
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ ਜ਼ਿਮੀਂਦਾਰ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ
ਸੰਗਰੂਰ, 5 ਅਗੱਸਤ (ਗੁਰਦਰਸ਼ਨ ਸਿੰਘ ਸਿੱਧੂ/ਲਖਵੀਰ ਸਿੰਘ ਧਾਂਦਰਾ) : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ ਜ਼ਿਮੀਂਦਾਰ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨਾਂ ਭੰਗ ਹੋਣ ਕਾਰਨ ਹੁਣ ਟਰੱਕ ਆਪ੍ਰੇਟਰ ਵੀ ਖ਼ੁਦਕੁਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਿੱਖ ਜ਼ਿਮੀਂਦਾਰ ਖੇਤ ਮਜ਼ਦੂਰ ਨੂੰ ਇਕ ਵਕਤ ਦੀ ਰੋਟੀ ਖਵਾਉਂਦਾ ਹੈ ਤਾਂ ਇਸ ਵਿਚ ਕੁੱਝ ਗ਼ਲਤ ਨਹੀਂ ਕਿਉਂਕਿ ਇਕ ਸਿੱਖ ਦਾ ਫ਼ਰਜ਼ ਲੰਗਰ ਛਕਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਵੀ ਖ਼ਤਰੇ ਵਿਚ ਪੈ ਗਈ ਹੈ, ਇਸ ਦਾ ਖ਼ਾਮਿਆਜ਼ਾ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਕਰ ਕੇ ਪੰਜਾਬ ਵਿਚੋਂ ਅਪਣੇ ਕਾਰੋਬਾਰ ਬੰਦ ਕਰ ਕੇ ਬਾਹਰਲੇ ਸੂਬਿਆਂ ਨੂੰ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਅਕਾਲੀ ਦਲ (ਅ) ਅਤੇ ਸਿੱਖ ਜਥੇਬੰਦੀਆਂ 10 ਅਗੱਸਤ ਨੂੰ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮਨਾਉਣ ਜਾ ਰਹੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਕਾਲਾਬੂਲਾ, ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿਘ ਰਾਮਪੁਰਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਜੰਟ ਸਿੰਘ ਕੱਟੂ, ਬਾਬਾ ਹਰਬੰਸ ਸਿੰਘ ਜੈਨਪੁਰਾ, ਬਾਬਾ ਗੁਰਨਾਮ ਸਿੰਘ ਭਿੰਡਰ, ਜਗਦੇਵ ਸਿੰਘ, ਭਾਈ ਬਚਿੱਤਰ ਸਿੰਘ ਅਤੇ ਸਿੱਖ ਜਥੇਬੰਦੀ ਦੇ ਆਗੂ ਹਾਜ਼ਰ ਸਨ।