
ਆਤਿਸ਼ੀ ਨੇ ਮੁੜ ਚੁਕਿਆ ਯਮੁਨਾ ਦੇ ਪਾਣੀ ਦਾ ਮੁੱਦਾ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਨੂੰ ਅਪਣੇ ਦਾਅਵਿਆਂ ਦੇ ਸਮਰਥਨ ’ਚ ਸਬੂਤ ਪੇਸ਼ ਕਰਨ ਲਈ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਨੇ ਯਮੁਨਾ ਨਦੀ ਦੇ ਪਾਣੀ ’ਚ ਜ਼ਹਿਰ ਭਰਿਆ ਹੈ। ਕਮਿਸ਼ਨ ਨੇ ਉਨ੍ਹਾਂ ਨੂੰ ਉਨ੍ਹਾਂ ਕਾਨੂੰਨੀ ਵਿਵਸਥਾਵਾਂ ਦੀ ਯਾਦ ਦਿਵਾਈ ਜਿਨ੍ਹਾਂ ਤਹਿਤ ਕੌਮੀ ਏਕਤਾ ਅਤੇ ਜਨਤਕ ਸਦਭਾਵਨਾ ਦੇ ਵਿਰੁਧ ‘ਸ਼ਰਾਰਤਪੂਰਨ’ ਬਿਆਨਾਂ ਲਈ ਤਿੰਨ ਸਾਲ ਤਕ ਦੀ ਕੈਦ ਦੀ ਸਜ਼ਾ ਦਿਤੀ ਜਾ ਸਕਦੀ ਹੈ।
ਕੇਜਰੀਵਾਲ ਨੂੰ ਲਿਖੀ ਚਿੱਠੀ ’ਚ ਚੋਣ ਕਮਿਸ਼ਨ ਨੇ ਬੁਧਵਾਰ ਰਾਤ 8 ਵਜੇ ਤਕ ਯਮੁਨਾ ਨਦੀ ਦੇ ਪਾਣੀ ’ਚ ਜ਼ਹਿਰੀਲੇ ਰਸਾਇਣਾਂ ਦੀ ਕਿਸਮ ਅਤੇ ਮਾਤਰਾ ਬਾਰੇ ਜਾਣਨਾ ਚਾਹਿਆ, ਜਿਸ ਨਾਲ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋ ਸਕਦੀ ਸੀ। ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਅਪਣੇ ਦਾਅਵੇ ਦਾ ਵੇਰਵਾ ਸਾਂਝਾ ਕਰਨ ਲਈ ਵੀ ਕਿਹਾ ਕਿ ਦਿੱਲੀ ਜਲ ਬੋਰਡ ਦੇ ਇੰਜੀਨੀਅਰਾਂ ਨੇ ਅਸਲ ’ਚ ਇਸ ਦਾ ਪਤਾ ਲਗਾਇਆ ਅਤੇ ਸਮੇਂ ਸਿਰ ਇਸ ਨੂੰ ਰੋਕ ਦਿਤਾ। ਭਾਜਪਾ ਅਤੇ ਕਾਂਗਰਸ ਦੋਹਾਂ ਨੇ ਯਮੁਨਾ ਨਦੀ ਨੂੰ ਜ਼ਹਿਰ ਦੇਣ ਦੇ ਦੋਸ਼ ’ਚ ਕੇਜਰੀਵਾਲ ਵਿਰੁਧ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਆਤਿਸ਼ੀ ਨੇ ਚੋਣ ਕਮਿਸ਼ਨ ਨੂੰ ਦਖ਼ਲ ਦੇਣ ਦੀ ਮੰਗ ਕੀਤੀ
ਦਿੱਲੀ ’ਚ ਪੰਜ ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਤਣਾਅ ਵਿਚਕਾਰ ਮੁੱਖ ਮੰਤਰੀ ਆਤਿਸ਼ੀ ਨੇ ਯਮੁਨਾ ਨਦੀ ’ਚ ‘ਬੇਹੱਦ ਜ਼ਹਿਰੀਲੇ’ ਅਮੋਨੀਆ ਦੇ ਪੱਧਰ ’ਤੇ ਮੁੜ ਚਿੰਤਾ ਪ੍ਰਗਟਾਈ ਹੈ ਜੋ ਕਥਿਤ ਤੌਰ ’ਤੇ ਹਰਿਆਣਾ ਤੋਂ ਕੌਮੀ ਰਾਜਧਾਨੀ ’ਚ ਦਾਖ਼ਲ ਹੋ ਰਿਹਾ ਹੈ। ਚੋਣ ਕਮਿਸ਼ਨ ਨੂੰ ਲਿਖੀ ਇਕ ਨਵੀਂ ਚਿੱਠੀ ’ਚ ਆਤਿਸ਼ੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਅਮੋਨੀਆ ਦਾ ਪੱਧਰ ‘ਆਮ ਤੋਂ ਛੇ ਗੁਣਾ ਵੱਧ’ ਹੈ। ਉਨ੍ਹਾਂ ਚੇਤਾਵਨੀ ਦਿਤੀ ਕਿ ਇਸ ਤਰ੍ਹਾਂ ਦੇ ਪਾਣੀ ਨੂੰ ਨਾ ਤਾਂ ਸਾਫ਼ ਕੀਤਾ ਜਾਂਦਾ ਹੈ ਅਤੇ ਨਾ ਹੀ ਉਸ ਨੂੰ ਸ਼ਹਿਰ ਦੇ ਵਾਸੀਆਂ ਨੂੰ ਦਿਤਾ ਜਾ ਸਕਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਹੈ। ਉਨ੍ਹਾਂ ਇਸ ਮੁੱਦੇ ’ਤੇ ਤੁਰਤ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ। ਇਸ ਮੁੱਦੇ ਨੇ ਸੋਮਵਾਰ ਨੂੰ ਤਿੱਖਾ ਸਿਆਸੀ ਮੋੜ ਲੈ ਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ
ਅਮਿਤ ਸ਼ਾਹ ਤੋਂ ਲੈ ਕੇ ਭਾਜਪਾ ਸੰਸਦ ਮੈਂਬਰਾਂ ਤਕ ਨੇ ਕੇਜਰੀਵਾਲ ਦਾ ਕੀਤਾ ਸਖ਼ਤ ਵਿਰੋਧ
ਹਰਿਆਣਾ ਸਰਕਾਰ ’ਤੇ ਜਾਣਬੁਝ ਕੇ ਦਿੱਲੀ ਨੂੰ ਪਾਣੀ ਸਪਲਾਈ ਨੂੰ ਦੂਸ਼ਿਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਇਸ ਨੂੰ ‘ਜੈਵਿਕ ਜੰਗ’ ਦਾ ਨਾਂ ਦਿੰਦਿਆਂ ਦੋਸ਼ ਲਾਇਆ ਕਿ ਯਮੁਨਾ ’ਚ ‘ਜ਼ਹਿਰ’ ਮਿਲਾਇਆ ਜਾ ਰਿਹਾ ਹੈ ਤਾਕਿ ਦਿੱਲੀ ਦੇ ਸੋਧ ਪਲਾਂਟਾਂ ’ਚ ਉਹ ਸਾਫ਼ ਕਰਨ ਲਾਇਕ ਰਹੇ ਹੀ ਨਾ। ਅੱਜ ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਤੋਂ ਨਹੀਂ ਡਰਦੇ ਅਤੇ ਦਿੱਲੀ ’ਚ ਗੰਦੇ ਤੇ ਜ਼ਹਿਰੀਲੇ ਪਾਣੀ ਕਾਰਨ ਲੋਕਾ ਨੂੰ ਨਹੀਂ ਮਰਨ ਦੇਣਗੇ।
ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਦਾ ਦੋਸ਼ ਝੂਠਾ ਹੈ ਅਤੇ ਉਨ੍ਹਾਂ ਨਾਲ ਹੀ ਚੁਨੌਤੀ ਦਿਤੀ ਕਿ ਕਿ ਕੇਜਰੀਵਾਲ ਉਸ ਰੀਪੋਰਟ ਨੂੰ ਜਨਤਕ ਕਰਨ ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਇਹ ਦੋਸ਼ ਲਾਇਆ। ਕਾਲਕਾਜੀ ਵਿਧਾਨ ਸਭਾ ਖੇਤਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕੇਜਰੀਵਾਲ ਨੂੰ ਇਹ ਚੁਨੌਤੀ ਵੀ ਦਿਤੀ ਕਿ ਉਹ ਦਿੱਲੀ ਦੇ ਲੋਕਾਂ ਨੂੰ ਉਸ ਜ਼ਹਿਰ ਦਾ ਨਾਂ ਦੱਸਣ ਜਿਸ ਨੂੰ ਯਮੁਨਾ ’ਚ ਮਿਲਾਉਣ ਦਾ ਦਾਅਵਾ ਕੀਤਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਕੇਜਰੀਵਾਲ ’ਤੇ ਅੱਜ ਤਿੱਖਾ ਹਮਲਾ ਬੋਲਿਆ ਅਤੇ ਕਿਹਾ ਕਿ ਦਿੱਲੀ ਉਨ੍ਹਾਂ ਦੇ ਘਰ ਵਰਗੀ ਹੈ ਅਤੇ ਉਹ ਇਥੋਂ ਦੇ ਲੋਕਾਂ ਨੂੰ ਕਦੇ ਜ਼ਹਿਰ ਮਿਲਾ ਕੇ ਪਾਣੀ ਨਹੀਂ ਦੇ ਸਕਦੇ। ਦਿੱਲੀ ਦੇ ਨਰੇਲਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਏਨਾ ਵੱਡਾ ‘ਝੂਠ’ ਬੋਲਿਆ ਹੈ ਜਿਸ ਲਈ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।
ਹਰਿਆਣਾ ਦੇ ਭਾਜਪਾ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਕੇਜਰੀਵਾਲ ਦ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸੂਬੇ ਦੇ ਸਾਰੇ 10 ਸੰਸਦ ਮੈਂਬਰਾਂ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਇਹ ਕੇਜਰੀਵਾਲ ਦੀ ‘ਅਪਰਾਧਕ ਸਾਜ਼ਸ਼’ ਦਾ ਸਪੱਸ਼ਟ ਮਾਮਲਾ ਹੈ ਕਿਉਂਕਿ ਉਹ ਦਿੱਲੀ ਵਾਸੀਆਂ ਵਿਚਕਾਰ ਡਰ ਪੈਦਾ ਕਰਨ ਦਾ ਇਰਾਦਾ ਕਰ ਰਹੇ ਹਨ। ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਹਰਿਆਣਾ ਸਰਕਾਰ ’ਤੇ ‘ਯਮੁਨਾ ’ਚ ਜ਼ਹਿਰ ਘੋਲਣ’ ਦਾ ‘ਝੂਠਾ ਅਤੇ ਸ਼ਰਮਨਾਕ’ ਦੋਸ਼ ਲਾਇਆ ਹੈ ਅਤੇ ਇਸ ਪੱਧਰ ਦਾ ਦੋਸ਼ ਤਾਂ ਪਾਕਿਸਤਾਨ ਨੇ ਵੀ ਭਾਰਤ ਵਿਰੁਧ ਜੰਗ ਸਮੇਂ ਨਹੀਂ ਲਗਾਇਆ ਸੀ। ਭਾਜਪਾ ਦੀ ਹਰਿਆਣਾ ਇਕਾਈ ਨੇ ਕੇਜਰੀਵਾਲ ਵਿਰੁਧ ਸੂਬੇ ’ਚ ਵਿਰੋਧ ਪ੍ਰਦਰਸ਼ਨ ਵੀ ਕੀਤਾ।