
ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਕਈ ਸੂਬੇ ਉਨ੍ਹਾਂ ਦੀਆਂ ਭਲਾਈ ਯੋਜਨਾਵਾਂ ਦੀ ਨਕਲ ਕਰ ਰਹੇ ਹਨ
ਬਾਂਕੁੜਾ (ਪਛਮੀ ਬੰਗਾਲ): ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕਿਹਾ ਕਿ ਇਕ ਸਿੱਖ ਆਈ.ਪੀ.ਐਸ. ਅਧਿਕਾਰੀ ਨੂੰ ਖਾਲਿਸਤਾਨੀ ਕਹਿਣਾ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਅਸਲ ਫਿਰਕੂ ਚਿਹਰਾ ਦਰਸਾਉਂਦਾ ਹੈ।
ਉਨ੍ਹਾਂ ਇਕ ਸਰਕਾਰੀ ਪ੍ਰੋਗਰਾਮ ’ਚ ਕਿਹਾ, ‘‘ਜਦੋਂ ਉਨ੍ਹਾਂ (ਭਾਜਪਾ ਵਰਕਰਾਂ) ਨੇ ਇਕ ਸਿੱਖ ਆਈ.ਪੀ.ਐਸ. ਅਧਿਕਾਰੀ ਨੂੰ ਪੱਗ ਬੰਨ੍ਹੀ ਵੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਖਾਲਿਸਤਾਨੀ ਕਿਹਾ। ਇਹ ਭਾਜਪਾ ਦਾ ਅਸਲ ਫਿਰਕੂ ਚਿਹਰਾ ਦਰਸਾਉਂਦਾ ਹੈ।’’
ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਅਸ਼ਾਂਤ ਸੰਦੇਸ਼ਖਾਲੀ ਇਲਾਕੇ ’ਚ ਭਾਜਪਾ ਦੇ ਸੀਨੀਅਰ ਆਗੂ ਸ਼ੁਭੇਂਦੂ ਅਧਿਕਾਰੀ ਨੂੰ ਜਾਣ ਤੋਂ ਰੋਕਣ ਲਈ ਤਾਇਨਾਤ ਇਕ ਸਿੱਖ ਆਈ.ਪੀ.ਐਸ. ਅਧਿਕਾਰੀ ਨੇ ਪਿਛਲੇ ਹਫਤੇ ਭਾਜਪਾ ਵਰਕਰਾਂ ਦੀ ਉਸ ਨੂੰ ਕਥਿਤ ਤੌਰ ’ਤੇ ‘ਖਾਲਿਸਤਾਨੀ’ ਕਹਿਣ ਲਈ ਆਲੋਚਨਾ ਕੀਤੀ ਸੀ।
ਸ਼ੁਭੇਂਦੂ ਅਧਿਕਾਰੀ ਦੇ ਨਾਲ ਮੌਜੂਦ ਭਾਜਪਾ ਵਿਧਾਇਕ ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ ਕਿ ਸਬੰਧਤ ਪੁਲਿਸ ਅਧਿਕਾਰੀ ਅਪਣੀ ਡਿਊਟੀ ਨਹੀਂ ਨਿਭਾ ਰਹੇ ਸਨ ਪਰ ਭਾਜਪਾ ਸਮਰਥਕਾਂ ਵਲੋਂ ਉਨ੍ਹਾਂ ਨੂੰ ‘ਖਾਲਿਸਤਾਨੀ’ ਕਹਿਣ ਦੇ ਦੋਸ਼ਾਂ ਨੂੰ ਖਾਰਜ ਕਰ ਦਿਤਾ।
ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਕਈ ਸੂਬੇ ਉਨ੍ਹਾਂ ਦੀਆਂ ਭਲਾਈ ਯੋਜਨਾਵਾਂ ਦੀ ਨਕਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਭਾਜਪਾ ਕਹਿੰਦੀ ਹੈ ਕਿ ਅਸੀਂ ਸੂਬੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ ਪਰ ਸੱਚਾਈ ਇਹ ਹੈ ਕਿ ਕਈ ਭਾਜਪਾ ਸ਼ਾਸਿਤ ਸੂਬੇ ਸਾਡੇ ਪ੍ਰਾਜੈਕਟਾਂ ਦੀ ਨਕਲ ਕਰ ਰਹੇ ਹਨ।’’