
ਪ੍ਰਸ਼ਾਂਤ ਕਿਸ਼ੋਰ 2 ਅਕਤੂਬਰ ਤੋਂ 3500 ਕਿਲੋਮੀਟਰ ਦੀ ਪੈਦਲ ਯਾਤਰਾ 'ਤੇ ਹਨ
ਪਟਨਾ - ਸਿਆਸੀ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਸੰਕੇਤ ਦਿੱਤਾ ਕਿ ਬਿਹਾਰ ਵਿੱਚ ‘ਜਨ ਸੁਰਾਜ ਅਭਿਆਨ’ ਲਈ ਉਨ੍ਹਾਂ ਨੂੰ ਆਪਣੇ 'ਸਾਬਕਾ ਗਾਹਕਾਂ' ਤੋਂ ਵਿੱਤੀ ਸਹਾਇਤਾ ਮਿਲ ਰਹੀ ਹੈ, ਜਿਨ੍ਹਾਂ ਵਿੱਚੋਂ ਕਈ ਹੁਣ ਆਪੋ-ਆਪਣੇ ਰਾਜਾਂ ਦੇ ਮੁੱਖ ਮੰਤਰੀ ਹਨ। ਇਹ ਖ਼ੁਲਾਸਾ ਕਿਸ਼ੋਰ ਨੇ ਇੱਥੋਂ ਕਰੀਬ 300 ਕਿਲੋਮੀਟਰ ਦੂਰ ਭਾਰਤ-ਨੇਪਾਲ ਸਰਹੱਦ ’ਤੇ ਸਥਿਤ ਜੰਗਲੀ ਅਸਥਾਨ ਵਾਲਮੀਕਿਨਗਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।
ਉਹ 2 ਅਕਤੂਬਰ ਤੋਂ 3500 ਕਿਲੋਮੀਟਰ ਦੀ ਪੈਦਲ ਯਾਤਰਾ 'ਤੇ ਹਨ। ਇਸ ਤੋਂ ਪਹਿਲਾਂ ਕਿ ਉਸ ਦੀ ਮੁਹਿੰਮ ਪੂਰੀ ਤਰ੍ਹਾਂ ਨਾਲ ਸਿਆਸੀ ਪਾਰਟੀ ਦਾ ਰੂਪ ਧਾਰਨ ਕਰੇ, ਉਹ ਆਪਣੇ ਗ੍ਰਹਿ ਰਾਜ ਦੇ ਹਰ ਕੋਨੇ 'ਚ ਪਹੁੰਚ ਕੇ ਲੋਕਾਂ ਦੀ ਰਾਏ ਲੈਣੀ ਚਾਹੁੰਦੇ ਹਨ। ਕਿਸ਼ੋਰ ਤੋਂ ਉਨ੍ਹਾਂ ਦੀ ਮੁਹਿੰਮ ਦੇ ਫ਼ੰਡਿੰਗ ਬਾਰੇ ਸਵਾਲ ਕੀਤਾ ਗਿਆ ਸੀ ਜੋ ਕਿ ਅਟਕਲਾਂ ਦਾ ਵਿਸ਼ਾ ਬਣ ਗਿਆ ਸੀ। ਜਨਤਾ ਦਲ (ਯੂ) ਦੇ ਰਾਸ਼ਟਰੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਨੇ ਖਦਸ਼ਾ ਪ੍ਰਗਟਾਇਆ ਸੀ ਕਿ iPAC ਸੰਸਥਾਪਕ ਨੂੰ ਸ਼ਾਇਦ ਭਾਜਪਾ ਤੋਂ ਫ਼ੰਡ ਮਿਲ ਰਿਹਾ ਹੈ।
ਨਿਤੀਸ਼ ਕੁਮਾਰ ਦੇ ਅਚਾਨਕ ਐਨਡੀਏ ਛੱਡ ਕੇ ਮਹਾਗਠਜੋੜ ਨਾਲ ਜਾਣ ਤੋਂ ਬਾਅਦ ਭਾਜਪਾ ਬਿਹਾਰ ਵਿੱਚ ਸੱਤਾ ਤੋਂ ਬਾਹਰ ਹੋ ਗਈ। ਜਨਤਾ ਦਲ ਯੂਨਾਈਟਿਡ ਨੇ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਸਨ। ਕਿਸ਼ੋਰ ਨੇ ਕਿਹਾ, "ਪਿਛਲੇ ਇੱਕ ਦਹਾਕੇ ਵਿੱਚ, ਮੈਂ ਘੱਟੋ-ਘੱਟ 10 ਚੋਣਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਵਿੱਚ ਕਾਮਯਾਬ ਹੋਇਆ ਹਾਂ।"
“ਮੈਂ ਘੱਟੋ-ਘੱਟ ਛੇ ਲੋਕਾਂ ਨੂੰ ਜਿੱਤਣ ਵਿੱਚ ਮਦਦ ਕੀਤੀ ਅਤੇ ਉਹ ਮੁੱਖ ਮੰਤਰੀ ਹਨ। ਮੈਂ ਉਨ੍ਹਾਂ ਤੋਂ ਪੈਸੇ ਨਹੀਂ ਲਏ, ਹਾਲਾਂਕਿ ਮੀਡੀਆ ਮੇਰੇ 'ਤੇ ਵਿਸ਼ਵਾਸ ਨਹੀਂ ਕਰੇਗਾ। ਪਰ ਹੁਣ ਮੈਂ ਬਿਹਾਰ ਵਿੱਚ ਜੋ ਪ੍ਰਯੋਗ ਕਰ ਰਿਹਾ ਹਾਂ, ਉਸ ਲਈ ਮੈਂ ਉਨ੍ਹਾਂ ਦੀ ਮਦਦ ਮੰਗ ਰਿਹਾ ਹਾਂ। ਕਿਸ਼ੋਰ ਨੇ ਸਭ ਤੋਂ ਪਹਿਲਾਂ 2014 ਵਿੱਚ ਪ੍ਰਸਿੱਧੀ ਮਿਲੀ ਸੀ, ਜਦੋਂ ਉਨ੍ਹਾਂ ਨੇ ਨਰੇਂਦਰ ਮੋਦੀ ਦੀ ਲੋਕ ਸਭਾ ਚੋਣ ਮੁਹਿੰਮ ਦਾ ਪ੍ਰਬੰਧਨ ਕੀਤਾ ਸੀ। iPAC ਸੰਸਥਾਪਕ ਕਿਸ਼ੋਰ ਨੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਸ਼ਾਨਦਾਰ ਜਿੱਤ ਵਿੱਚ ਮਦਦ ਕਰਨ ਤੋਂ ਬਾਅਦ, ਪਿਛਲੇ ਸਾਲ ਪੇਸ਼ੇਵਰ ਸਿਆਸੀ ਸਲਾਹਕਾਰ ਵਜੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ, ਕਿਸ਼ੋਰ ਦੇ ਹੋਰ ਸਾਬਕਾ ਗਾਹਕਾਂ ਵਿੱਚ ਅਰਵਿੰਦ ਕੇਜਰੀਵਾਲ, ਐਮ.ਕੇ. ਸਟਾਲਿਨ ਅਤੇ ਜਗਨ ਮੋਹਨ ਰੈਡੀ ਸ਼ਾਮਲ ਹਨ। ਕੇਜਰੀਵਾਲ ਦਿੱਲੀ ਦੇ, ਸਟਾਲਿਨ ਤਾਮਿਲਨਾਡੂ ਦੇ, ਅਤੇ ਰੈੱਡੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਕਿਸ਼ੋਰ ਨੇ ਕਿਹਾ, "ਮੈਂ ਬਿਹਾਰ 'ਚ ਕਿਸੇ ਤੋਂ ਇੱਕ ਰੁਪਿਆ ਵੀ ਨਹੀਂ ਲਿਆ।"