
ਜਨਰਲ ਜੇਜੇ ਸਿੰਘ ਨੇ ਟਵੀਟ ਜ਼ਰੀਏ ਮੁੱਖ ਮੰਤਰੀ ਨੂੰ ਦਿੱਤਾ ਜਵਾਬ
ਚੰਡੀਗੜ੍ਹ: ਭਾਰਤੀ ਫੌਜ ਦੇ ਸਾਬਕਾ ਮੁਖੀ ਰਹੇ ਜਨਰਲ ਜੋਗਿੰਦਰ ਜਸਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੈਂ ਤਾਂ ਇਕ ਚੋਣ ਹੀ ਹਾਰਿਆ ਹਾਂ ਪਰ ਤੁਸੀਂ ਜ਼ਮੀਰ ਹਾਰ ਚੁੱਕੇ ਹੋ। ਦਰਅਸਲ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਕਿ ਜੇ ਸਿੱਧੂ ਨੂੰ ਮੇਰੇ ਨਾਲ ਲੜਨ ਦਾ ਹੀ ਸ਼ੌਂਕ ਹੈ ਤਾਂ ਪਟਿਆਲਾ ਤੋਂ ਮੇਰੇ ਵਿਰੁੱਧ ਚੋਣ ਲੜ ਕੇ ਦੇਖਣ| ਉਹਨਾਂ ਕਿਹਾ ਕਿ ਜੇਜੇ ਸਿੰਘ ਵਾਂਗ ਤੁਹਾਡੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।
Captain Amarinder Singh
ਮੁੱਖ ਮੰਤਰੀ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਜਨਰਲ ਜੇਜੇ ਸਿੰਘ ਨੇ ਟਵੀਟ ਕੀਤਾ ਹੈ। ਜਨਰਲ ਜੇਜੇ ਸਿੰਘ ਨੇ ਟਵੀਟ ਕਰਦਿਆਂ ਕਿਹਾ, ‘ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਤੁਸੀਂ ਬਾਦਲਾਂ ਨਾਲ ਘਿਓ ਖਿਚੜੀ ਹੋ । 2017 ਦੀਆਂ ਚੋਣਾਂ ਵਿਚ ਬਾਦਲਾਂ ਨੇ ਸਾਜ਼ਸ਼ ਤਹਿਤ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲ਼ੀਕਾਂਡ ਵਿਚ ਕਾਰਵਾਈ ਨਾਂ ਕਰ ਕੇ ਚੁਕਾ ਰਹੇ ਹੋ’।
Captain Amarinder Singh and Sukhbir Badal
ਇਕ ਹੋਰ ਟਵੀਟ ਵਿਚ ਉਹਨਾਂ ਲ਼ਿਖਿਆ, ‘2017 ਵਿਧਾਨ ਸਭਾ ਚੋਣਾਂ (ਪਟਿਆਲਾ ਅਤੇ ਲੰਮੀ) ਫ਼ਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾਂ ਕਦੇ ਤੁਸੀਂ ਵੀ ਪਟਿਆਲ਼ੇ ਤੋਂ ਜ਼ਮਾਨਤ ਜ਼ਬਤ ਕਰਾਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਪਹਿਲੇ ਸਿੱਖ ਆਰਮੀ ਚੀਫ ਰਹੇ ਜਨਰਲ ਜੇਜੇ ਸਿੰਘ ਨੇ ਮੁੱਖ ਮੰਤਰੀ ਨੂੰ ਕਿਹਾ ਕਿ, ‘ਮੈਂ ਤਾਂ ਇਕ ਚੋਣ ਹਾਰਿਆਂ ਹਾਂ ਪਰ ਤੁਸੀਂ ਜ਼ਮੀਰ ਹਾਰ ਚੁੱਕੇ ਹੋ।’
Gen JJ Singh
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਤੇ ਗੋਲੀਕਾਂਡ ਸਬੰਧੀ ਮੁੱਦਿਆਂ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ। ਇਸ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ।