
ਹੁਣ ਬਾਗ਼ੀ ਧੜੇ ਵਲੋਂ ਅਪਨਾਈ ਸੁਰਜੀਤ ਕੌਰ ਤੋਂ ਬਸਪਾ ਨੂੰ ਵੱਧ ਵੋਟਾਂ ਪੁਆਉਣਾ ਹੋਵੇਗਾ ਸੁਖਬੀਰ ਲਈ ਵੱਡੀ ਚੁਨੌਤੀ
jalandhar by poll: ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਅਕਾਲੀ ਦਲ ਦੀ ਚੱਲ ਰਹੀ ਧੜੇਬੰਦਕ ਲੜਾਈ ਦਰਮਿਆਨ ਜਲੰਧਰ (ਵੈਸਟ) ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਐਲਾਨੇ ਪਾਰਟੀ ਉਮੀਦਵਾਰ ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈਣ ਅਤੇ ਅਕਾਲੀ ਦਲ ਵਲੋਂ ਤਕੜੀ ਦੀ ਥਾਂ ਹਾਥੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੀ ਕੀਤੀ ਹਮਾਇਤ ਦਾ ਮੁੱਦਾ ਸਿਆਸੀ ਹਲਕਿਆਂ ’ਚ ਚਰਚਾ ਦਾ ਕੇਂਦਰ ਬਣਿਆ ਹੋਇਆ।
ਇਸ ਕਾਰਨ ਇਹ ਜ਼ਿਮਨੀ ਚੋਣ ਹੁਣ ਕਾਫ਼ੀ ਦਿਲਚਸਪ ਬਣ ਜਾਵੇਗੀ। ਸਿਆਸੀ ਹਲਕਿਆਂ ’ਚ ਇਕ ਚਰਚਾ ਇਹ ਹੈ ਕਿ ਸੁਖਬੀਰ ਬਾਦਲ ਤੋਂ ਉਸ ਦੇ ਕੁੱਝ ਸਲਾਹਕਾਰਾਂ ਨੇ ਗ਼ਲਤ ਸਲਾਹ ਦੇ ਕੇ ਇਹ ਫ਼ੈਸਲਾ ਕਰਵਾਇਆ ਹੈ ਪਰ ਇਕ ਚਰਚਾ ਹੈ ਕਿ ਅਮਲ ’ਚ ਹੁਣ ਅਕਾਲੀ ਦਲ ਨੂੰ ਭਾਜਪਾ ਤੋਂ ਕੋਈ ਹੁੰਗਾਰਾ ਨਾ ਮਿਲਦਾ ਦੇਖਦੇ ਆਖ਼ਰ ਮੁੜ ਬਸਪਾ ਨਾਲ ਗਠਜੋੜ ਦਾ ਰਾਹ ਸਾਫ਼ ਕੀਤਾ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਖ਼ਾਲੀ ਹੋਏ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ’ਚ ਦੋਨਾਂ ਪਾਰਟੀਆਂ ਦਾ 3-2 ਦੇ ਫ਼ਾਰਮੂਲੇ ਤਹਿਤ ਨਵਾਂ ਸਮਝੌਤਾ ਹੋਇਆ ਹੈ। ਇਸ ਤਹਿਤ ਜਲੰਧਰ ਵੈਸਟ ਤੋਂ ਬਾਅਦ ਬਾਕੀ ਚਾਰ ਹਲਕਿਆਂ ’ਚੋਂ ਹੁਸ਼ਿਆਰਪੁਰ ਦਾ ਚੱਬੇਵਾਲ ਹਲਕਾ ਬਸਪਾ ਲਈ ਛੱਡਿਆ ਜਾਵੇਗਾ ਜਦਕਿ ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਤੋਂ ਖੁਦ ਅਕਾਲੀ ਦਲ ਚੋਣ ਲੜੇਗੀ।
ਗਿੱਦੜਬਾਹਾ ਤੋਂ ਖੁਦ ਸੁਖਬੀਰ ਬਾਦਲ ਦੇ ਮੈਦਾਨ ’ਚ ਉਤਰਨ ਦੇ ਚਰਚੇ ਹਨ ਅਤੇ ਉਹ ਅਸੈਂਬਲੀ ’ਚ ਦਾਖ਼ਲੇ ਲਈ ਇਹ ਚੋਣ ਲੜਣਾ ਚਾਹੁੰਦੇ ਹਨ।
ਜਲੰਧਰ (ਵੈਸਟ) ਵਿਧਾਨ ਸਭਾ ਹਲਕੇ ਤੋਂ ਅਪਣੇ ਉਮੀਦਵਾਰ ਨੂੰ ਛੱਡ ਕੇ ਬਸਪਾ ਨੂੰ ਸਮਰਥਨ ਦੇਣ ਬਾਅਦ ਹੁਣ ਸੁਖਬੀਰ ਬਾਦਲ ਲਈ ਵੱਡੀ ਚੁਨੌਤੀ ਵੀ ਹੈ। ਜ਼ਿਕਰਯੋਗ ਹੈ ਕਿ ਬਾਗ਼ੀ ਅਕਾਲੀ ਧੜੇ ਨੇ ਸੁਖਬੀਰ ਬਾਦਲ ਵਲੋਂ ਦਰਕਿਨਾਰ ਕੀਤੀ ਗਈ ਪਾਰਟੀ ਉਮੀਦਵਾਰ ਨੂੰ ਅਪਨਾ ਕੇ ਉਸ ਦੀ ਚੋਣ ਮਜ਼ਬੂਤੀ ਨਾਲ ਲੜਣ ਦਾ ਐਲਾਨ ਕੀਤਾ ਹੈ।
ਸੁਖਬੀਰ ਵਿਰੋਧੀ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਭਾਵੇਂ ਜਿੱਤ ਨਾ ਹੋਵੇ ਪਰ ਉਹ ਅਕਾਲੀ ਦਲ ਨੂੰ ਲੋਕ ਸਭਾ ’ਚ ਇਸ ਵਿਧਾਨ ਸਭਾ ਹਲਕੇ ’ਚੋਂ ਮਿਲੀਆਂ ਵੋਟਾਂ ਵਧਾਉਣਗੇ ਅਤੇ ਇਸ ਤਰ੍ਹਾਂ ਹੁੰਦਾ ਹੈ ਤਾਂ ਸੁਖਬੀਰ ਬਾਦਲ ਲਈ ਇਹ ਇਕ ਰਾਏ ਸ਼ੁਮਾਰੀ ਵਾਂਗ ਹੋਵੇਗਾ ਅਤੇ ਅਪਣੇ ਵਿਰੋਧੀ ਗਰੁੱਪ ਦਾ ਮੁਕਾਬਲਾ ਕਰਨਾ ਔਖਾ ਹੋ ਜਾਵੇਗਾ। ਇਹ ਵੀ ਪਤਾ ਲਗਿਆ ਹੈ ਕਿ ਸੁਰਜੀਤ ਕੌਰ ਵਲੋਂ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਖ਼ਾਲਸਾ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਮਦਦ ਦੀ ਕੀਤੀ ਅਪੀਲ ਦਾ ਵੀ ਅਸਰ ਦਿਖਾਈ ਦੇਣ ਲੱਗਾ ਹੈ। ਜਲੰਧਰ ਵਿਧਾਨ ਸਭਾ ਹਲਕੇ ’ਚ ਸਿੱਖ ਵੋਟਰਾਂ ਵਲੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਜ਼ਿਕਰਯੋਗ ਹੈ ਸੁਰਜੀਤ ਕੌਰ ਜੋ ਹੁਣ ਬਾਗ਼ੀ ਗਰੁੱਪ ਦੀ ਹਮਾਇਤ ਨਾਲ ਚੋਣ ਲੜੇਗੀ, ਲੋਕ ਸਭਾ ਚੋਣਾਂ ’ਚ ਉਸ ਦੇ ਵਾਰਡ ’ਚੋਂ ਅਕਾਲੀ ਦਲ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ। ਜਲੰਧਰ ਵੈਸਟ ਵਿਧਾਨ ਸਭਾ ਦੀ ਜ਼ਿਮਨੀ ਚੋਣ ’ਚ ਅਕਾਲੀ ਦਲ ਵਲੋਂ ਤਕੜੀ ਵਾਲੇ ਉਮੀਦਵਾਰ ਦੀ ਥਾਂ ਹਾਥੀ ਨੂੰ ਹਮਾਇਤ ਦੇਣ ’ਤੇ ਹੋਰ ਪਾਰਟੀਆਂ ਵੀ ਤਿੱਖੇ ਵਿਅੰਗ ਕਸ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੀਤੇ ਦਿਨ ਕਿਹਾ ਸੀ ਕਿ ਅਜੀਬ ਗੱਲ ਹੈ ਕਿ ਅਕਾਲੀ ਦਲ ਤਕੜੀ ਵਾਲੇ ਉਮੀਦਵਾਰ ਦੇ ਵਿਰੁਧ ਹਾਥੀ ਲਈ ਪ੍ਰਚਾਰ ਕਰੇਗਾ। ਜਲੰਧਰ ਜ਼ਿਮਨੀ ਚੋਣ ’ਚ ਭਾਵੇਂ ਨਤੀਜਾ ਕਿਸੇ ਦੇ ਵੀ ਹੱਕ ’ਚ ਹੋਵੇ ਪਰ ਇਥੇ ਹੁਣ ਬਾਦਲ ਦਲ ਤੇ ਬਸਪਾ ਦੇ ਉਮੀਦਵਾਰ ਦਾ ਬਾਗ਼ੀ ਅਕਾਲੀ ਗਰੁੱਪ ਵਲੋਂ ਅਪਨਾਈ ਉਮੀਦਵਾਰ ਸੁਰਜੀਤ ਕੌਰ ਦਰਮਿਆਨ ਮੁਕਾਬਲਾ ਤੇ ਦੋਨਾਂ ਨੂੰ ਪੈਣ ਵਾਲੀਆਂ ਵੋਟਾਂ ’ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।