
ਜਲੰਧਰ, 8 ਅਗੱਸਤ (ਸੁਦੇਸ਼) : ਅੱਜ ਦੇ ਇਸ ਆਧੁਨਿਕ ਯੁਗ 'ਚ ਜਿਥੇ ਸੋਸ਼ਲ ਮੀਡਿਆ ਦਾ ਇਕ ਪਾਸੇ ਬਹੁਤ ਫ਼ਾਇਦਾ ਹੈ ਉਥੇ ਦੂਜੇ ਪਾਸੇ ਉਸ ਦਾ ਨੁਕਸਾਨ ਵੀ ਹੈ।
ਜਲੰਧਰ, 8 ਅਗੱਸਤ (ਸੁਦੇਸ਼) : ਅੱਜ ਦੇ ਇਸ ਆਧੁਨਿਕ ਯੁਗ 'ਚ ਜਿਥੇ ਸੋਸ਼ਲ ਮੀਡਿਆ ਦਾ ਇਕ ਪਾਸੇ ਬਹੁਤ ਫ਼ਾਇਦਾ ਹੈ ਉਥੇ ਦੂਜੇ ਪਾਸੇ ਉਸ ਦਾ ਨੁਕਸਾਨ ਵੀ ਹੈ। ਸੋਸ਼ਲ ਮੀਡਿਆ ਨਾਲ ਜੁੜਿਆ ਇਕ ਅਜਿਹਾ ਮਾਮਲਾ ਜਲੰਧਰ ਦੇ ਥਾਣਾ-5 ਦੇ ਅਧੀਨ ਪੈਂਦੇ ਬਸਤੀਆਤ ਖੇਤਰ 'ਚੋਂ ਸਾਹਮਣੇ ਆਇਆ ਹੈ। ਜਿਥੋਂ ਬੀਤੇ ਮਹੀਨੇ ਇਕ ਨਾਬਾਲਗ਼ ਲੜਕੀ ਸ਼ੱਕੀ ਹਾਲਤ 'ਚ ਲਾਪਤਾ ਹੋ ਗਈ ਸੀ। ਪਰਵਾਰਕ ਮੈਂਬਰਾਂ ਨੇ ਅਪਣੇ ਤੌਰ 'ਤੇ ਲੜਕੀ ਦੀ ਭਾਲ ਕੀਤੀ ਪਰ ਜਦੋਂ ਲੜਕੀ ਦਾ ਕੁੱਝ ਪਤਾ ਨਹੀਂ ਲੱਗਾ ਤਾਂ ਪੁਲਿਸ ਨੂੰ ਘਟਨਾ ਸਬੰਧੀ ਸੂਚਿਤ ਕੀਤਾ ਗਿਆ।
ਏ.ਸੀਪੀ-ਵੈਸਟ ਕੈਲਾਸ਼ ਚੰਦਰ ਨੇ ਦਸਿਆ ਕਿ ਥਾਣਾ-5 ਦੇ ਅਧੀਨ ਗਰੀਨ ਐਵੀਨਿਉੂ ਕਾਲਾ ਸੰਘਿਆ ਰੋਡ ਦੇ ਖੇਤਰ ਦੀ ਇਕ ਨਾਬਾਲਗ਼ ਲੜਕੀ ਦੇ ਪਰਵਾਰਕ ਮੈਂਬਰਾਂ ਨੇ ਅਪਣੀ ਧੀ ਦੇ ਸ਼ੱਕੀ ਹਾਲਤ 'ਚ ਲਾਪਤਾ ਹੋਣ ਦੀ ਸੂਚਨਾ ਦਿਤੀ ਸੀ। ਜਿਸ ਸਬੰਧੀ ਥਾਣਾ-5 'ਚ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਤੁਰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟੈਕਨੀਕਲ ਸੈੱਲ ਦੀ ਮਦਦ ਨਾਲ ਲੜਕੀ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕੀਤੀ।
ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਦੀ ਫੇਸਬੁੱਕ 'ਤੇ ਇਕ ਲੜਕੇ ਨਾਲ ਦੋਸਤੀ ਹੋ ਗਈ ਸੀ ਅਤੇ ਉਕਤ ਲੜਕਾ ਨਾਬਾਲਗ਼ ਲੜਕੀ ਨੂੰ ਵਰਗਲਾ ਕੇ ਅਪਣੇ ਨਾਲ ਗੁਜਰਾਤ ਲੈ ਗਿਆ ਹੈ।
ਪੁਲਿਸ ਨੇ ਮੁਲਜ਼ਮ ਵਿਜੇ ਕੁਮਾਰ ਰਾਜਪੂਤ ਪੁੱਤਰ ਰਮੇਸ਼ ਚੰਦਰ ਵਾਸੀ ਅਸਲਾਲੀ ਜ਼ਿਲ੍ਹਾ ਅਹਿਮਦਾਬਾਦ ਗੁਜਰਾਤ ਨੂੰ ਅਗ਼ਵਾ ਕੀਤੀ ਹੋਈ ਨਾਬਾਲਗ਼ ਲੜਕੀ ਸਮੇਤ ਉਸ ਦੇ ਘਰੋਂ ਗੁਜਰਾਤ ਤੋਂ ਬਰਾਮਦ ਕਰ ਲਿਆ ਗਿਆ ਹੈ। ਜਿਸ ਨੂੰ ਅੱਜ ਮਨਾਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਲੜਕੀ ਦੇ ਬਿਆਨ ਦਰਜ ਕਰਵਾ ਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।