
ਕਾਂਗਰਸ ਨੇ ਜਾਰੀ ਕੀਤਾ ਆਪਣਾ ਚੋਣ ਮਨੋਰਥ ਪੱਤਰ
ਨਵੀਂ ਦਿੱਲੀ, 29 ਜਨਵਰੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਕਾਂਗਰਸ ਨੇ ਬੁਧਵਾਰ ਨੂੰ ਅਪਣਾ ਚੋਣ ਐਲਾਨਨਾਮਾ ਜਾਰੀ ਕੀਤਾ, ਜਿਸ ’ਚ ਕੌਮੀ ਰਾਜਧਾਨੀ ’ਚ ਸੱਤਾ ’ਚ ਆਉਣ ’ਤੇ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਉਣ ਅਤੇ ਪੂਰਵਾਂਚਲੀਆਂ ਲਈ ਮੰਤਰਾਲਾ ਸਥਾਪਤ ਕਰਨ ਸਮੇਤ ਕਈ ਵਾਅਦੇ ਕੀਤੇ ਗਏ ਹਨ।
ਚੋਣ ਐਲਾਨਨਾਮੇ ’ਚ ਦਿੱਲੀ ’ਚ ਔਰਤਾਂ ਨੂੰ 2,500 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ, 300 ਯੂਨਿਟ ਤਕ ਮੁਫਤ ਬਿਜਲੀ ਅਤੇ 500 ਰੁਪਏ ਪ੍ਰਤੀ ਐਲ.ਪੀ.ਜੀ. ਸਿਲੰਡਰ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਕਾਂਗਰਸ ਨੇ ਦਿੱਲੀ ’ਚ 25 ਲੱਖ ਰੁਪਏ ਤਕ ਦੇ ਮੁਫਤ ਸਿਹਤ ਬੀਮੇ ਅਤੇ ਮੁਫਤ ਰਾਸ਼ਨ ਕਿੱਟਾਂ ਦੀ ਵੀ ਗਰੰਟੀ ਦਿਤੀ ਹੈ।ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਪ੍ਰਦੇਸ਼ ਕਾਂਗਰਸ ਪ੍ਰਧਾਨ ਦੇਵੇਂਦਰ ਯਾਦਵ ਅਤੇ ਪਾਰਟੀ ਦੇ ਕੁੱਝ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਚੋਣ ਐਲਾਨਨਾਮਾ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ, ‘‘ਅੱਜ ਸਾਰੀਆਂ ਪਾਰਟੀਆਂ ‘ਗਰੰਟੀ’ ਸ਼ਬਦ ਦੀ ਵਰਤੋਂ ਕਰ ਰਹੀਆਂ ਹਨ ਪਰ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਕਰਨਾਟਕ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਕੀਤੀ ਸੀ। ਅਸੀਂ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਕਾਂਗਰਸ ਪਾਰਟੀ ਉਹੀ ਕਰਦੀ ਹੈ ਜੋ ਉਹ ਕਹਿੰਦੀ ਹੈ।’’
ਮੈਨੀਫੈਸਟੋ ’ਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜੁਆਨਾਂ ਨੂੰ ਇਕ ਸਾਲ ਲਈ 8,500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਪਾਰਟੀ ਨੇ ਦਿੱਲੀ ’ਚ 100 ‘ਇੰਦਰਾ ਕੰਟੀਨ’ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਦਿਤਾ ਹੈ ਜੋ 5 ਰੁਪਏ ’ਚ ਖਾਣਾ ਪ੍ਰਦਾਨ ਕਰੇਗੀ।
ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਬੁਧਵਾਰ ਨੂੰ ਜਾਰੀ ਅਪਣੇ ਚੋਣ ਐਲਾਨਨਾਮੇ ’ਚ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ’ਚ ਆਉਂਦੀ ਹੈ ਤਾਂ ਉਹ ਮਜ਼ਬੂਤ ਲੋਕਪਾਲ ਬਿਲ ਲਿਆਏਗੀ। ਇਸ ਨੇ ਦਿੱਲੀ ’ਚ ‘ਸ਼ਰਾਬ ਘਪਲੇ’, ‘ਦਿੱਲੀ ਜਲ ਬੋਰਡ ਘਪਲੇ’ ਅਤੇ ‘ਦਿੱਲੀ ਸਿਹਤ ਘਪਲੇ’ ਦੀ ਪੂਰੀ ਜਾਂਚ ਯਕੀਨੀ ਬਣਾਉਣ ਦਾ ਵੀ ਵਾਅਦਾ ਕੀਤਾ।70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 5 ਫ਼ਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਫ਼ਰਵਰੀ ਨੂੰ ਹੋਵੇਗੀ। (ਪੀਟੀਆਈ)