦਾ ਹੈ। ਪਹਿਲਾਂ ਅਰਥਚਾਰਾ, ਵਪਾਰ ਅਤੇ ਉਦਯੋਗ ਚੱਲਣੇ ਚਾਹੀਦੇ ਹਨ। ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ। ਉਦਯੋਗ ਅਤੇ ਦੁਕਾਨਾਂ ਚਲਦੀਆਂ ਨਹੀਂ ਅਤੇ ਕਹਿਣਗੇ ਕਿ ਪਹਿਲਾਂ ਟੈਕਸ ਦਿਓ, ਫਿਰ ਵਿਅਕਤੀ ਕਿੱਥੋਂ ਟੈਕਸ ਭਰੇਗਾ। ਜੋ ਜੀਐਸਟੀ ਬਣਾਇਆ ਗਿਆ ਹੈ ਉਹ ਬਹੁਤ ਗੁੰਝਲਦਾਰ ਹੈ। ਪੂਰੇ ਦੇਸ਼ ਵਿੱਚ ਇੱਕੋ ਜਿਹੀਆਂ ਚੀਜ਼ਾਂ 'ਤੇ ਇੱਕੋ ਜਿਹਾ ਟੈਕਸ, ਇਹ ਵੀ ਠੀਕ ਨਹੀਂ ਹੈ। ਸਾਡੇ ਦੇਸ਼ ਦੇ ਅੰਦਰ ਗੁਜਰਾਤ ਦੀ ਆਰਥਿਕਤਾ ਵੱਖਰੀ ਹੈ, ਦੂਜੇ ਰਾਜਾਂ ਵਿੱਚ ਵੱਖਰੀ। ਵਿਅਕਤੀਗਤ ਤੌਰ 'ਤੇ, ਮੈਂ ਇਸ ਪੂਰੇ ਸਿਸਟਮ ਦੇ ਹੱਕ ਵਿੱਚ ਨਹੀਂ ਹਾਂ। ਇਹ ਸਾਰਾ ਸਿਸਟਮ ਬਹੁਤ ਗੁੰਝਲਦਾਰ ਹੈ ਅਤੇ ਇਸ ਨੂੰ ਸਰਲ ਬਣਾਉਣ ਦੀ ਲੋੜ ਹੈ ਤਾਂ ਜੋ ਵਪਾਰੀ ਅਤੇ ਉਦਯੋਗਪਤੀ ਆਰਾਮ ਨਾਲ ਟੈਕਸ ਅਦਾ ਕਰ ਸਕਣ।
ਦਿੱਲੀ ਦੀ ਮਿਸਾਲ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਵਪਾਰੀ ਚੋਰ ਹੈ। ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਵਪਾਰੀ ਅਤੇ ਉਦਯੋਗਪਤੀ ਟੈਕਸ ਨਹੀਂ ਦੇਣਾ ਚਾਹੁੰਦੇ। 99 ਫੀਸਦੀ ਲੋਕ ਇਮਾਨਦਾਰੀ ਨਾਲ ਟੈਕਸ ਅਦਾ ਕਰਨਾ ਚਾਹੁੰਦੇ ਹਨ ਅਤੇ ਆਪਣਾ ਕਾਰੋਬਾਰ ਇਮਾਨਦਾਰੀ ਨਾਲ ਕਰਨਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਦੇਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਇਹ ਗੁੰਝਲਦਾਰ ਹੋ ਜਾਂਦਾ ਹੈ ਅਤੇ ਫਿਰ ਲੈਣ-ਦੇਣ ਕਰਕੇ ਨਿਪਟਾਉਣਾ ਪੈਂਦਾ ਹੈ। 2015 ਵਿੱਚ ਜਦੋਂ ਪਹਿਲੀ ਵਾਰ ਦਿੱਲੀ ਵਿੱਚ ਸਾਡੀ ਸਰਕਾਰ ਬਣੀ ਤਾਂ ਉਸ ਸਾਲ ਦਿੱਲੀ ਸਰਕਾਰ ਦਾ ਕੁੱਲ ਮਾਲੀਆ 30 ਹਜ਼ਾਰ ਕਰੋੜ ਰੁਪਏ ਸੀ। ਅੱਜ ਸੱਤ ਸਾਲਾਂ ਬਾਅਦ ਦਿੱਲੀ ਸਰਕਾਰ ਦਾ ਮਾਲੀਆ 75 ਹਜ਼ਾਰ ਕਰੋੜ ਰੁਪਏ ਹੈ।
ਇਹ ਟੈਕਸ ਸਿਰਫ਼ ਵਪਾਰੀ ਅਤੇ ਸਨਅਤਕਾਰ ਹੀ ਅਦਾ ਕਰਦੇ ਹਨ। ਅਸੀਂ ਸਰਕਾਰ ਆਉਣ 'ਤੇ ਰੇਡ ਰਾਜ ਬੰਦ ਕਰ ਦਿੱਤਾ। ਸਾਡੇ ਕੋਲ ਜਿੰਨੇ ਵੀ ਇੰਸਪੈਕਟਰ ਸਨ, ਉਨ੍ਹਾਂ ਨੂੰ ਛਾਪੇਮਾਰੀ ਕਰਨ ਤੋਂ ਰੋਕ ਦਿੱਤਾ ਗਿਆ। ਵਪਾਰੀਆਂ 'ਤੇ ਭਰੋਸਾ ਕਰਨਾ ਸਿੱਖੋ। ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਦੀਵਾਲੀ ਦਾ ਸਮਾਂ ਸੀ। ਮਨੀਸ਼ ਸਿਸੋਦੀਆ ਜੀ ਸਾਡੇ ਵਿੱਤ ਮੰਤਰੀ ਹਨ। ਕੁਝ ਵਪਾਰੀ ਮਨੀਸ਼ ਸਿਸੋਦੀਆ ਜੀ ਕੋਲ ਆਏ ਅਤੇ ਕਹਿਣ ਲੱਗੇ ਕਿ ਤੁਹਾਡਾ ਇੰਸਪੈਕਟਰ ਬਾਜ਼ਾਰ ਵਿਚ ਸ਼ਰੇਆਮ ਘੁੰਮ ਰਿਹਾ ਹੈ ਅਤੇ ਦੀਵਾਲੀ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਕੋਈ ਹੋਰ ਵਿੱਤ ਮੰਤਰੀ ਹੁੰਦਾ ਤਾਂ ਇੰਸਪੈਕਟਰ ਨੂੰ ਬੁਲਾ ਕੇ ਪੁੱਛਦਾ ਕਿ ਉਸ ਨੇ ਕਿੰਨਾ ਇਕੱਠਾ ਕੀਤਾ ਹੈ, ਮੇਰਾ ਹਿੱਸਾ ਕਿੱਥੇ ਹੈ। ਮਨੀਸ਼ ਸਿਸੋਦੀਆ ਇੱਕ ਇਮਾਨਦਾਰ ਇਨਸਾਨ ਹਨ। ਅਗਲੇ ਦਿਨ ਉਸਨੇ ਪੂਰੇ ਪੰਨੇ ਦਾ ਇਸ਼ਤਿਹਾਰ ਕੱਢਿਆ ਅਤੇ ਉਸ ਵਿੱਚ ਆਪਣਾ ਵਟਸਐਪ ਨੰਬਰ ਪਾ ਦਿੱਤਾ। ਨਾਲ ਹੀ ਕਿਹਾ ਕਿ ਜੇਕਰ ਕੋਈ ਇੰਸਪੈਕਟਰ ਤੁਹਾਡੇ ਤੋਂ ਪੈਸੇ ਲੈਣ ਆਵੇ ਤਾਂ ਉਸ ਦੀ ਫੋਟੋ ਲੈ ਕੇ ਮੈਨੂੰ ਵਟਸਐਪ ਕਰੋ। ਇਸ ਤੋਂ ਬਾਅਦ ਸਾਰੇ ਇੰਸਪੈਕਟਰਾਂ ਨੇ ਦੀਵਾਲੀ ਇਕੱਠੀ ਕਰਨੀ ਬੰਦ ਕਰ ਦਿੱਤੀ। ਸਾਡੇ ਕੋਲ ਇੱਕ ਇਮਾਨਦਾਰ ਸਰਕਾਰ ਹੈ, ਇਸ ਲਈ ਅਸੀਂ ਅਜਿਹਾ ਕਰਨ ਦੇ ਯੋਗ ਹਾਂ। ਕੁਝ ਦਿਨ ਪਹਿਲਾਂ ਹੀ ਇਹਨਾਂ (ਕੇਂਦਰ ਸਰਕਾਰ) ਨੇ ਦਹੀਂ, ਮੱਖਣ, ਲੱਸੀ, ਆਟਾ, ਕਣਕ ਅਤੇ ਚਾਵਲ 'ਤੇ ਜੀਐਸਟੀ ਲਗਾਇਆ ਸੀ। ਹੁਣ ਸਿਰਫ਼ ਹਵਾ 'ਤੇ ਜੀਐਸਟੀ ਲਗਾਉਣਾ ਬਾਕੀ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਅੰਦਰ ਅਸੀਂ ਸਰਕਾਰ ਦੇ ਅੰਦਰੋਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਅਸੀਂ ਬਹੁਤ ਸਾਰਾ ਪੈਸਾ ਬਚਾਉਣਾ ਸ਼ੁਰੂ ਕਰ ਦਿੱਤਾ। ਵਜ਼ੀਰਪੁਰ ਵਿੱਚ ਫਲਾਈਓਵਰ ਬਣਾਇਆ ਹੈ। ਇਸ ਨੂੰ 325 ਕਰੋੜ ਰੁਪਏ ਦਾ ਬਣਾਇਆ ਜਾਣਾ ਸੀ। ਅਕਸਰ ਦੇਖਿਆ ਜਾਂਦਾ ਹੈ ਕਿ 325 ਕਰੋੜ ਰੁਪਏ 'ਚ ਕੰਮ ਹੋਣਾ ਹੁੰਦਾ ਹੈ, ਫਿਰ ਇਹ ਡੇਢ ਤੋਂ ਦੋ ਹਜ਼ਾਰ ਕਰੋੜ ਤੱਕ ਚਲਾ ਜਾਂਦਾ ਹੈ। ਜੇ ਇੱਕ ਸਾਲ ਵਿੱਚ ਪੂਰਾ ਕਰਨਾ ਹੋਵੇ ਤਾਂ ਸੱਤ-ਅੱਠ ਸਾਲਾਂ ਵਿੱਚ ਪੂਰਾ ਹੁੰਦਾ ਹੈ। ਅਸੀਂ ਵਜ਼ੀਰਪੁਰ ਫਲਾਈਓਵਰ ਨੂੰ 325 ਕਰੋੜ ਦੀ ਬਜਾਏ 200 ਕਰੋੜ ਰੁਪਏ ਵਿੱਚ ਪੂਰਾ ਕੀਤਾ ਅਤੇ 125 ਕਰੋੜ ਰੁਪਏ ਦੀ ਬਚਤ ਕੀਤੀ। ਕਿਉਂਕਿ ਅਸੀਂ ਪੈਸੇ ਨਹੀਂ ਖਾਂਦੇ। ਇਸ ਤਰ੍ਹਾਂ ਅਸੀਂ ਹਰ ਕੰਮ ਦੇ ਅੰਦਰ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ। ਅੱਜ ਦਿੱਲੀ ਵਿੱਚ ਸਾਡੀ ਸਰਕਾਰ ਫਾਇਦੇ ਵਿੱਚ ਚੱਲ ਰਹੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਪਰ ਇਸ ਸਾਲ ਕੈਗ ਦੀ ਜੋ ਰਿਪੋਰਟ ਆਈ ਹੈ ਉਸ 'ਚ ਲਿਖਿਆ ਗਿਆ ਹੈ ਕਿ ਪੂਰੇ ਦੇਸ਼ 'ਚ ਦਿੱਲੀ ਦੀ ਇਕੱਲੀ ਸਰਕਾਰ ਹੈ, ਜੋ ਮੁਨਾਫੇ 'ਚ ਚੱਲ ਰਹੀ ਹੈ।
ਸਾਡੀ ਸਰਕਾਰ ਘਾਟੇ ਵਿੱਚ ਨਹੀਂ ਚੱਲ ਰਹੀ। ਅਸੀਂ ਪੰਜ-ਸੱਤ ਸਾਲਾਂ ਵਿੱਚ ਟੈਕਸ ਨਹੀਂ ਵਧਾਇਆ, ਅਸੀਂ ਰੇਡ ਬੰਦ ਕਰ ਦਿੱਤੀ, ਅਸੀਂ ਆਪਣੇ ਵਪਾਰੀਆਂ 'ਤੇ ਭਰੋਸਾ ਕੀਤਾ ਅਤੇ ਅਸੀਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਮੁਫਤਕਰ ਦਿੱਤੀਆਂ। ਬਿਜਲੀ ਅਤੇ ਪਾਣੀ ਮੁਫ਼ਤ। ਸਰਕਾਰੀ ਸਕੂਲਾਂ ਨੇ ਤਾਂ ਕਮਾਲ ਹੀ ਕਰ ਦਿੱਤੀ। ਦਿੱਲੀ ਵਿੱਚ ਦੋ ਕਰੋੜ ਲੋਕ ਹਨ ਅਤੇ ਅਸੀਂ ਹਰ ਵਿਅਕਤੀ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਹੈ। ਜੇ ਵੱਡਾ ਆਪ੍ਰੇਸ਼ਨ ਵੀ ਕਰਨਾ ਹੋਵੇ ਤਾਂ ਦਿੱਲੀ ਦੇ ਅੰਦਰ ਸਾਰਾ ਇਲਾਜ ਮੁਫ਼ਤ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ ਅਤੇ ਦੂਜਾ, ਸਰਕਾਰਾਂ ਵਿੱਚ ਫਜ਼ੂਲ ਖਰਚੀ ਹੁੰਦੀ ਸੀ ਉਸਨੂੰ ਬੰਦ ਕੀਤਾ ਹੈ। 10 ਰੁਪਏ ਦਾ ਕੰਮ 100 ਰੁਪਏ ਵਿੱਚ ਹੁੰਦਾ ਸੀ। ਅਸੀਂ ਫਾਲਤੂ ਖਰਚ ਕਰਨਾ ਬੰਦ ਕਰ ਦਿੱਤਾ ਅਤੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ। ਮੈਨੂੰ ਲਗਦਾ ਹੈ ਕਿ ਇਹ ਮੰਤਰ ਹੈ। ਨਹੀਂ ਤਾਂ ਜੀਐਸਟੀ ਵਧਾਉਂਦੇ ਰਹਿੰਦੇ ਹਨ ਅਤੇ ਜਨਤਾ ਪੈਸੇ ਦਿੰਦੀ ਰਹਿੰਦੀ ਹੈ। ਇਸ ਦਾ ਕੋਈ ਅੰਤ ਨਹੀਂ ਹੈ। ਤੁਸੀਂ ਉੱਪਰੋਂ ਲੈ ਰਹੇ ਹੋ ਅਤੇ ਹੇਠਾਂ ਤੋਂ ਭ੍ਰਿਸ਼ਟਾਚਾਰ ਅਤੇ ਫਜ਼ੂਲਖ਼ਰਚੀ ਦੇ ਰੂਪ ਵਿੱਚ ਬਾਹਰ ਆ ਰਹੇ ਹੋ। ਸਾਰੇ ਲੀਕੇਜ ਹੀ ਲੀਕੇਜ ਹੈ। ਜਦੋਂ ਤੱਕ ਤੁਸੀਂ ਲੀਕੇਜ ਨੂੰ ਨਹੀਂ ਰੋਕਦੇ, ਇਹ ਕਿਵੇਂ ਹੋਵੇਗਾ?
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਪੰਜ ਗਾਰੰਟੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਸੀਂ ਗੁਜਰਾਤ ਵਿੱਚੋਂ ਡਰ ਦਾ ਮਾਹੌਲ ਖਤਮ ਕਰ ਦੇਵਾਂਗੇ। ਇਸ ਵੇਲੇ ਗੁਜਰਾਤ ਦਾ ਹਰ ਵਪਾਰੀ ਅਤੇ ਉਦਯੋਗਪਤੀ ਡਰਿਆ ਹੋਇਆ ਹੈ। ਅਸੀਂ ਡਰ ਦੇ ਮਾਹੌਲ ਨੂੰ ਖਤਮ ਕਰਾਂਗੇ। ਨਿਡਰਤਾ ਅਤੇ ਸ਼ਾਂਤੀ ਨਾਲ ਤੁਹਾਡੇ ਕਾਰੋਬਾਰ ਨੂੰ ਵਧਣ-ਫੁੱਲਣ ਦਿੱਤਾ ਜਾਵੇਗਾ। ਤੁਸੀਂ ਵਧੋਗੇ ਤਾਂ ਗੁਜਰਾਤ ਅਤੇ ਦੇਸ਼ ਤਰੱਕੀ ਕਰੇਗਾ। ਦੂਜੀ ਗਾਰੰਟੀ - ਹਰ ਵਪਾਰੀ ਨੂੰ ਸਨਮਾਨ ਦੇਵਾਂਗੇ। ਹਰ ਵਪਾਰੀ ਅਤੇ ਉਦਯੋਗਪਤੀ ਸਭ ਤੋਂ ਵੱਧ ਇੱਜ਼ਤ ਦਾ ਭੁੱਖਾ ਹੈ। ਉਸ ਨੇ ਪੈਸਾ ਕਮਾਇਆ ਹੈ, ਪਰ ਜਦੋਂ ਉਹ ਕਿਸੇ ਸਰਕਾਰੀ ਦਫ਼ਤਰ ਵਿਚ ਜਾਂਦਾ ਹੈ ਤਾਂ ਦੁਤਕਾਰਿਆ ਜਾਂਦਾ ਹੈ ਤਾਂ ਉਸਨੂੰ ਬਹੁਤ ਬੁਰਾ ਲੱਗਦਾ ਹੈ। ਜਦੋਂ ਕੋਈ ਰਾਜਨੇਤਾ ਨੂੰ ਮਿਲਣ ਜਾਂਦਾ ਹੈ ਅਤੇ ਉਹ ਉਸ ਨੂੰ ਝਿੜਕਦਾ ਹੈ ਤਾਂ ਬਹੁਤ ਬੁਰਾ ਲੱਗਦਾ ਹੈ। ਗੁਜਰਾਤ ਵਿੱਚ ਵਪਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਤੀਜਾ- ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਇਹ ਕੰਮ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ, ਇਸ ਦੇਸ਼ ਵਿੱਚ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਸਿਰਫ਼ ਅਸੀਂ ਹੀ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਦਿਵਾ ਸਕਦੇ ਹਾਂ, ਕਿਉਂਕਿ ਅਸੀਂ ਕੱਟੜ ਇਮਾਨਦਾਰ ਲੋਕ ਹਾਂ ਅਤੇ ਇਹ ਉਨ੍ਹਾਂ ਨੂੰ ਚੁਭ ਰਿਹਾ ਹੈ। ਅੱਜ ਕੱਲ੍ਹ ਇਹ ਲੋਕ ਸਾਡੇ 'ਤੇ ਬਹੁਤ ਚਿੱਕੜ ਸੁੱਟ ਰਹੇ ਹਨ, ਪਰ ਚਿੱਕੜ ਸਾਡੇ 'ਤੇ ਚਿਪਕ ਨਹੀਂ ਰਿਹਾ। ਦੇਸ਼ ਦੀ ਜਨਤਾ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਕੱਟੜ ਇਮਾਨਦਾਰ ਹਨ।
'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਅਸੀਂ ਸਰਕਾਰ 'ਚੋਂ ਭ੍ਰਿਸ਼ਟਾਚਾਰ ਨੂੰ ਲਗਭਗ ਖਤਮ ਕਰ ਦਿੱਤਾ ਹੈ। ਅਸੀਂ ਦਿੱਲੀ ਵਿੱਚ ਸੇਵਾਵਾਂ ਦੀ ਡੋਰਸਟੈਪ ਡਿਲੀਵਰੀ ਦੀ ਇੱਕ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਤਹਿਤ ਦਿੱਲੀ ਸਰਕਾਰ ਦੀਆਂ 300 ਸੇਵਾਵਾਂ ਘਰ ਦੇ ਦਰਵਾਜ਼ੇ 'ਤੇ ਦਿੱਤੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਬਿਜਲੀ ਦਾ ਨਵਾਂ ਕੁਨੈਕਸ਼ਨ ਲੈਣਾ ਚਾਹੁੰਦੇ ਹੋ, ਸਰਕਾਰ ਵੱਲੋਂ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਪਹਿਲਾਂ ਦਫਤਰ ਤੋਂ ਛੁੱਟੀ ਲੈ ਕੇ ਲਾਈਨਾਂ 'ਚ ਖੜ੍ਹੇ ਹੋ ਜਾਂਦੇ ਸਨ। ਜਦੋਂ ਨੰਬਰ ਆਉਂਦਾ ਸੀ ਤਾਂ ਬਾਬੂ ਕੋਈ ਨਾ ਕੋਈ ਇਤਰਾਜ਼ ਉਠਾਉਂਦਾ ਸੀ। ਫਿਰ ਦੋ-ਤਿੰਨ ਵਾਰ ਜਾ ਕੇ ਬੰਦਾ ਕਿਸੇ ਦਲਾਲ ਨੂੰ ਫੜਦਾ ਸੀ। ਹੁਣ ਜਿਵੇਂ ਤੁਸੀਂ ਪੀਜ਼ਾ ਆਰਡਰ ਕਰਦੇ ਹੋ, ਜੇਕਰ ਤੁਹਾਨੂੰ ਦਿੱਲੀ ਸਰਕਾਰ ਤੋਂ ਕੋਈ ਸਹੂਲਤ ਚਾਹੀਦੀ ਹੈ, ਤਾਂ ਅਸੀਂ 1076 ਨੰਬਰ ਜਾਰੀ ਕੀਤਾ ਹੈ। ਇਸ ਨੰਬਰ 'ਤੇ ਕਾਲ ਕਰੋ ਅਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਕੰਮ ਦਿੱਲੀ ਸਰਕਾਰ ਤੋਂ ਕਰਵਾਉਣਾ ਹੈ। ਦੂਜੇ ਪਾਸਿਓਂ ਆਵਾਜ਼ ਆਵੇਗੀ ਕਿ ਅਸੀਂ ਕਿਸ ਵੇਲੇ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰੀਏ। ਕਦੇ ਸੁਣਿਆ ਹੈ ਕਿ ਸਰਕਾਰ ਤੁਹਾਡੇ ਤੋਂ ਕੰਮ ਕਰਨ ਲਈ ਸਮਾਂ ਮੰਗਦੀ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਰਾਤ 10 ਵਜੇ ਆਓ, ਤਾਂ ਦਿੱਲੀ ਸਰਕਾਰ ਦਾ ਕੋਈ ਕਰਮਚਾਰੀ ਰਾਤ 10 ਵਜੇ ਤੁਹਾਡੇ ਘਰ ਆਵੇਗਾ। 10 ਤੋਂ 15 ਦਿਨਾਂ ਵਿੱਚ, ਤੁਹਾਡਾ ਸਰਟੀਫਿਕੇਟ ਡਾਕ ਰਾਹੀਂ ਤੁਹਾਡੇ ਘਰ ਆ ਜਾਵੇਗਾ। ਇਹ ਭ੍ਰਿਸ਼ਟਾਚਾਰ 'ਤੇ ਸਭ ਤੋਂ ਵੱਡਾ ਹਮਲਾ ਹੈ।
ਚੌਥੀ ਗਾਰੰਟੀ ਦਿੰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੈਟ ਅਤੇ ਜੀਐਸਟੀ ਦੇ ਕਈ ਰੀਫੰਡ ਬਕਾਇਆ ਪਏ ਹਨ। ਉਹਨਾਂ ਦੀ ਸਰਕਾਰ ਆਉਣ 'ਤੇ ਸਾਰੇ ਰੀਫੰਡ ਛੇ ਮਹੀਨਿਆਂ ਦੇ ਅੰਦਰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਵਪਾਰੀਆਂ ਨਾਲ ਬੈਠ ਕੇ ਅਤੇ ਜੀਐਸਟੀ ਦੀ ਸਮੁੱਚੀ ਪ੍ਰਕਿਰਿਆ 'ਤੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਅਸੀਂ ਇਸ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਜੋ ਵੀ ਉਹ ਆਪਣੇ ਪੱਧਰ 'ਤੇ ਕਰ ਸਕਦੇ ਹਨ, ਕਰਨਗੇ। ਜੀ.ਐਸ.ਟੀ ਦੀ ਸਮੁੱਚੀ ਪ੍ਰਕਿਰਿਆ ਨੂੰ ਜਨਹਿੱਤ ਦਾ ਬਣਾਇਆ ਜਾਵੇਗਾ। ਇਸ ਨੂੰ ਇੰਨਾ ਗੁੰਝਲਦਾਰ ਬਣਾਇਆ ਗਿਆ ਹੈ, ਆਦਮੀ ਅੱਕ-ਥੱਕ ਜਾਂਦਾ ਹੈ ਅਤੇ ਚੜ੍ਹਾਵਾ ਦੇ ਦਿੰਦਾ ਹੈ। ਜੇਕਰ ਇਰਾਦਾ ਸਾਫ਼ ਹੈ, ਤਾਂ ਸਾਨੂੰ ਭੇਟਾ ਅਤੇ ਰਿਸ਼ਵਤ ਦੀ ਲੋੜ ਨਹੀਂ ਪੈਂਦੀ। ਪੰਜਵੀਂ ਗਾਰੰਟੀ- ਅਸੀਂ ਗੁਜਰਾਤ ਦੇ ਅੰਦਰ ਵਪਾਰੀਆਂ ਨੂੰ ਸਰਕਾਰ ਦੇ ਹਿੱਸੇਦਾਰ ਬਣਾਵਾਂਗੇ। ਸਰਕਾਰ ਦੇ ਪੱਧਰ 'ਤੇ ਇਕ ਬਾਡੀ ਬਣਾਈ ਜਾਵੇਗੀ, ਜਿਸ ਵਿਚ ਹਰ ਖੇਤਰ ਦਾ ਕੋਈ ਨਾ ਕੋਈ ਨੁਮਾਇੰਦਾ ਹੋਵੇਗਾ, ਜੋ ਸਮੱਸਿਆਵਾਂ ਤੁਹਾਨੂੰ ਹੋਣਗੀਆਂ, ਤੁਸੀਂ ਉਨ੍ਹਾਂ ਸਮੱਸਿਆਵਾਂ ਦਾ ਹੱਲ ਦੱਸੋਗੇ ਅਤੇ ਸਰਕਾਰ ਉਸ ਨੂੰ ਲਾਗੂ ਕਰੇਗੀ। ਜਦੋਂ ਦਿੱਲੀ ਵਿੱਚ ਸਾਡੀ ਸਰਕਾਰ ਬਣੀ ਸੀ ਤਾਂ ਕਹਿੰਦੇ ਸਨ ਕਿ ਦਿੱਲੀ ਦੇ ਵਪਾਰੀ ਭਾਜਪਾ ਦਾ ਵੋਟ ਬੈਂਕ ਹਨ। ਅੱਜ ਤੁਸੀਂ ਦਿੱਲੀ ਦੇ ਇੱਕ ਵੀ ਵਪਾਰੀ ਨੂੰ ਬੁਲਾ ਕੇ ਪੁੱਛ ਲਓ, ਜੇਕਰ ਉਹ ਕਹਿੰਦਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਠੀਕ ਨਹੀਂ ਚੱਲ ਰਹੀ ਤਾਂ ਮੈਨੂੰ ਵੋਟ ਨਾ ਦਿਓ। ਪਰ ਜੇਕਰ ਉਹ ਕਹਿੰਦੇ ਹਨ ਕਿ ਸਾਡੀ ਸਰਕਾਰ ਦਿੱਲੀ ਵਿੱਚ ਚੰਗਾ ਕੰਮ ਕਰ ਰਹੀ ਹੈ ਤਾਂ ਗੁਜਰਾਤ ਵਿੱਚ ਸਾਡਾ ਇੱਕ ਮੌਕਾ ਤਾਂ ਬਣਦਾ ਹੈ। ਸਾਨੂੰ ਇੱਕ ਮੌਕਾ ਦਿਓ ਅਤੇ ਦੇਖੋ, ਜੇਕਰ ਅਸੀਂ ਜੋ ਗਰੰਟੀ ਦੇ ਰਹੇ ਹਾਂ, ਉਸ ਨੂੰ ਪੰਜ ਸਾਲਾਂ ਵਿੱਚ ਪੂਰਾ ਨਾ ਕੀਤਾ ਤਾਂ ਅਗਲੀ ਵਾਰ ਮੈਂ ਤੁਹਾਡੇ ਕੋਲੋਂ ਵੋਟਾਂ ਮੰਗਣ ਨਹੀਂ ਆਵਾਂਗਾ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਸੋਮਨਾਥ ਮੰਦਰ ਵਿੱਚ ਪਹਿਲੇ ਜਯੋਤਿਰਲਿੰਗ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ। ਇਸ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਮਨਾਥ ਜੀ ਦੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਿਆ ਹੈ ਅਤੇ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋਈ। ਇੱਥੇ ਮੈਂ ਦੇਸ਼ ਅਤੇ ਗੁਜਰਾਤ ਦੀ ਤਰੱਕੀ ਅਤੇ ਸਮੁੱਚੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਸਾਡੇ ਦੇਸ਼ ਦੇ ਸਾਰੇ ਲੋਕ ਤਰੱਕੀ ਕਰਨ, ਸਾਰੇ ਖੁਸ਼ ਰਹਿਣ, ਹਰ ਕੋਈ ਸਿਹਤਮੰਦ ਹੋਵੇ ਅਤੇ ਸਾਡਾ ਭਾਰਤ ਦੁਨੀਆ ਦਾ ਨੰਬਰ ਇਕ ਦੇਸ਼ ਬਣ ਜਾਵੇ।
ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ 'ਚ ਨਕਲੀ ਸ਼ਰਾਬ ਨਾਲ ਕਈ ਲੋਕਾਂ ਦੀ ਮੌਤ 'ਤੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਗੁਜਰਾਤ 'ਚ ਸ਼ਰਾਬ 'ਤੇ ਪਾਬੰਦੀ ਹੈ। ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੈ। ਲੋਕਾਂ ਨੂੰ ਪਤਾ ਹੈ ਕਿ ਪਾਬੰਦੀ ਦੇ ਬਾਵਜੂਦ ਇੱਥੇ ਕਿੰਨੀ ਨਾਜਾਇਜ਼ ਸ਼ਰਾਬ ਵਿਕਦੀ ਹੈ। ਕੌਣ ਹਨ ਇਹ ਨਜਾਇਜ਼ ਸ਼ਰਾਬ ਵੇਚਣ ਵਾਲੇ? ਸਪੱਸ਼ਟ ਹੈ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਸਿਆਸੀ ਸੁਰੱਖਿਆ ਹਾਸਲ ਹੈ। ਇਸ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਸਾਰਾ ਪੈਸਾ ਕਿੱਥੇ ਜਾਂਦਾ ਹੈ? ਇਸ ਦੇ ਮਾਈ-ਬਾਪ ਕੌਣ ਹਨ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ''ਇਹ ਬਹੁਤ ਦੁਖਦਾਈ ਹੈ ਕਿ ਗੁਜਰਾਤ 'ਚ ਨਕਲੀ ਸ਼ਰਾਬ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਤੋਂ ਵੱਧ ਲੋਕ ਹਸਪਤਾਲ 'ਚ ਹਨ। ਮੈਂ ਸਾਰੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਦੁੱਖ ਦੀ ਇਸ ਘੜੀ ਵਿੱਚ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਲਈ ਅੱਜ ਭਾਵਨਗਰ ਹਸਪਤਾਲ ਜਾ ਰਿਹਾ ਹਾਂ।"