
ਨਵਜੋਤ ਸਿੱਧੂ ਫਿਰ ਆਪੇ ਤੋਂ ਹੋਏ ਬਾਹਰ
ਚੰਡੀਗੜ੍ਹ, 27 ਮਾਰਚ (ਜੀ.ਸੀ. ਭਾਰਦਵਾਜ) : ਪਿਛਲੇ ਹਫ਼ਤੇ 20 ਮਾਰਚ ਨੂੰ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਏ ਦੂਜੇ ਬਜਟ ਸੈਸ਼ਨ ਦਾ ਕੋਈ ਵੀ ਦਿਨ ਰੌਲੇ-ਰੱਪੇ, ਵਾਕ ਆਊਟ, ਉੱਚੀ-ਉੱਚੀ ਬੋਲਣ ਅਤੇ ਕੀਮਤੀ ਵਕਤ ਖਰਾਬ ਕਰਨ ਤੋਂ ਬਿਨਾਂ ਨਹੀਂ ਗੁਜਰਿਆ।ਅੱਜ ਸਤਵੀਂ ਬੈਠਕ 'ਚ ਵੀ ਘੱਟੋ-ਘੱਟ 40 ਤੋਂ 45 ਮਿੰਟ ਘੜਮੱਸ ਪਿਆ। ਕਦੇ ਸੁਖਪਾਲ ਸਿੰਘ ਖਹਿਰਾ ਤੇ ਮੰਤਰੀ ਨਵਜੋਤ ਸਿੰਘ ਸਿੱਧੂ 'ਚ, ਕਦੇ ਰਾਣਾ ਗੁਰਜੀਤ ਸਿੰਘ ਅਤੇ ਖਹਿਰਾ ਗੰਦੀ ਸ਼ਬਦਾਵਲੀ, ਕਦੇ ਸਿੱਧੁ ਤੇ ਬਿਕਰਮ ਮਜੀਠੀਆ ਵਿਚਾਲੇ ਤੂੰ-ਤੂੰ ਮੈਂ-ਮੈਂ ਅਤੇ 'ਨਿਕਲ ਬਾਹਰ', 'ਮੈਂ ਤੈਨੂੰ ਦੇਖਾਂਗਾ' ਅਤੇ ਹੋਰ ਗ਼ੈਰ-ਲੋਕਤੰਤਰਿਕ ਸ਼ਬਦਾਂ ਤੋਂ ਵੀ ਪਰੇ ਜਾ ਕੇ ਹੇਠਲੇ ਪੱਧਰ ਦੀ ਭਾਸ਼ਾ ਵਰਤੀ ਗਈ।ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਦਿਨ ਤਾਂ ਵਿਧਾਨ ਸਭਾ ਨੂੰ 'ਲਾਫ਼ਟਰ ਸ਼ੋਅ' ਵਾਂਗ 'ਠੋਕੋ ਤਾਲੀ' ਵਰਗੀ ਭਾਸ਼ਾ ਵਰਤ ਕੇ ਮਜ਼ਾਕ ਬਣਾਉਂਦੇ ਰਹੇ, ਪਰ ਅੱਜ ਤਾਂ ਮੁੱਖ ਮੰਤਰੀ ਦੀ ਹਾਜ਼ਰੀ 'ਚ ਨਾਲ ਦੀ ਸੀਟ ਤੋਂ ਟੱਪ-ਟੱਪ ਕੇ 'ਬਦਮਾਸ਼ੀ' ਵਿਖਾਉਂਦੇ ਨਜ਼ਰ ਆਏ। ਉਨ੍ਹਾਂ ਨੂੰ ਕਈ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਰੋਕਿਆ, ਪਰ ਕੰਟਰੋਲ 'ਚ ਨਹੀਂ ਆਏ। ਬਿਕਰਮ ਮਜੀਠੀਆ ਵੱਲ 'ਥੁੱਕਣ' ਅਤੇ ਗੁੱਸੇ ਨਾਲ ਲਾਲ-ਪੀਲੇ ਹੋ ਕੇ ਸਦਨ 'ਚ ਹੇਠਲੇ ਪੱਧਰ ਦੀ ਹਾਲਤ ਪੈਦਾ ਕਰਨ ਦੇ ਕਾਰਨ ਬਣੇ।ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੋਈ 15 ਵਾਰ ਸਿੱਧੂ ਨੂੰ ਬੈਠਣ ਲਈ ਕਿਹਾ। ਸ਼ਾਂਤ ਹੋਣ ਲਈ ਵਾਸਤਾ ਪਾਇਆ, ਪਰ ਉਨ੍ਹਾਂ ਇਕ ਨਾ ਸੁਣੀ। ਰਾਣਾ ਕੇ.ਪੀ. ਸਿੰਘ ਨੇ ਇਥੋਂ ਤਕ ਕਹਿ ਦਿਤਾ, ''ਮੈਂ ਬੇ-ਵੱਸ ਹਾਂ, ਕੀ ਕਰਾਂ, ਕਾਬੂ 'ਚ ਨਹੀਂ ਰਹਿੰਦੇ।''
ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਦੀ ਝੜਪ ਹੋਈ, ਗਰਮਾਗਰਮੀ ਹੋਈ, ਕਿਉਂਕਿ ਰਾਣਾ ਨੇ 25 ਸਾਲ ਪੁਰਾਣੀ, ਸਖਪਾਲ ਖਹਿਰਾ ਦੇ ਪਿਉ, ਉਸ ਵੇਲੇ ਦੇ ਅਕਾਲੀ ਆਗੂ ਸ. ਸੁਖਜਿੰਦਰ ਸਿੰਘ ਨਾਲ ਕੀਤੀ ਮੁਲਾਕਾਤ ਦੀ ਕਹਾਣੀ ਸੁਣਾਈ, ਜਿਸ 'ਤੇ ਖਹਿਰਾ ਭੜਕ ਗਏ।
Bikram Singh Majithia
ਇਸ 'ਤੇ ਬਿਕਰਮ ਮਜੀਠੀਆ ਨੇ ਸਿੱਧੂ ਜੋੜੀ ਵਲੋਂ ਨਸ਼ਾ ਤਸਕਰੀ ਬਾਰੇ ਲੀਕ ਕੀਤੀ ਐਸ.ਟੀ.ਐਫ. ਰੀਪੋਰਟ ਕਾਰਨ ਮੰਤਰੀ ਸਿੱਧੂ ਵਿਰੁਧ ਮੁੱਖ ਮੰਤਰੀ ਨੂੰ ਐਕਸ਼ਨ ਲੈਣ ਲਈ ਕਿਹਾ।ਸਿਫਰ ਕਾਲ 'ਚ ਹੋਰ ਵੱਡੀ ਖੱਪ ਪਈ, ਜਿਸ ਨਾਲ ਹਾਊਸ ਦੀ ਪਵਿੱਤਰਤਾ ਭੰਗ ਹੋਈ। 'ਆਪ' ਆਗੂ ਅਮਨ ਅਰੋੜਾ ਦਲਿਤਾਂ ਬਾਰੇ ਦਿਤੀ ਰੀਪੋਰਟ 'ਤੇ ਕੁਝ ਬੋਲਣਾਂ ਚਾਹੁੰਦੇ ਸਨ। ਸਪੀਕਰ ਨੇ ਉਨ੍ਹਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੇ ਹੋਏ ਸਮਾਂ ਨਾ ਦਿਤਾ। ਅਮਨ ਅਰੋੜਾ ਨੇ ਕਿਹਾ ਕਿ ਫਾਲਤੂ ਦੇ ਰੌਲੇ ਵਿਚ ਪੌਣਾ ਘੰਟ ਖ਼ਰਾਬ ਹੋ ਗਿਆ, ਪਰ ਜਦੋਂ ਕੰਮ ਦੀ ਗੱਲ ਕਰਨੀ ਹੁੰਦੀ ਹੈ ਤਾਂ ਸਮਾਂ ਨਹੀਂ ਦਿਤਾ ਜਾਂਦਾ। ਗੁੱਸੇ ਹੋ ਕੇ 'ਆਪ' ਦੇ ਵਿਧਾਇਕ ਸਰਕਾਰ ਵਿਰੁਧ ਨਾਹਰੇ ਲਗਾਉਂਦੇ ਹੋਏ ਵਾਕਆਊਟ ਕਰ ਗਏ।ਮਗਰੋਂ ਮੁੱਖ ਮੰਤਰੀ ਵਲੋਂ ਅੰਗਰੇਜ਼ੀ 'ਚ ਅਪਣਾ ਭਾਸ਼ਨ ਦੇਣ ਕਰ ਕੇ ਬੈਂਸ ਭਰਾ ਵੀ ਨਾਹਰੇ ਲਗਾਉਂਦੇ ਹੋਏ ਹਾਊਸ ਤੋਂ ਬਾਹਰ ਚਲੇ ਗਏ। ਦਰਅਸਲ ਵਿਧਾਨ ਸਭਾ ਦੀਆਂ ਬੈਠਕਾਂ 'ਚ ਮੁੱਦਿਆਂ 'ਤੇ ਚਰਚਾ ਘੱਟ ਹੋਈ ਅਤੇ ਅੱਜ ਦੀ ਬੈਠਕ 'ਚ ਤਾਂ ਸਾਰਾ ਕੁਝ ਮੁੱਖ ਮੰਤਰੀ ਦੇ ਸਾਹਮਣੇ ਵਾਪਰਿਆ। ਕਾਂਗਰਸੀ ਵਿਧਾਇਕਾਂ, ਆਪ ਅਤੇ ਅਕਾਲੀ ਦਲ ਦੇ ਮੈਂਬਰਾਂ ਵਿਚਲੇ ਤਿਕੌਣ ਬਣ ਗਈ ਸੀ। ਇਕ-ਦੂਜੇ ਨੂੰ 'ਰਲੇ ਹੋਏ' ਜਾਂ 'ਦੋਸਤਾਨਾ ਮੈਚ' ਖੇਡਣ ਦਾ ਨਾਮ ਦੇ ਰਹੇ ਸਨ।