ਰਵਨੀਤ ਬਿੱਟੂ ਬੋਲੇ : ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਕੀਤੀ ਜਾ ਰਹੀ ਹੈ ਤਿਆਰੀ
ਲੁਧਿਆਣਾ : ਲੁਧਿਆਣਾ ’ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫੇਸਲੈੱਸ ਆਰ.ਟੀ.ਓ. ਸਰਵਿਸ ਦੀ ਸ਼ੁਰੂਆਤ ਕੀਤੀ ਗਈ ਹੈ। ਸੀ.ਐਮ. ਮਾਨ ਤੇ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀ.ਐਮ. ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਘਰ ਬੈਠੇ ਹੀ ਆਰ.ਟੀ.ਓ. ਨਾਲ ਜੁੜੇ ਸਾਰੇ ਕੰਮ ਹੋਣਗੇ। ਘਰ ਬੈਠੇ ਡੀ.ਐਲ. ਤੇ ਆਰ.ਸੀ. ਨਾਲ ਸੰਬੰਧਿਤ 56 ਸੇਵਾਵਾਂ ਮਿਲਣਗੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਈ.ਕੇ.ਵਾਈ.ਸੀ. ਜ਼ਰੀਏ ਤੁਰੰਤ ਲਰਨਿੰਗ ਲਾਇਸੈਂਸ ਜਾਰੀ ਹੋਵੇਗਾ।
ਉਧਰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫੇਸਲੈਸ ਆਰ.ਟੀ.ਓ. ਸਰਵਿਸ ਨੂੰ ਪੰਜਾਬ ਦੀ ਜਨਤਾ ਨਾਲ ਹੋਇਆ ਸਭ ਤੋਂ ਵੱਡਾ ਰਾਜਨੀਤਿਕ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਚ ਆਰ.ਟੀ.ਓ. ਦਫ਼ਤਰ ਨੂੰ ਤਾਲਾ ਲਾਉਣਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਕ ਪ੍ਰਚਾਰ ਸਟੰਟ ਤੋਂ ਵੱਧ ਕੁੱਝ ਨਹੀਂ ਹੈ। ਅਸਲ ਵਿਚ, ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਸ਼ਹਿਰ ਦੇ ਮੁੱਖ ਖੇਤਰ ਵਿਚ ਪਈ ਇਸ ਜਾਇਦਾਦ ਦਾ ਨਿਰੀਖਣ ਕਰਵਾ ਰਹੇ ਹਨ, ਜਿਸ ਨੂੰ ਬਾਅਦ ਵਿਚ ਦਿੱਲੀ ਦੀ ‘ਆਪ’ ਲੀਡਰਸ਼ਿਪ ਜਲਦੀ ਹੀ ਵੇਚ ਸਕੇ। ਦਫਤਰ ਨੂੰ ਤਾਲਾ ਲਾਉਣ ਦੀ ਕਾਰਵਾਈ ਮੁੜ ਸਰਕਾਰੀ ਜਾਇਦਾਦਾਂ ਨੂੰ ਇਸ ਨਿਕੰਮੀ ਸਰਕਾਰ ਵੱਲੋਂ ਵੇਚਣ ਦੀ ਤਿਆਰੀ ਹੈ।
