
ਇਸ ਗੱਲ ਦੀ ਚਰਚਾ ਹੁਣ ਸੂਬੇ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਮੀਡੀਆ ’ਚ ਹੋਣ ਲੱਗੀ ਹੈ।
Lok Sabha Elections 2024: ਇਸ ਵਾਰ ਲੋਕ ਸਭਾ ਚੋਣਾਂ ’ਚੋਂ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਨਵਜੋਤ ਸਿੰਘ ਸਿੱਧੂ ਜਿਹੇ ਸੀਨੀਅਰ ਸਿੱਖ ਸਿਆਸੀ ਚਿਹਰੇ ਪੰਜਾਬ ਦੇ ਚੋਣ ਦ੍ਰਿਸ਼ ਤੋਂ ਪੂਰੀ ਤਰ੍ਹਾਂ ਗ਼ਾਇਬ ਹਨ। ਇਸ ਗੱਲ ਦੀ ਚਰਚਾ ਹੁਣ ਸੂਬੇ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਮੀਡੀਆ ’ਚ ਹੋਣ ਲੱਗੀ ਹੈ।
ਐਤਕੀਂ ਪੰਜਾਬ ਦੇ ਜ਼ਿਆਦਾਤਰ ਹਲਕਿਆਂ ’ਚ ਬਹੁ-ਕੋਨੇ ਮੁਕਾਬਲੇ ਹਨ ਤੇ ਅਜਿਹੀ ਹਾਲਤ ’ਚ ਸੀਨੀਅਰ ਆਗੂਆਂ ਦੀ ਗ਼ੈਰ-ਮੌਜੂਦਗੀ ਆਮ ਲੋਕਾਂ ਲੂੰ ਰੜਕ ਰਹੀ ਹੈ। ਇਸ ਵਾਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ’ਚੋਂ ਕੋਈ ਵੀ ਪੰਜਾਬ ਦੀ ਸੱਤਾ ’ਤੇ ਕਾਬਜ਼ ਨਹੀਂ ਹੈ। ਉਨ੍ਹਾਂ ਦੀ ਥਾਂ ਸੱਤਾ ਦੀ ਚਾਬੀ ਹੁਣ ਆਮ ਆਦਮੀ ਪਾਰਟੀ ਕੋਲ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ 28 ਸਾਲਾਂ ’ਚ ਪਹਿਲੀ ਵਾਰ ਭਾਜਪਾ ਨਾਲ ਗਠਜੋੜ ਤੋਂ ਬਗ਼ੈਰ ਚੋਣ ਲੜ ਰਿਹਾ ਹੈ। ਅਜਿਹੇ ਹਾਲਾਤ ’ਚ ਕੁਝ ਸੀਨੀਅਰ ਆਗੂ ਦੀ ਗ਼ੈਰ-ਮੌਜੂਦਗੀ ਰੜਕਣੀ ਸੁਭਾਵਕ ਹੈ।
ਕਿਸੇ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਸੂਬੇ ਦੀਆਂ ਸਿਆਸੀ ਗਤੀਵਿਧੀਆਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਪਰ ਐਤਕੀਂ ਉਨ੍ਹਾਂ ਕਿਸੇ ਵੀ ਚੋਣ ਰੈਲੀ ’ਚ ਭਾਗ ਨਹੀਂ ਲਿਆ। ਪਰਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਦੀ ਤਬੀਅਤ ਠੀਕ ਨਹੀਂ ਹੈ ਤੇ ਉਹ ਦਿੱਲੀ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ।
ਉਧਰ ਨਵਜੋਤ ਸਿੰਘ ਸਿੱਧੂ ਵੀ ਕਿਸੇ ਚੋਣ ਰੈਲੀ ’ਚ ਵਿਖਾਈ ਨਹੀਂ ਦਿਤੇ। ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਵਿਚ ਰੁਝੇ ਰਹੇ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਵੀ ਮੌਜੂਦਾ ਲੋਕ ਸਭਾ ਚੋਣਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਭਾਗ ਨਹੀਂ ਲਿਆ। ਉਂਝ ਅੱਜ ਸੋਮਵਾਰ ਨੂੰ ਉਨ੍ਹਾਂ ਅਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਨਾਰਾਜ਼ਗੀ ਦਾ ਇਜ਼ਹਾਰ ਜ਼ਰੂਰ ਕਰ ਦਿਤਾ ਹੈ। ਦਰਅਸਲ, ਉਹ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ’ਚੋਂ ਕਢੇ ਜਾਣ ਤੋਂ ਖ਼ਫ਼ਾ ਵਿਖਾਈ ਦੇ ਰਹੇ ਹਨ।