
ਜੋ ਚੌਕੀਦਾਰ 2019 ’ਚ ਉਨ੍ਹਾਂ ਲਈ ‘ਚੋਰ’ ਸੀ, ਉਹ 2024 ਤਕ ‘ਈਮਾਨਦਾਰ’ ਬਣ ਗਿਆ : ਪ੍ਰਧਾਨ ਮੰਤਰੀ ਮੋਦੀ
ਭੁਵਨੇਸ਼ਵਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਵਿਰੋਧੀ ਪਾਰਟੀਆਂ ’ਤੇ ਸੱਤਾ ਹਾਸਲ ਕਰਨ ਲਈ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ‘ਸੱਤਾ ਦੇ ਭੁੱਖੇ’ ਇਹ ਲੋਕ ਸਿਰਫ ਲੋਕਾਂ ਨਾਲ ਝੂਠ ਬੋਲ ਰਹੇ ਹਨ।
ਉਨ੍ਹਾਂ ਨੇ ਰਾਫੇਲ ਜਹਾਜ਼ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ‘ਚੌਕੀਦਾਰ ਚੋਰ ਹੈ’ ਮੁਹਿੰਮ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ‘ਚੌਕੀਦਾਰ’ 2019 ’ਚ ਉਨ੍ਹਾਂ ਲਈ ‘ਚੋਰ’ ਸੀ, ਉਹ ਸਾਲ 2024 ਤਕ ‘ਈਮਾਨਦਾਰ’ ਬਣ ਗਿਆ ਅਤੇ ਹੁਣ ਉਹ ਚੌਕੀਦਾਰ ਨੂੰ ਇਕ ਵਾਰ ਵੀ ਚੋਰ ਨਹੀਂ ਕਹਿ ਸਕਦੇ।
ਉਨ੍ਹਾਂ ਕਿਹਾ, ‘‘ਉਨ੍ਹਾਂ (ਵਿਰੋਧੀ ਧਿਰ) ਦਾ ਉਦੇਸ਼ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਕਿਸੇ ਤਰ੍ਹਾਂ ਸੱਤਾ ’ਤੇ ਕਬਜ਼ਾ ਕਰਨਾ ਹੈ ਤਾਂ ਜੋ ਦੇਸ਼ ਨੂੰ ਲੁੱਟਿਆ ਜਾ ਸਕੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਣਾਂ ’ਚ ਹਾਰ ਨੇ ਵਿਰੋਧੀ ਪਾਰਟੀਆਂ ਦੇ ਅੰਦਰ ਇੰਨਾ ਗੁੱਸਾ ਭਰ ਦਿਤਾ ਹੈ ਕਿ ਉਨ੍ਹਾਂ ਨੇ ਹੁਣ ਦੇਸ਼ ਵਿਰੁਧ ‘ਸਾਜ਼ਸ਼ ਰਚਣਾ’ ਸ਼ੁਰੂ ਕਰ ਦਿਤਾ ਹੈ ਅਤੇ ਲੋਕਾਂ ’ਤੇ ਅਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿਤਾ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਓਡੀਸ਼ਾ ਇਕਾਈ ਵਲੋਂ ਕਰਵਾਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਉਨ੍ਹਾਂ ਦੀ ਝੂਠ ਅਤੇ ਅਫਵਾਹਾਂ ਦੀ ਦੁਕਾਨ ਪਿਛਲੇ 50-60 ਸਾਲਾਂ ਤੋਂ ਚੱਲ ਰਹੀ ਹੈ। ਹੁਣ ਉਨ੍ਹਾਂ ਨੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰ ਦਿਤਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਉਨ੍ਹਾਂ ਦਾ ਇਕੋ ਇਕ ਉਦੇਸ਼ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਕਿਸੇ ਤਰ੍ਹਾਂ ਸੱਤਾ ’ਤੇ ਕਬਜ਼ਾ ਕਰਨਾ ਹੈ ਤਾਂ ਜੋ ਦੇਸ਼ ਨੂੰ ਲੁੱਟਿਆ ਜਾ ਸਕੇ।’’ ਉਨ੍ਹਾਂ ਨੇ ਵਿਰੋਧੀ ਧਿਰ ਦੀਆਂ ਕਾਰਵਾਈਆਂ ਨੂੰ ‘ਬਹੁਤ ਵੱਡੀ ਚੁਨੌਤੀ’ ਦਸਿਆ ਅਤੇ ਦੇਸ਼ ਵਾਸੀਆਂ ਨੂੰ ਹਰ ਪਲ ਚੌਕਸ ਅਤੇ ਜਾਗਰੂਕ ਰਹਿਣ ਦਾ ਸੱਦਾ ਦਿਤਾ।