
ਕਾਂਗਰਸ ਨੂੰ ਹਟਾਉਣ ਲਈ ਗ਼ਰੀਬੀ ਅਪਣੇ ਆਪ ਦੂਰ ਹੋ ਜਾਵੇਗੀ
ਦੇਹਰਾਦੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਗ਼ਰੀਬਾਂ ਨਾਲ ਗੱਦਾਰੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਗ਼ਰੀਬੀ ਦਾ ਕਾਰਨ ਹੀ ਕਾਂਗਰਸ ਹੈ ਤੇ ਉਸ ਨੂੰ ਹਟਾਉਣ ਨਾਲ ਗ਼ਰੀਬੀ ਆਪਣੇ ਆਪ ਦੂਰ ਹੋ ਜਾਵੇਗੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਉਤਰਾਖੰਡ ਦੇ ਉਧਮ ਸਿੰਘ ਨਗਰ ਜ਼ਿਲ੍ਹੇ ਦੇ ਰੂਦਰਪੁਰ ਵਿਚ 'ਵਿਜੈ ਸੰਕਲਪ ਰੈਲੀ' ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਅਪਣੇ ਸਵਾਰਥ ਲਈ ਸੋਚਣ ਵਾਲੀ ਕਾਂਗਰਸ ਦੂਜਿਆਂ ਦੀ ਚਿੰਤਾ ਨਹੀਂ ਕਰਦੀ ਤੇ ਪਿਛਲੇ 72 ਸਾਲਾਂ ਵਿਚ ਉਸ ਨੇ ਗ਼ਰੀਬਾਂ ਨਾਲ ਗੱਦਾਰੀ ਕੀਤੀ ਹੈ।
ਮੋਦੀ ਨੇ ਕਿਹਾ ਕਿ ਹੁਣ ਦੇਸ਼ ਦਾ ਗ਼ਰੀਬ ਵੀ ਕਹਿ ਰਿਹਾ ਹੈ ਕਿ ਕਾਂਗਰਸ ਹਟਾਉ, ਗ਼ਰੀਬੀ ਅਪਣੇ ਆਪ ਹੱਟ ਜਾਵੇਗੀ। ਜਦ ਤਕ ਕਾਂਗਰਸ ਦੇਸ਼ ਦੇ ਕਿਸੇ ਵੀ ਕੋਨੇ ਵਿਚ ਰਹੇਗੀ, ਉਦੋਂ ਤਕ ਗ਼ਰੀਬੀ ਵੀ ਰਹੇਗੀ। ਗ਼ਰੀਬੀ ਦਾ ਕਾਰਨ ਹੀ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚਾਰ ਪੀੜ੍ਹੀਆਂ ਪਹਿਲਾਂ ਵੀ ਗ਼ਰੀਬੀ ਹਟਾਉਣ ਦਾ ਵਾਅਦਾ ਕੀਤਾ ਸੀ ਤੇ ਹੁਣ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਵੀ ਉਹ ਉਹੀ ਵਾਅਦਾ ਦੁਹਰਾਅ ਰਹੀ ਹੈ।
Poverty in India
ਪ੍ਰਧਾਨ ਮੰਤਰੀ ਨੇ ਇਸ ਵਾਅਦੇ ਨੂੰ ਕਾਂਗਰਸ ਦੇ ਝੂਠ, ਉਸ ਦੀ ਸੋਚ ਅਤੇ ਉਸ ਦੀ ਅਸਫ਼ਲਤਾ ਦਾ ਸੱਭ ਤੋਂ ਵੱਡਾ ਸਬੂਤ ਦਸਦਿਆਂ ਕਿਹਾ ਕਿ ਕਾਂਗਰਸ ਇਸ ਲਈ ਅਸਫ਼ਲ ਰਹੀ ਹੈ ਕਿਉਂਕਿ ਉਹ ਜੋ ਵੀ ਕਰਦੀ ਹੈ, ਉਸ ਵਿਚ ਗੰਭੀਰਤਾ ਨਹੀਂ ਹੁੰਦੀ। ਬਾਲਾਕੋਟ ਵਿਚ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਹੋਈ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਵੀ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਨਾਮਦਾਰਾਂ ਦੇ ਰਾਜਦਰਬਾਰੀ ਕਹਿੰਦੇ ਹਨ ਕਿ ਮੋਦੀ ਨੂੰ ਬਾਲਾਕੋਟ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਦੇਸ਼ ਦੀ ਰਖਿਆ ਤੇ ਸੁਰੱਖਿਆ ਦਾ ਮੁੱਦਾ ਨਹੀਂ ਉਠਾਉਣਾ ਚਾਹੀਦਾ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਡਰਨ ਵਾਲੇ ਸੰਸਕਾਰ ਉਨ੍ਹਾਂ ਦੇ ਚੌਕੀਦਾਰ ਵਿਚ ਨਹੀਂ ਹੈ। ਉਨ੍ਹਾਂ ਵਿਰੋਧੀਆਂ ਤੇ ਦੇਸ਼ ਦੇ ਦੁਸ਼ਮਣਾਂ ਨੂੰ ਕਿਹਾ ਕਿ ਸਾਰੇ ਸੁਣ ਲੈਣ ਕੇ ਉਹ ਡਰਨ ਵਾਲੇ ਨਹੀਂ ਬਲਕਿ ਡਟਣ ਵਾਲੇ ਹਨ। ਡਰਨ ਦਾ ਨਾਂ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਖ਼ੂਨ ਤਾਂ ਵੀ ਨਹੀਂ ਖੌਲਿਆ ਜਦ ਦੇਸ਼ ਦੇ ਵਿਚਾਲੇ ਭਰੀ ਆਬਾਦੀ ਵਿਚ ਦੇਸ਼ ਦੇ ਜਵਾਨਾਂ 'ਤੇ ਹਮਲੇ ਕੀਤੇ। ਮੋਦੀ ਨੇ ਦੋਸ਼ ਲਗਾਇਆ ਕਿ ਜਦ ਦੇਸ਼ ਦੀ ਫ਼ੌਜ ਹਥਿਆਰ, ਲੜਾਕੂ ਜਹਾਜ਼, ਰਾਤ ਨੂੰ ਵੇਖਣ ਲਈ ਕੈਮਰੇ ਤੇ ਜਵਾਨਾਂ ਦੇ ਸਿਰ ਕਲਮ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਇਜਾਜ਼ਤ ਮੰਗਦੀ ਸੀ ਤਾਂ ਕਾਂਗਰਸ ਨੇ ਫ਼ੌਜ ਮੁਖੀ 'ਤੇ ਹੀ ਮੁਕੱਦਮਾ ਕਰ ਦਿਤਾ ਤੇ ਅਫ਼ਵਾਹ ਫੈਲਾ ਦਿਤੀ ਕਿ ਫ਼ੌਜ ਸਰਕਾਰ ਦਾ ਤਖ਼ਤਾ ਪਲਟ ਕਰਨ ਵਾਲੀ ਹੈ।
ਰਾਫ਼ੇਲ ਲੜਾਕੂ ਜਹਾਜ਼ 'ਤੇ ਗੱਲਬਾਤ ਅਟਲ ਬਿਹਾਰੀ ਵਾਜਪੇਈ ਸਰਕਾਰ ਦੇ ਸਮੇਂ ਸ਼ੁਰੂ ਹੋਣ ਦੀ ਗੱਲ ਕਹਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ 10 ਸਾਲ ਤਕ ਇਸ 'ਤੇ ਬੈਠੀ ਰਹੀ ਪਰ ਉਨ੍ਹਾਂ ਦੀ ਸਰਕਾਰ ਨੇ ਹਵਾਈ ਫ਼ੌਜ ਦੀ ਲੋੜ ਨੂੰ ਵੇਖਦੇ ਹੋਏ ਇਸ ਨੂੰ ਅੱਗੇ ਵਧਾਇਆ ਤੇ ਹੁਣ ਅਗਲੇ ਕੁੱਝ ਮਹੀਨਿਆਂ ਵਿਚ ਇਹ ਜਹਾਜ਼ ਭਾਰਤ ਦੀ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਸਾਲ 2014 ਤੋਂ ਪਹਿਲਾਂ ਕਾਂਗਰਸ ਅਤੇ 2017 ਤੋਂ ਪਹਿਲਾਂ ਸੂਬਾ ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਸੜਕਾਂ ਦੀ ਘਾਟ ਤੇ ਖੱਡਿਆਂ ਵਾਲੇ ਹਾਈਵੇਅ ਤੇ ਕਈ ਤਰ੍ਹਾਂ ਦੇ ਘਪਲੇ ਕਰਨ ਵਾਲਿਆਂ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਜਨਤਾ ਜ਼ਰੂਰ ਸਬਕ ਸਿਖਾਏਗੀ। ਮੋਦੀ ਨੇ ਨੈਨੀਤਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਜੈ ਭੱਟ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਦੇ ਮੁੱਦੇ 'ਤੇ ਭੱਟ ਨੂੰ ਦਿਤੀ ਗਈ ਜਨਤਾ ਦੀ ਵੋਟ ਅਸਲ ਵਿਚ ਮੋਦੀ ਨੂੰ ਮਜ਼ਬੂਤ ਕਰੇਗੀ। (ਏਜੰਸੀ)