
ਮੁੱਖ ਮੰਤਰੀ ਕਿਸੇ ਤਜਰਬੇਕਾਰ ਵਿਦਵਾਨ ਨੂੰ ਬਹਿਸ ਲਈ ਕਿਉਂ ਨਹੀਂ ਬਿਠਾਉਂਦੇ: ਸੁਨੀਲ ਜਾਖੜ
Sunil Jakhar Press conference on Punjab Open Debate News: ਸਤਲੁਜ ਯਮੁਨਾ ਲਿੰਕ ਨਹਿਰ ਅਤੇ ਪੰਜਾਬ ਦੇ ਹੋਰ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਕ ਨਵੰਬਰ ਨੂੰ ਸੱਦੀ ਬਹਿਸ ਵਿਚ ਸਰਕਾਰ ਵਲੋਂ ਯੂਨੀਵਰਸਿਟੀ ਦੇ ਡੀਐਸਡਬਲਿਊ ਪ੍ਰੋਫੈਸਰ ਨਿਰਮਲ ਸਿੰਘ ਨੂੰ ਭੇਜਣ ’ਤੇ ਸੁਆਲ ਖੜ੍ਹੇ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰੋਫੈਸਰ ਨਿਰਮਲ ਸਿੰਘ ਇਸ ਬਹਿਸ ਵਿਚ ਨਿਰਪੱਖਤਾ ਨਾਲ ਹਿੱਸਾ ਨਹੀਂ ਲੈ ਸਕਣਗੇ, ਕਿਉਂਕਿ ਪ੍ਰੋਫੈਸਰ ਨਿਰਮਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਦੋਸਤ ਹਨ ਤੇ ਸੀਐਮ ਨੇ ਦੋਸਤੀ ਪੁਗਾਉਣ ਲਈ ਹੀ ਉਨ੍ਹਾਂ ਨੂੰ ਡੀਐਸਡਬਲਿਊ ਲਗਾਇਆ ਹੈ ਤੇ ਅਜਿਹੇ ਵਿਚ ਉਹ ਸਰਕਾਰ ਵਿਰੁਧ ਕਿਸੇ ਵਿਸ਼ੇ ’ਤੇ ਬਹਿਸ ਹੀ ਨਹੀਂ ਕਰ ਸਕਣਗੇ।
ਜਾਖੜ ਨੇ ਇਥੇ ਇਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਨ੍ਹਾਂ ਨੂੰ ਪ੍ਰੋਫੈਸਰ ਨਿਰਮਲ ਸਿੰਘ ਦੀ ਕਾਬਲੀਅਤ ’ਤੇ ਸ਼ੱਕ ਨਹੀਂ ਹੈ, ਸਗੋਂ ਭਗਵੰਤ ਮਾਨ ਦੀ ਕਾਬਲੀਅਤ ’ਤੇ ਸ਼ੱਕ ਜਾਂਦਾ ਹੈ ਕਿ ਉਨ੍ਹਾਂ ਨੇ ਬਹਿਸ ਵਿਚ ਭੇਜਣ ਲਈ ਆਪਣੇ ਨੇੜਲੇ ਦੋਸਤ ਨੂੰ ਚੁਣਿਆ। ਜਾਖ਼ੜ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਪਰੇ ਹੈ ਕਿ ਪ੍ਰਮੁੱਖ ਵਿਦਵਾਨਾਂ ਧਰਮਵੀਰ ਗਾਂਧੀ, ਐਚਐਸ ਫੂਲਕਾ ਜਾਂ ਕੰਵਰ ਸੰਧੂ ਨੂੰ ਬਹਿਸ ਲਈ ਕਿਉਂ ਨਹੀਂ ਚੁਣਿਆ ਜਾ ਰਿਹਾ।
ਐਚਐਸ ਫੂਲਕਾ ਵਲੋਂ 1976 ਦਾ ਐਕਟ ਰੱਦ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਜਾਣ ਦੇ ਦਿਤੇ ਬਿਆਨ ਬਾਰੇ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕੋਲ ਜਾਣ ਵਿਚ ਕੋਈ ਇਤਰਾਜ਼ ਨਹੀਂ ਹੈ ਪਰ ਇਸ ਲਈ ਪੰਜਾਬ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਜਾਣੀ ਬਣਦੀ ਹੈ ਪਰ ਉਹ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਨ ਦੀ ਬਜਾਏ ਇਥੇ ਬਹਿਸ ਵਿਚ ਉਲਝ ਕੇ ਰਹਿ ਗਏ ਹਨ।
ਜਾਖੜ ਨੇ ਕਿਹਾ ਕਿ ਉਹ ਇਕ ਨਵੰਬਰ ਨੂੰ ਬਹਿਸ ਵਿਚ ਹਿੱਸਾ ਲੈਣਗੇ ਤੇ ਇਸ ਲਈ ਪੂਰੀ ਤਿਆਰੀ ਵਿੱਢੀ ਗਈ ਹੈ ਤੇ ਭਾਜਪਾ ਵਲੋਂ ਉਨ੍ਹਾਂ ਨੇ ਇਕ ਵਟਸਐਪ ਨੰਬਰ 7508560065 ਵੀ ਜਾਰੀ ਕੀਤਾ, ਜਿਸ ’ਤੇ ਲੋਕਾਂ ਕੋਲੋਂ ਸੁਝਾਅ ਮੰਗੇ ਜਾਣਗੇ ਤੇ ਇਨ੍ਹਾਂ ਸੁਝਾਵਾਂ ਨੂੰ ਬਹਿਸ ਵਿਚ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਅੱਜ ਕੀਤਾ ਗਿਆ ਟਵੀਟ ਕਿ ‘‘ਪੰਜਾਬ ਮੰਗਦਾ ਜਵਾਬ’’ ਬਿਲਕੁਲ ਉਲਟ ਹੈ ਕਿਉਂਕਿ ਹੁਣ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਣਾ ਹੈ ਤੇ ਸੁਆਲ ਲੋਕ ਕਰਨਗੇ।