
ਉਸ ਵਿਅਕਤੀ ਦਾ ਸਮਰਥਨ ਕਰੋ ਜੋ ਲਗਨ ਅਤੇ ਮਿਹਨਤ ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਸਿੱਖਿਆ ਲਈ ਕੰਮ ਕਰਨਾ ਚਾਹੁੰਦਾ ਹੈ : ਰਾਜਾ ਵੜਿੰਗ
ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਅਤੇ ਪੰਜਾਬ ਦੀਆਂ ਧੀਆਂ ਦੀ ਸ਼ਗਨ ਸਕੀਮ ਨੂੰ ਬੰਦ ਕਰਨ ਦੇ ਔਰਤ ਵਿਰੋਧੀ ਫ਼ੈਸਲੇ ਦੀ ਨਿਖੇਧੀ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਮਹਿਲਾ ਵੋਟਰਾਂ ਨੂੰ ਪ੍ਰੋ: ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ਤਾਂ ਜੋ ਜਲੰਧਰ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਜਾ ਸਕੇ।
ਸਮਾਜ ਦੀ ਤਰੱਕੀ ਲਈ ਸਿੱਖਿਆ ਦੇ ਮਹੱਤਵ ਦੀ ਵਕਾਲਤ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਪਾਰਟੀ ਨੇ ਉਸ ਉਮੀਦਵਾਰ ਨੂੰ ਨਾਮਜ਼ਦ ਕੀਤਾ ਹੈ ਜੋ ਨਾ ਸਿਰਫ ਉੱਚ ਸਿੱਖਿਆ ਪ੍ਰਾਪਤ ਹੈ, ਸਗੋਂ ਸਿੱਖਿਆ ਨੀਤੀ ਅਤੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਤਜਰਬਾ ਰੱਖਦਾ ਹੈ। ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ, ਪ੍ਰੋ ਕਰਮਜੀਤ ਕੌਰ ਚੌਧਰੀ ਜੀ ਜਲੰਧਰ ਜ਼ਿਮਨੀ ਚੋਣ ਲਈ ਇੱਕ ਆਦਰਸ਼ ਉਮੀਦਵਾਰ ਹਨ ਤੇ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦਾ ਲਗਾਓ, ਉਨ੍ਹਾਂ ਨੂੰ ਹਲਕੇ ਦੀ ਤਰੱਕੀ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਸਿੱਖਿਆ ਲਈ ਕੰਮ ਕਰਨ ਲਈ ਹੋਰ ਉਤਸ਼ਾਹਿਤ ਕਰਦਾ ਹੈ।
ਰਾਜਾ ਵੜਿੰਗ ਨੇ ਆਪਣੀ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਤੁਸੀਂ ਇੱਕ ਔਰਤ ਨੂੰ ਸਿੱਖਿਅਤ ਕਰਦੇ ਹੋ, ਤਾਂ ਤੁਸੀਂ ਇੱਕ ਰਾਸ਼ਟਰ ਨੂੰ ਸਿੱਖਿਅਤ ਕਰਦੇ ਹੋ। ਪ੍ਰੋ. ਚੌਧਰੀ ਦਾ ਸਿੱਖਿਆ ਪ੍ਰਤੀ ਸਮਰਪਣ, ਲੋਕ ਸੇਵਾ ਪ੍ਰਤੀ ਵਚਨਬੱਧਤਾ ਅਤੇ ਔਰਤਾਂ, ਖਾਸ ਤੌਰ 'ਤੇ ਪਛੜੇ ਵਰਗ ਲਈ ਕੰਮ ਕਰਨ ਅਤੇ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦਾ ਜੋਸ਼, ਉਨ੍ਹਾਂ ਨੂੰ ਆਦਰਸ਼ ਉਮੀਦਵਾਰ ਬਣਾਉਂਦਾ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਮਾਮਲਾ: ਦਿੱਲੀ ਦੇ ਉਪ ਰਾਜਪਾਲ ਨੇ ਖ਼ਰਚੇ ਦਾ ਰਿਕਾਰਡ ਸੁਰੱਖਿਅਤ ਰੱਖਣ ਦੇ ਦਿੱਤੇ ਹੁਕਮ
ਪੀਪੀਸੀ ਪ੍ਰਧਾਨ ਨੇ ਜਲੰਧਰ ਵਿੱਚ ਸੰਸਦ ਮੈਂਬਰ (ਸਵਰਗੀ) ਸੰਤੋਖ ਸਿੰਘ ਚੌਧਰੀ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ, ਮੈਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਕ ਮਹਿਲਾ ਸੰਸਦ ਮੈਂਬਰ ਨੂੰ ਵੋਟ ਦੇਣ, ਜਿਸ ਦੇ ਪਤੀ ਨੇ ਪਿਛਲੇ 9 ਸਾਲਾਂ ਤੋਂ ਸੰਸਦ ਵਿੱਚ ਹਲਕੇ ਦੀ ਨੁਮਾਇੰਦਗੀ ਕੀਤੀ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਅਤੇ ਬਹਿਸ ਕੀਤੀ।
ਸੂਬਾ ਪ੍ਰਧਾਨ ਨੇ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ ਵਿਧਵਾ ਪੈਨਸ਼ਨ ਬੰਦ ਕਰਕੇ ਸੂਬੇ ਦੀਆਂ ਵਿਧਵਾਵਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕੀਤਾ, ਸ਼ਗਨ ਸਕੀਮ ਬੰਦ ਕਰਕੇ ਗਰੀਬਾਂ 'ਤੇ ਬੋਝ ਪਾਇਆ, ਔਰਤਾਂ ਨੂੰ 1000 ਰੁਪਏ ਦੇਣ ਤੋਂ ਮੁੱਕਰੇ ਅਤੇ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੇ, ਇਨ੍ਹਾਂ ਨੂੰ ਸੂਬੇ ਦੀਆਂ ਔਰਤਾਂ ਤੋਂ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਜਲੰਧਰ 'ਚ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਧੋਖੇਬਾਜ਼ਾਂ ਦੇ ਝਾਂਸੇ 'ਚ ਨਾ ਆਉਣ ਅਤੇ ਬਦਲਾਅ ਦੇ ਨਾਂ 'ਤੇ ਪੰਜਾਬੀਆਂ ਨਾਲ ਧੋਖਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ।