
100 ਤੋਂ ਵੱਧ ਟਰੈਕਟਰਾਂ ਨਾਲ ਦਿਨ-ਰਾਤ ਚੱਲ ਰਹੀ ਰੇਤ ਹਟਾਉਣ ਦੀ ਸੇਵਾ
ਸੁਲਤਾਨਪੁਰ ਲੋਧੀ: ਪੰਜਾਬ ਵਿੱਚ ਹੜ੍ਹਾਂ ਨੇ ਕਈ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਪੱਤਰਕਾਰ ਕੁਲਦੀਪ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਪਿੰਡ ਰੇਗਿਸਤਾਨ ਬਣ ਗਏ ਹੋਣ। ਹੜ੍ਹਾਂ ਦੇ ਪਾਣੀ ਕਾਰਨ ਖੇਤਾਂ ਵਿੱਚ ਰੇਤਾ ਪਹੁੰਚਿਆ ਹੈ। ਇੰਜਣ ਅਤੇ ਬੋਰ ਇਸ ਸਮੇਂ ਰੇਤੇ ਨਾਲ ਘਿਰ ਗਏ ਹਨ। ਇਨ੍ਹਾਂ ਵਿੱਚ ਰੇਤਾ ਭਰ ਗਿਆ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇੰਜਣ ਬਹੁਤ ਦੇਰ ਤੋਂ ਨਹੀਂ ਚੱਲਿਆ ਹੈ। ਇੰਜਣ ਚੱਲਦਾ ਸੀ ਅਤੇ ਇਹ ਬੋਰ ਵੀ ਪਾਣੀ ਕੱਢਦਾ ਸੀ। ਪਰ ਹੁਣ ਰੇਤਾ ਭਰਨ ਕਾਰਨ ਇੰਜਣ ਜਾਮ ਹੋ ਗਿਆ ਹੈ। ਇਸ ਇੰਜਣ ਦੇ ਵ੍ਹੀਲ ਰੇਤੇ ਵਿੱਚ ਪੂਰੀ ਤਰ੍ਹਾਂ ਧਸੇ ਹੋਏ ਹਨ।
ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਵਿੱਚ ਇਹ ਤਬਾਹੀ ਮਚੀ ਹੈ। ਚਾਰੇ ਪਾਸੇ ਰਕਬੇ ਵੱਲ ਨਜ਼ਰ ਮਾਰੀ ਜਾਵੇ ਤਾਂ ਰੇਤਾ ਹੀ ਰੇਤਾ ਨਜ਼ਰ ਆਵੇਗਾ। ਦੂਜੇ ਬੋਰ ਵੱਲ ਨਜ਼ਰ ਮਾਰੀ ਗਈ, ਤਾਂ ਉੱਥੇ ਵੀ ਰੇਤਾ ਅਤੇ ਘਾਹ-ਫੂਸ ਹੀ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 10 ਤੋਂ 15 ਫੁੱਟ ਤੱਕ ਪਾਣੀ ਆਇਆ ਸੀ। ਕੁੱਝ ਟਰੈਕਰਾਂ ਰਾਹੀਂ ਰੇਤਾ ਕੱਢਿਆ ਜਾ ਰਿਹਾ ਹੈ। ਇੱਥੇ ਨੌਜਵਾਨ ਟਰੈਕਟਰ ਲੈ ਕੇ ਸੇਵਾ ਕਰਨ ਲਈ ਪਹੁੰਚੇ ਹੋਏ ਹਨ। ਖੇਤਾਂ ਵਿੱਚੋਂ ਰੇਤ ਕੱਢਣ ਦਾ ਕੰਮ ਜਾਰੀ ਹੈ, ਤਾਂ ਜੋ ਕਿਸਾਨ ਆਪਣੀ ਅਗਲੀ ਕਣਕ ਫਸਲ ਬੀਜ ਸਕਣ। ਹੜ੍ਹਾਂ ਕਾਰਨ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਜੇਕਰ ਕਿਸਾਨ ਕਣਕ ਦੀ ਫਸਲ ਨਾ ਬੀਜ ਸਕਿਆ ਤਾਂ ਫਿਰ 2 ਫਸਲਾਂ ਦਾ ਘਾਟਾ ਪੂਰਾ ਨਹੀਂ ਹੋ ਸਕੇਗਾ। ਇਸੇ ਕਾਰਨ ਬਲਬੀਰ ਸਿੰਘ ਸੀਚੇਵਾਲ, ਉਨ੍ਹਾਂ ਦੇ ਸੇਵਾਦਾਰ ਅਤੇ ਹੋਰ ਵੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਲੱਗੇ ਹੋਏ ਹਨ। ਦੂਰੋਂ-ਦੂਰੋਂ ਲੋਕ ਆਪ ਹੀ ਟਰੈਕਟਰ ਲੈ ਕੇ ਪਹੁੰਚ ਰਹੇ ਹਨ। ਖੇਤਾਂ ਵਿੱਚ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਹਨ। ਟਰੈਕਟਰਾਂ ਨਾਲ ਰੇਤ ਕੱਢੀ ਜਾ ਰਹੀ ਹੈ ਅਤੇ ਰੇਤ ਦੇ ਢੇਰ ਲੱਗ ਚੁੱਕੇ ਹਨ।
ਜਿਹੜੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਸੀ, ਉਹੀ ਨੌਜਵਾਨ ਪੂਰੇ ਜੋਸ਼ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਖੇਤਾਂ ਵਿੱਚ ਕਈ-ਕਈ ਫੁੱਟ ਰੇਤ ਅਤੇ ਗਾਰ ਭਰੀ ਹੋਈ ਹੈ, ਪਰ ਜੱਦੋ-ਜਹਿਦ ਜਾਰੀ ਹੈ। ਜੇਕਰ ਕਣਕ ਬੀਜੀ ਗਈ, ਤਾਂ ਕਿਸਾਨ ਥੋੜਾ ਜਿਹਾ ਸਹਾਰਾ ਹੋ ਜਾਵੇਗਾ। ਪਰ ਜਿਹੜੀ ਫਸਲ ਤਬਾਹ ਹੋ ਗਈ, ਉਸ ਨਾਲ ਕਿਸਾਨ ਨੇ ਬੱਚਿਆਂ ਦੀਆਂ ਫੀਸਾਂ ਭਰਨੀਆਂ ਸਨ, ਕਰਜ਼ੇ ਉਤਾਰਨੇ ਸਨ, ਘਰ ਦਾ ਗੁਜ਼ਾਰਾ ਚਲਾਉਣਾ ਸੀ। ਕਿਸਾਨ ਇਸ ਸਮੇਂ ਘਾਟੇ ਵਿੱਚ ਤਾਂ ਜ਼ਰੂਰ ਹੈ, ਪਰ ਹਰ ਕੋਈ ਇਸ ਸਮੇਂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਇਆ ਹੈ। ਨੌਜਵਾਨ ਲਗਾਤਾਰ ਇਸ ਜਗ੍ਹਾ ਪਹੁੰਚ ਰਹੇ ਹਨ।