ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਚੁੱਕੇ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੁਲੀਆਂ ਨਾਲ ਅਪਣੀ ਮੁਲਾਕਾਤ ਦਾ ਇਕ ਵੀਡੀਉ ਬੁਧਵਾਰ ਨੂੰ ਜਾਰੀ ਕਰ ਕੇ ‘ਕਮਰਤੋੜ ਮਹਿੰਗਾਈ’ ਅਤੇ ‘ਰੀਕਾਰਡ ਬੇਰੁਜ਼ਗਾਰੀ’ ਦੇ ਮੁੱਦੇ ਚੁੱਕੇ ਅਤੇ ਕਿਹਾ ਕਿ ਭਾਰਤ ਦਾ ਭਾਰ ਢੋਣ ਵਾਲਿਆਂ ਦੇ ਮੋਢੇ ਅੱਜ ਮਜਬੂਰੀਆਂ ਦੇ ਬੋਝ ਨਾਲ ਝੁਕੇ ਹੋਏ ਹਨ।
ਉਨ੍ਹਾਂ ਨੇ ਪਿਛਲੇ ਹਫਤੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਕੁਲੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਸੀ। ਰਾਹੁਲ ਗਾਂਧੀ ਨੇ ਬੁਧਵਾਰ ਨੂੰ ਅਪਣੇ ਯੂ-ਟਿਊਬ ਚੈਨਲ ’ਤੇ ਇਸ ਮੁਲਾਕਾਤ ਦਾ ਵੀਡੀਉ ਜਾਰੀ ਕੀਤਾ।
ਉਨ੍ਹਾਂ ਕਿਹਾ, ‘‘ਮੈਂ ਕੁਝ ਦਿਨ ਪਹਿਲਾਂ ਰਾਮੇਸ਼ਵਰ ਜੀ (ਸਬਜ਼ੀ ਵੇਚਣ ਵਾਲੇ) ਨੂੰ ਮਿਲਿਆ ਸੀ। ਇਸ ਦੀ ਖ਼ਬਰ ਮਿਲਦਿਆਂ ਹੀ ਕੁਝ ਕੁਲੀ ਭਰਾਵਾਂ ਨੇ ਮੈਨੂੰ ਉਨ੍ਹਾਂ ਨੂੰ ਮਿਲਣ ਲਈ ਬੇਨਤੀ ਕੀਤੀ। ਮੌਕਾ ਮਿਲਦੇ ਹੀ ਮੈਂ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਪਹੁੰਚ ਗਿਆ। ਮੈਂ ਉਨ੍ਹਾਂ ਨੂੰ ਮਿਲਿਆ ਅਤੇ ਬਹੁਤ ਗੱਲਾਂ ਕੀਤੀਆਂ - ਉਨ੍ਹਾਂ ਦੇ ਜੀਵਨ ਨੂੰ ਨੇੜਿਉਂ ਜਾਣਿਆ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਮਝਿਆ।’’
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਕੁਲੀ ਭਾਰਤ ਦੇ ਸਭ ਤੋਂ ਮਿਹਨਤੀ ਲੋਕਾਂ ’ਚੋਂ ਹਨ। ਪੀੜ੍ਹੀ ਦਰ ਪੀੜ੍ਹੀ, ਉਹ ਅਪਣੇ ਸਫ਼ਰ ’ਚ ਲੱਖਾਂ ਯਾਤਰੀਆਂ ਦੀ ਮਦਦ ਕਰਦੇ ਹੋਏ ਅਪਣਾ ਜੀਵਨ ਬਿਤਾਉਂਦੇ ਹਨ। ਬਹੁਤ ਸਾਰੇ ਲੋਕਾਂ ਦੀ ਬਾਂਹ ’ਤੇ ਉਹ ਬੈਜ ਸਿਰਫ ਇਕ ਪਛਾਣ ਨਹੀਂ ਹੈ, ਇਹ ਉਨ੍ਹਾਂ ਨੂੰ ਮਿਲੀ ਵਿਰਾਸਤ ਵੀ ਹੈ। ਜ਼ਿੰਮੇਵਾਰੀ ਤਾਂ ਹਿੱਸੇ ਆਉਂਦੀ ਹੈ, ਪਰ ਤਰੱਕੀ ਨਾਂਹ ਦੇ ਬਰਾਬਰ ਹੈ।’’
ਉਸ ਨੇ ਦਾਅਵਾ ਕੀਤਾ, ‘‘ਅੱਜ ਭਾਰਤ ’ਚ ਲੱਖਾਂ ਪੜ੍ਹੇ-ਲਿਖੇ ਨੌਜਵਾਨ ਰੇਲਵੇ ਸਟੇਸ਼ਨਾਂ ’ਤੇ ਦਰਬਾਨਾਂ ਵਜੋਂ ਕੰਮ ਕਰ ਕੇ ਅਪਣੀ ਰੋਜ਼ੀ-ਰੋਟੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਰਨ? ਰੀਕਾਰਡ ਬੇਰੁਜ਼ਗਾਰੀ. ਦੇਸ਼ ਦਾ ਪੜ੍ਹਿਆ-ਲਿਖਿਆ ਨਾਗਰਿਕ ਦੋ ਵਕਤ ਦੀ ਰੋਟੀ ਕਮਾਉਣ ਲਈ ਸੰਘਰਸ਼ ਕਰ ਰਿਹਾ ਹੈ।’’
ਰਾਹੁਲ ਗਾਂਧੀ ਨੇ ਕਿਹਾ, ‘‘ਉਹ 400-500 ਰੁਪਏ ਪ੍ਰਤੀ ਦਿਨ ਦੀ ਮਾਮੂਲੀ ਜਿਹੀ ਕਮਾਈ ਕਰਦੇ ਹਨ, ਜਿਸ ਨਾਲ ਘਰ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ, ਬੱਚਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਰਨ? ਕਮਰਤੋੜ ਮਹਿੰਗਾਈ। ਭੋਜਨ ਮਹਿੰਗਾ, ਰਹਿਣ-ਸਹਿਣ ਮਹਿੰਗਾ, ਸਿੱਖਿਆ ਮਹਿੰਗੀ, ਸਿਹਤ ਮਹਿੰਗੀ - ਅਸੀਂ ਕਿਵੇਂ ਬਚ ਸਕਦੇ ਹਾਂ?’’
ਉਨ੍ਹਾਂ ਅਨੁਸਾਰ, ‘‘ਕੁਲੀ ਭਾਰਤੀ ਰੇਲਵੇ ਦੇ ਤਨਖਾਹਦਾਰ ਕਰਮਚਾਰੀ ਨਹੀਂ ਹਨ, ਉਨ੍ਹਾਂ ਦੀ ਨਾ ਤਨਖਾਹ ਹੈ ਅਤੇ ਨਾ ਹੀ ਪੈਨਸ਼ਨ! ਉਨ੍ਹਾਂ ਨੂੰ ਕੋਈ ਮੈਡੀਕਲ ਬੀਮਾ ਜਾਂ ਬੁਨਿਆਦੀ ਸਹੂਲਤਾਂ ਦਾ ਲਾਭ ਵੀ ਨਹੀਂ ਹੈ - ਭਾਰਤ ਦਾ ਬੋਝ ਚੁੱਕਣ ਵਾਲਿਆਂ ਦੇ ਮੋਢੇ ਅੱਜ ਮਜਬੂਰੀਆਂ ਕਾਰਨ ਝੁਕੇ ਹੋਏ ਹਨ।’’
ਉਨ੍ਹਾਂ ਕਿਹਾ, ‘‘ਫਿਰ ਵੀ, ਲੱਖਾਂ ਹੋਰ ਭਾਰਤੀਆਂ ਵਾਂਗ, ਉਨ੍ਹਾਂ ਦੀ ਉਮੀਦ ਬਣੀ ਹੋਈ ਹੈ ਕਿ ਸਮਾਂ ਬਦਲ ਜਾਵੇਗਾ!’’ ‘ਭਾਰਤ ਜੋੜੋ ਯਾਤਰਾ’ ਪੂਰੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਯਾਤਰਾ ਜਾਰੀ ਹੈ।