
ਕਾਂਗਰਸ ਨੇ ਅੰਤਮ ਸਸਕਾਰ ਵਾਲੇ ਥਾਂ ਹੀ ਸਮਾਰਕ ਬਣਾਏ ਜਾਣ ਦੀ ਮੰਗ ਕੀਤੀ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਕੌਮੀ ਰਾਜਧਾਨੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਸਵੇਰੇ 11:45 ਵਜੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ। ਪਰ ਸਰਕਾਰ ਦੇ ਇਸ ਫੈਸਲੇ ’ਤੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ।
ਇਸ ਐਲਾਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚਿੱਠੀ ਲਿਖ ਕੇ ਅਤੇ ਫ਼ੋਨ ’ਤੇ ਗੱਲ ਕਰ ਕੇ ਵੀ ਸਰਕਾਰ ਨੂੰ ਮੰਗ ਕੀਤੀ ਸੀ ਕਿ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਦਾ ਅੰਤਮ ਸੰਸਕਾਰ ਉਥੇ ਹੀ ਕੀਤਾ ਜਾਵੇ ਜਿਥੇ ਉਨ੍ਹਾਂ ਦਾ ਸਮਾਰਕ ਬਣਾਇਆ ਜਾ ਸਕੇ, ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀਆਂ ਦੇ ਅੰਤਮ ਸੰਸਕਾਰ ਮੌਕੇ ਪਰੰਪਰਾ ਰਹੀ ਹੈ। ਪਰ ਉਨ੍ਹਾਂ ਦੀ ਮੰਗ ਅਨੁਸਾਰ ਐਲਾਨ ਨਹੀਂ ਕੀਤਾ ਗਿਆ। ਕਾਂਗਰਸ ਸੂਤਰਾਂ ਨੇ ਦਸਿਆ ਕਿ ਖੜਗੇ ਨੂੰ ਜਵਾਬ ’ਚ ਸਰਕਾਰ ਨੇ ਯਾਦਗਾਰ ਲਈ ਜਗ?ਹਾ ’ਤੇ ਵਿਚਾਰ ਕਰਨ ਲਈ ਦੋ-ਚਾਰ ਦਿਨਾਂ ਦਾ ਸਮਾਂ ਮੰਗਿਆ ਹੈ।
ਪਿ੍ਰਯੰਕਾ ਗਾਂਧੀ ਨੇ ਵੀ ਸਰਕਾਰ ਦੇ ਇਸ ਫੈਸਲੇ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪ੍ਰਿਯੰਕਾ ਗਾਂਧੀ ਨੇ ਇਸ ਨੂੰ ਡਾ. ਮਨਮੋਹਨ ਸਿੰਘ ਦਾ ਅਪਮਾਨ ਦਸਿਆ ਹੈ। ਉਨ੍ਹਾਂ ਕਿਹਾ ਕਿ ਵੀਰ ਭੂਮੀ ਜਾਂ ਸ਼ਕਤੀ ਸਥਲ ਦਾ ਕੋਈ ਵੀ ਹਿੱਸਾ ਅੰਤਿਮ ਸੰਸਕਾਰ ਲਈ ਦਿਤਾ ਜਾਣਾ ਚਾਹੀਦਾ ਸੀ।
ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਵੀ ਸਵਾਲ ਚੁਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਲਿਖਿਆ, ‘‘ਇਹ ਉਨ੍ਹਾਂ (ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ) ਦੇ ਕੱਦ ਲਈ ਸਹੀ ਜਗ੍ਹਾ ਨਹੀਂ ਹੈ। ਡਾ. ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ’ਤੇ ਕਰਨਾ ਕਿਵੇਂ ਉਚਿਤ ਹੈ? ਅਜਿਹਾ ਕਰਨਾ ਉਨ੍ਹਾਂ ਦੇ ਸਨਮਾਨ ਦੇ ਵਿਰੁਧ ਜਾਵੇਗਾ, ਅਜਿਹਾ ਪਹਿਲਾਂ ਕਦੇ ਕਿਸੇ ਸਾਬਕਾ ਪ੍ਰਧਾਨ ਮੰਤਰੀ ਨਾਲ ਨਹੀਂ ਹੋਇਆ, ਸਾਬਕਾ ਪ੍ਰਧਾਨ ਮੰਤਰੀ ਅਟਲ ਜੀ ਇਸ ਦੀ ਤਾਜ਼ਾ ਉਦਾਹਰਣ ਹਨ, ਜਿਨ੍ਹਾਂ ਦੀ ਪਿਛਲੀ ਸਰਕਾਰ ਅਤੇ ਯਾਦਗਾਰ ਸਹੀ ਜਗ੍ਹਾ ’ਤੇ ਬਣਾਈ ਗਈ ਸੀ, ਕੇਂਦਰ ਸਰਕਾਰ ਦਾ ਇਹ ਫੈਸਲਾ ਮੰਦਭਾਗਾ ਅਤੇ ਦੁਖਦਾਈ ਹੈ।’’
ਕਾਂਗਰਸ ਆਗੂ ਸ਼੍ਰੀਨਿਵਾਸ ਬੀ.ਵੀ. ਨੇ ਵੀ ਸਰਕਾਰੀ ਹੁਕਮ ਦੀ ਕਾਪੀ ਪੋਸਟ ਕਰਦੇ ਹੋਏ ਲਿਖਿਆ, ‘‘ਇਹ ਮੰਦਭਾਗਾ ਫੈਸਲਾ ਹੈ। ਡਾ. ਮਨਮੋਹਨ ਸਿੰਘ ਦਾ ਪੂਰਾ ਜੀਵਨ ਇਸ ਦੇਸ਼ ਨੂੰ ਸਮਰਪਿਤ ਸੀ, ਉਨ੍ਹਾਂ ਦਾ ਕੰਮ ਇਸ ਦੇਸ਼ ਦੀ ਅਟੁੱਟ ਵਿਰਾਸਤ ਹੈ। ਮਹਾਪੁਰਸ਼ਾਂ ਪ੍ਰਤੀ ਇਹ ਪੱਖਪਾਤੀ ਰਵੱਈਆ ਬਹੁਤ ਸ਼ਰਮਨਾਕ ਹੈ। ਮਨਮੋਹਨ ਸਿੰਘ ਦੇ ਨਾਂ ’ਤੇ ਇਕ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਸੇ ਥਾਂ ’ਤੇ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਨਿਗਮ ਬੋਧ ਘਾਟ ’ਤੇ । ਇਸ ਫੈਸਲੇ ਨੂੰ ਵਾਪਸ ਲਓ, ਰਾਜ ਧਰਮ ਦੀ ਪਾਲਣਾ ਕਰੋ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦਿੱਲੀ ਦੇ ਸਮ੍ਰਿਤੀ ਸਥਲ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।’’