
ਕੈਪਟਨ ਦੀ ਵਾਅਦਾਖ਼ਿਲਾਫ਼ੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੌਸਲੇ ਕੀਤੇ ਪਸਤ
ਚੰਡੀਗੜ੍ਹ : ਸਮੇਂ-ਸਮੇਂ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਅਤ ਅਤੇ ਨੀਤੀਆਂ ਨੇ ਦੇਸ਼ ਦੇ ਅੰਨਦਾਤਾ ਨੂੰ ਮੌਤ ਦੇ ਮੂੰਹ ਵੱਲ ਧੱਕ ਦਿੱਤਾ ਹੈ। ਜਿੰਨੀ ਦੇਰ ਕੇਂਦਰ ਅਤੇ ਸੂਬਾ ਸਰਕਾਰਾਂ ਖੇਤੀ ਪੱਖੀ ਨੀਤੀਆਂ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕਰਦੀਆਂ ਉਨ੍ਹਾਂ ਚਿਰ ਕਿਸਾਨ ਖ਼ੁਦਕੁਸ਼ੀਆਂ ਦਾ ਸਿਲਸਿਲਾ ਰੁਕਣਾ ਸੰਭਵ ਨਹੀਂ ਲੱਗ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਮੌਕੇ ਜਿਹੜੇ ਵਾਅਦੇ ਕਿਸਾਨਾਂ ਨਾਲ ਕੀਤੇ ਸਨ ਉਹ ਵਫ਼ਾ ਨਾ ਕਰ ਕੇ ਕਿਸਾਨਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ। ਹਰ ਰੋਜ਼ ਸੁਰਖ਼ੀਆਂ ਬਣ ਰਹੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਮੱਥੇ 'ਤੇ ਕਲੰਕ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ।
ਚੀਮਾ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਰੋਜ਼ਾਨਾ ਹੋ ਰਹੀ ਕਿਸਾਨਾਂ ਦੀ ਮੌਤ ਦਾ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਕੈਪਟਨ ਨੇ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਪੰਜਾਬ ਦੀ ਜਨਤਾ ਸਮੇਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ ਮੁਕਤ ਅਤੇ ਆਰਥਕ ਪੱਖੋਂ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ, ਪਰ ਅਫ਼ਸੋਸ ਕੈਪਟਨ ਦੀ ਸਰਕਾਰ ਬਣੇ ਨੂੰ 2 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਇੱਕ ਵੀ ਵਾਅਦਾ ਤਾਂ ਕਿ ਪੂਰਾ ਕਰਨਾ ਸੀ ਬਲਕਿ ਕਿਸਾਨ ਦਾ ਕਰਜ਼ ਮਾਫ਼ ਕਰਨ ਦੇ ਨਾਮ 'ਤੇ ਸਰਕਾਰੀ ਖ਼ਜ਼ਾਨੇ ਦੇ ਪੈਸੇ ਨਾਲ ਕਿਸਾਨ ਕਰਜ਼ ਮਾਫ਼ੀ ਯੋਜਨਾ ਦੇ ਨਾਮ 'ਤੇ ਸਮਾਗਮਾਂ ਦਾ ਆਯੋਜਨ ਕਰ ਕੇ ਕਿਸਾਨਾਂ ਨਾਲ ਇੱਕ ਭੱਦਾ ਮਜ਼ਾਕ ਕੀਤਾ ਹੈ।
Farmers suicide
ਚੀਮਾ ਨੇ ਕਿਹਾ ਕਿ ਅੱਜ ਫਿਰ ਮੱਲੀਆਂ ਪਿੰਡ ਦੇ ਇੱਕ ਅੰਮ੍ਰਿਤਧਾਰੀ ਕਿਸਾਨ ਸੁਖਦੇਵ ਸਿੰਘ ਨੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ, ਕਿਉਂਕਿ ਉਸ ਦੇ ਸਿਰ ਕਰੀਬ 25 ਲੱਖ ਰੁਪਏ ਦਾ ਕਰਜ਼ ਸੀ। ਜਿਸ 'ਚ 15 ਲੱਖ ਬੈਂਕਾਂ ਦਾ ਅਤੇ 10 ਲੱਖ ਦੇ ਕਰੀਬ ਆੜ੍ਹਤੀਆਂ ਦਾ ਕਰਜ਼ਾ ਸੀ। ਜੇ ਕੈਪਟਨ ਸਰਕਾਰ ਨੇ ਅਸਲੀਅਤ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੁੰਦਾ ਤਾਂ ਅਜਿਹੀਆਂ ਖ਼ੁਦਕੁਸ਼ੀਆਂ ਦਾ ਰੁਝਾਨ ਇਸ ਖ਼ਤਰਨਾਕ ਸਥਿਤੀ 'ਤੇ ਨਾ ਪਹੁੰਚਦਾ। ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕਿਸਾਨਾਂ ਨਾਲ 2017 ਦੀਆਂ ਚੋਣਾਂ ਸਮੇਂ ਕੀਤੇ ਸਨ ਉਹ ਉਨ੍ਹਾਂ ਨੂੰ ਇਮਾਨਦਾਰੀ ਨਾਲ ਪੂਰਾ ਕਰੇ ਤਾਂ ਕਿ ਕਿਸਾਨਾਂ ਵੱਲੋਂ ਕੀਤੀ ਰਾਹੀ ਖ਼ੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।