
ਪਿਛਲੇ 10 ਸਾਲਾਂ ’ਚ ਅਪਣੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਕਈ ਭਲਾਈ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਵਿਧਾਨ ਨੂੰ ਦੇਸ਼ ਦੇ ਵਰਤਮਾਨ ਅਤੇ ਭਵਿੱਖ ਲਈ ਮਾਰਗ ਦਰਸ਼ਕ ਦਸਿਆ ਅਤੇ ਕਿਹਾ ਕਿ ਵਿਕਸਤ ਭਾਰਤ ’ਚ ਹਰ ਕਿਸੇ ਨੂੰ ਗੁਣਵੱਤਾ ਭਰਪੂਰ ਅਤੇ ਸਨਮਾਨਜਨਕ ਜੀਵਨ ਮਿਲਣਾ ਚਾਹੀਦਾ ਹੈ।
ਸੁਪਰੀਮ ਕੋਰਟ ਐਡਮਿਨਿਸਟ੍ਰੇਟਿਵ ਬਿਲਡਿੰਗ ਕੰਪਲੈਕਸ ਦੇ ਆਡੀਟੋਰੀਅਮ ’ਚ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸੰਵਿਧਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ’ਚ ਅਪਣੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਕਈ ਭਲਾਈ ਯੋਜਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ‘ਇਹ ਲੋਕਾਂ ਦੇ ਜੀਵਨ ’ਤੇ ਬਹੁਤ ਸਕਾਰਾਤਮਕ ਅਸਰ ਪਾ ਰਹੀਆਂ ਹਨ। ਦੇਸ਼ ਦੀ ਤਰੱਕੀ ਤੇਜ਼ ਹੋ ਰਹੀ ਹੈ ਅਤੇ ਸੰਵਿਧਾਨ ਦੀ ਮੂਲ ਭਾਵਨਾ ਵੀ ਮਜ਼ਬੂਤ ਹੋ ਰਹੀ ਹੈ।’
ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਇਹ ਵਿਵਸਥਾ ਕੀਤੀ ਹੈ ਕਿ ਦੇਸ਼, ਸਮੇਂ ਅਤੇ ਸਥਿਤੀ ਦੇ ਅਨੁਸਾਰ ਢੁਕਵੇਂ ਫੈਸਲੇ ਲੈ ਕੇ ਸਮੇਂ-ਸਮੇਂ ’ਤੇ ਸੰਵਿਧਾਨ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਉਹ ਜਾਣਦੇ ਸਨ ਕਿ ਭਾਰਤ ਦੀਆਂ ਇੱਛਾਵਾਂ ਅਤੇ ਸੁਪਨੇ ਸਮੇਂ ਦੇ ਨਾਲ ਨਵੀਆਂ ਉਚਾਈਆਂ ਨੂੰ ਛੂਹਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਸੁਤੰਤਰ ਭਾਰਤ ਅਤੇ ਸੁਤੰਤਰ ਭਾਰਤ ਦੇ ਨਾਗਰਿਕਾਂ ਦੀਆਂ ਲੋੜਾਂ ਅਤੇ ਚੁਨੌਤੀਆਂ ਬਦਲਣਗੀਆਂ, ਇਸ ਲਈ ਉਨ੍ਹਾਂ ਨੇ ਸੰਵਿਧਾਨ ਨੂੰ ਸਿਰਫ ਕਾਨੂੰਨ ਦੀ ਕਿਤਾਬ ਵਜੋਂ ਨਹੀਂ ਛਡਿਆ, ਬਲਕਿ ਇਸ ਨੂੰ ਇਕ ਜੀਵਤ, ਨਿਰੰਤਰ ਧਾਰਾ ਬਣਾ ਦਿਤਾ। ਉਨ੍ਹਾਂ ਕਿਹਾ, ‘‘ਸਾਡਾ ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਲਈ ਮਾਰਗ ਦਰਸ਼ਕ ਹੈ। ਪਿਛਲੇ 75 ਸਾਲਾਂ ’ਚ ਦੇਸ਼ ਨੂੰ ਜਿੰਨੀਆਂ ਵੀ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਸਾਡੇ ਸੰਵਿਧਾਨ ਨੇ ਉਨ੍ਹਾਂ ’ਚੋਂ ਹਰ ਕਿਸੇ ਨੂੰ ਹੱਲ ਕਰਨ ਦਾ ਸਹੀ ਰਾਹ ਵਿਖਾਇਆ ਹੈ।’’
ਅਪਣੇ ਸੰਬੋਧਨ ਦੀ ਸ਼ੁਰੂਆਤ ’ਚ ਪ੍ਰਧਾਨ ਮੰਤਰੀ ਨੇ 26 ਨਵੰਬਰ ਨੂੰ ਮੁੰਬਈ ’ਚ ਹੋਏ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਭਾਰਤ ਦੀ ਸੁਰੱਖਿਆ ਨੂੰ ਚੁਨੌਤੀ ਦੇਣ ਵਾਲੇ ਹਰ ਅਤਿਵਾਦੀ ਸੰਗਠਨ ਨੂੰ ਢੁਕਵਾਂ ਜਵਾਬ ਦਿਤਾ ਜਾਵੇਗਾ।
ਇਹ ਪ੍ਰੋਗਰਾਮ ਸੁਪਰੀਮ ਕੋਰਟ ਵਲੋਂ ਕੀਤਾ ਗਿਆ ਸੀ। ਇਸ ਮੌਕੇ ਚੀਫ ਜਸਟਿਸ, ਸੁਪਰੀਮ ਕੋਰਟ ਦੇ ਹੋਰ ਜੱਜ, ਕੇਂਦਰੀ ਕਾਨੂੰਨ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ, ਬਾਰ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਤੋਂ ਇਲਾਵਾ ਕਈ ਹੋਰ ਪਤਵੰਤੇ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਭਾਰਤੀ ਨਿਆਂਪਾਲਿਕਾ ਦੀ ਸਾਲਾਨਾ ਰੀਪੋਰਟ ਵੀ ਜਾਰੀ ਕੀਤੀ।